ਢੇਸੀ ਨੇ ਸੰਸਦ ’ਚ ਸਿੱਖਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਾ ਮਾਮਲਾ ਉਠਾਇਆ

ਢੇਸੀ ਨੇ ਸੰਸਦ ’ਚ ਸਿੱਖਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਾ ਮਾਮਲਾ ਉਠਾਇਆ

ਲੰਡਨ : ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਬਰਤਾਨੀਆ ਦੀ ਸੰਸਦ ’ਚ ਅੱਜ ਸਿੱਖਾਂ ਨੂੰ ਜਾਨੋ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਦਾ ਮਾਮਲਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਹਲਕੇ ਦੇ ਇਕ ਸਿੱਖ ਨੂੰ ਦੇਸ਼ ਦੇ ਉਨ੍ਹਾਂ ਦੁਸ਼ਮਣਾਂ ਦੀ ਸੂਚੀ ’ਚ ਸ਼ਾਮਿਲ ਕੀਤਾ ਗਿਆ ਹੈ, ਜਿਹੜੇ 20 ਲੋਕਾਂ ਦੀ ਸੂਚੀ ਕੁਝ ਭਾਰਤੀ ਮੀਡੀਆ ਵਲੋਂ ਬਰਾਡਕਾਸਟ ਕੀਤੀ ਗਈ ਸੀ। ਉਨ੍ਹਾਂ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਬਾਰੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਇਕ ਸਿੱਖ ਕਾਰਕੁੰਨ ਦੀ ਹੱਤਿਆ ਮਾਮਲੇ ’ਚ ਦਿੱਤੇ ਗਏ ਬਿਆਨ ਚਿੰਤਾਜਨਕ ਹਨ ਅਤੇ ਅਮਰੀਕਾ ’ਚ ਸਿੱਖ ਕਾਰਕੁੰਨ (ਗੁਰਪਤਵੰਤ ਸਿੰਘ ਪੰਨੂੰ) ਦੀ ਹੱਤਿਆ ਦੀ ਯੋਜਨਾ ਦਾ ਮਾਮਲਾ ਅਦਾਲਤ ’ਚ ਹੈ। ਉਨ੍ਹਾਂ ਭਾਈ ਅਵਤਾਰ ਸਿੰਘ ਖੰਡਾ ਦਾ ਨਾਂਅ ਲਏ ਬਿਨਾ ਕਿਹਾ ਕਿ ਬਰਮਿੰਘਮ ’ਚ ਇਕ ਸਿੱਖ ਕਾਰਕੁੰਨ ਦੀ ਭੇਦਭਰੀ ਮੌਤ ਦੀ ਜਾਂਚ ਦੀ ਮੰਗ ਉਸ ਦੇ ਪਰਿਵਾਰ ਵਲੋਂ ਕੀਤੀ ਜਾ ਰਹੀ ਹੈ। ਇਹ ਤਿੰਨੇ ਲੋਕ ਉਸ ਹਿੱਟ ਲਿਸਟ ’ਚ ਸ਼ਾਮਿਲ ਸਨ। ਸਿੱਖ ਭਾਈਚਾਰੇ ਦੀ ਸੁਰੱਖਿਆ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲੋਕਤੰਤਰ ’ਚ ਹਰ ਕਿਸੇ ਨੂੰ ਹਿੰਸਕ ਧਮਕੀ ਦੇ ਬਿਨਾ ਬੋਲਣ ਦਾ ਅਧਿਕਾਰ ਹੈ। ਪਰ ਹੁਣ ਪੁਲਿਸ ਨੇ ਬਰਤਾਨਵੀ ਸਿੱਖਾਂ ਨੂੰ ਖ਼ਤਰੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਪੁੱਛਿਆ ਕਿ ਸਰਕਾਰ ਸਿੱਖਾਂ ਦੀ ਸੁਰੱਖਿਆ ਲਈ ਕੀ ਕਰ ਰਹੀ ਹੈ? ਹਾਊਸ ਦੀ ਲੀਡਰ ਪੈਨੀ ਮੌਰਡੌਂਟ ਨੇ ਹਾਲਾਂ ਕਿ ਕਿਹਾ ਕਿ ਗ੍ਰਹਿ ਵਿਭਾਗ ਅਤੇ ਵਿਦੇਸ਼ ਮੰਤਰਾਲਾ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਾ ਹੈ।