ਤਕਨਾਲੋਜੀ ਦੇ ਜਮਹੂਰੀਕਰਨ ਲਈ ਕੰਮ ਜਾਰੀ: ਮੋਦੀ

ਤਕਨਾਲੋਜੀ ਦੇ ਜਮਹੂਰੀਕਰਨ ਲਈ ਕੰਮ ਜਾਰੀ: ਮੋਦੀ

91 ਐੱਫਐੱਮ ਟਰਾਂਸਮੀਟਰਾਂ ਦਾ ਵਰਚੁਅਲ ਉਦਘਾਟਨ, ਨਵੇਂ ਟਰਾਂਸਮੀਟਰਾਂ ਨਾਲ ਰੇਡੀਓ ਸਨਅਤ ’ਚ ਇਨਕਲਾਬ ਆਉਣ ਦਾ ਦਾਅਵਾ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 91 ਐੱਫਐੱਮ ਟਰਾਂਸਮੀਟਰਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਨ੍ਹਾਂ ਨਵੇਂ ਟਰਾਂਸਮੀਟਰਾਂ ਨਾਲ ਰੇਡੀਓ ਸਨਅਤ ਵਿੱਚ ਇਨਕਲਾਬ ਆੲੇਗਾ। ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਤਕਨਾਲੋਜੀ ਦੇ ਜਮਹੂਰੀਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਆਪਣੀ ਪੀੜ੍ਹੀ ਦੀ ਰੇਡੀਓ ਨਾਲ ਭਾਵੁਕ ਸਾਂਝ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸੰਚਾਰ ਦੇ ਇਸ ਸਾਧਨ ਨਾਲ ਮੇਜ਼ਬਾਨ ਵਜੋਂ ਜੁੜੇ ਰਹੇ ਹਨ। ਉਨ੍ਹਾਂ ਰੇਡੀਓ ’ਤੇ ਪ੍ਰਸਾਰਿਤ ਹੁੰਦੇ ਆਪਣੇ ਮਾਸਿਕ ਪ੍ਰੋਗਰਾਮ ‘ਮਨ ਕੀ ਬਾਤ’ ਦਾ ਹਵਾਲਾ ਦਿੱਤਾ, ਜਿਸ ਦੀ ਇਸ ਐਤਵਾਰ ਨੂੰ 100ਵੀਂ ਕੜੀ ਹੋਵੇਗੀ।

ਸ੍ਰੀ ਮੋਦੀ ਨੇ ਕਿਹਾ, ‘‘ਲੋਕਾਂ ਨਾਲ ਇਸ ਤਰ੍ਹਾਂ ਦੀ ਭਾਵੁਕ ਸਾਂਝ ਸਿਰਫ਼ ਰੇਡੀਓ ਜ਼ਰੀਏ ਹੀ ਸੰਭਵ ਹੈ। ਇਸ ਦੇ ਮਾਧਿਅਮ ਨਾਲ ਮੈਂ ਦੇਸ਼ ਦੀ ਤਾਕਤ ਨਾਲ ਜੁੜਿਆ ਰਹਿੰਦਾ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਪੇਸ਼ਕਦਮੀਆਂ ਸਵੱਛ ਭਾਰਤ ਅਭਿਆਨ, ਬੇਟੀ ਬਚਾਓ ਬੇਟੀ ਪੜਾਓ ਅਤੇ ਹਰ ਘਰ ਤਿਰੰਗਾ ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਹੀ ਜਨ ਅੰਦੋਲਨ ਬਣੇ।’’ 91 ਐੱਫਐੱਮ ਟਰਾਂਸਮੀਟਰਾਂ, ਜੋ 85 ਜ਼ਿਲ੍ਹਿਆਂ ਦੇ ਦੋ ਕਰੋੜ ਲੋਕਾਂ ਨੂੰ ਕਵਰ ਕਰਨਗੇ, ਦਾ ਵਰਚੁਅਲੀ ਉਦਘਾਟਨ ਕਰਨ ਮਗਰੋਂ ਸ੍ਰੀ ਮੋਦੀ ਨੇ ਕਿਹਾ, ‘‘ਲਿਹਾਜ਼ਾ, ਇਕ ਤਰੀਕੇ ਨਾਲ ਮੈਂ ਵੀ ਤੁਹਾਡੀ ਆਲ ਇੰਡੀਆ ਰੇਡੀਓ ਟੀਮ ਦਾ ਹਿੱਸਾ ਹਾਂ।’’ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਇਨ੍ਹਾਂ ਨਵੇਂ ਐੱਫਐੱਮ ਟਰਾਂਸਮੀਟਰਾਂ ਦਾ ਉਦਘਾਟਨ, ਦੱਬੇ ਕੁਚਲੇ ਲੋਕਾਂ ਜਿਨ੍ਹਾਂ ਨੂੰ ਹੁਣ ਤੱਕ ਸਹੂਲਤਾਂ ਤੋਂ ਸੱਖਣਾ ਰੱਖਿਆ ਗਿਆ, ਨੂੰ ਤਰਜੀਹ ਦੇਣ ਦੀ ਸਰਕਾਰ ਦੀ ਨੀਤੀ ਦਾ ਹਿੱਸਾ ਹੈ। ਉਨ੍ਹਾਂ ਕਿਹਾ, ‘‘ਜਿਹੜੇ ਲੋਕ ਖ਼ੁਦ ਨੂੰ ਹੋਰਨਾਂ ਨਾਲੋਂ ਕੱਟੇ ਹੋਏ ਮਹਿਸੂਸ ਕਰਦੇ ਸਨ, ਨੂੰ ਹੁਣ ਵੱਡੇ ਪੱਧਰ ਉੱਤੇ ਜੁੜਨ ਦਾ ਮੌਕਾ ਮਿਲੇਗਾ।’’ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਤਕਨਾਲੋਜੀ ਦੇ ਜਮਹੂਰੀਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਤੇ ‘ਜੇਕਰ ਭਾਰਤ ਨੇ ਆਪਣੀ ਮੁਕੰਮਲ ਸਮਰੱਥਾ ਤੱਕ ਉਭਰਨਾ ਹੈ, ਤਾਂ ਕਿਸੇ ਵੀ ਭਾਰਤੀ ਨੂੰ ਇਹ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਮੌਕਿਆਂ ਦੀ ਘਾਟ ਹੈ।’ ਉਨ੍ਹਾਂ ਕਿਹਾ ਕਿ ਡਿਜੀਟਲ ਇੰਡੀਆ ਨੇ ਰੇਡੀਓ ਨੂੰ ਨਾ ਸਿਰਫ਼ ਨਵੇਂ ਸਰੋਤਾ ਬਲਕਿ ਸੋਚਣ ਦਾ ਨਵਾਂ ਅਮਲ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਪੇਸ਼ਕਦਮੀ ਨਾਲ ਐੱਫਐੱਮ ਰੇਡੀਓ ਸੇਵਾਵਾਂ ਦੋ ਕਰੋੜ ਤੋਂ ਵੱਧ ਲੋਕਾਂ ਤੱਕ ਪੁੱਜਣਗੀਆਂ। ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਲੱਦਾਖ ਤੋਂ ਸਮਾਗਮ ਵਿੱਚ ਸ਼ਾਮਲ ਹੋਏ। 91 ਨਵੇਂ 100 ਵਾਟ ਐੱਫਐੱਮ ਟਰਾਂਸਮੀਟਰ 84 ਜ਼ਿਲ੍ਹਿਆਂ ਵਿੱਚ ਸਥਾਪਿਤ ਕੀਤੇ ਜਾਣਗੇ।