ਡੰਪ ਦੀ ਬਦਬੂ ਤੋਂ ਦੁਖੀ ਜੋਗੇਵਾਲਾ ਵਾਸੀਆਂ ਵੱਲੋਂ ਧਰਨਾ

ਡੰਪ ਦੀ ਬਦਬੂ ਤੋਂ ਦੁਖੀ ਜੋਗੇਵਾਲਾ ਵਾਸੀਆਂ ਵੱਲੋਂ ਧਰਨਾ

ਪਾਤੜਾਂ – ਨਗਰ ਕੌਂਸਲ ਪਾਤੜਾਂ ਵੱਲੋਂ ਪਿੰਡ ਜੋਗੇਵਾਲਾ ਵਿਚਲੇ ਕੂੜੇ ਦੇ ਡੰਪ ਵਿੱਚ ਹੜ੍ਹ ਦਾ ਪਾਣੀ ਭਰ ਜਾਣ ਕਰਕੇ ਬਦਬੂ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਗੰਦਗੀ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਕੂੜਾ ਸੁੱਟਣ ਗਈਆਂ ਟਰਾਲੀਆਂ ਮੋੜ ਦਿੱਤੀਆਂ ਅਤੇ ਅਣਮਿੱਥੇ ਸਮੇਂ ਦਾ ਧਰਨਾ ਲਾ ਦਿੱਤਾ। ਧਰਨੇ ’ਚ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵੀ ਸ਼ਾਮਲ ਹੋਏ। ਇਸੇ ਦੌਰਾਨ ਪਿੰਡ ਵਾਸੀਆਂ ਨੇ ਨਗਰ ਕੌਂਸਲ ਪਾਤੜਾਂ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਪਿੰਡ ਵਾਸੀ ਡੰਪ ਰੱਖਣਾ ਨਹੀ ਚਾਹੁੰਦੇ ਤਾਂ ਨਗਰ ਕੌਂਸਲ ਪਾਤੜਾਂ ਤੇ ਪ੍ਰਸ਼ਾਸਨ ਕਿਉਂ ਅੜੀ ਕਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਇਸ ਮਸਲੇ ਦਾ ਹੱਲ ਕਰਵਾਉਣਗੇ। ਇਸ ਮੌਕੇ ਜੋਗੇਵਾਲਾ ਵਾਸੀ ਫਤਿਹ ਸਿੰਘ, ਨੰਬਰਦਾਰ ਦਲੇਰ ਸਿੰਘ, ਮਿਲਖਾ ਸਿੰਘ ਤੇ ਪੂਰਨ ਸਿੰਘ ਆਦਿ ਨੇ ਦੱਸਿਆ ਕਿ ਨਗਰ ਕੌਂਸਲ ਪਾਤੜਾਂ ਨੇ ਕਈ ਸਾਲਾਂ ਤੋਂ ਪਿੰਡ ਜੋਗੇਵਾਲਾ ਵਿਖੇ ਕੂੜੇ ਕਰਕਟ ਦਾ ਡੰਪ ਬਣਾਇਆ ਹੋਇਆ ਹੈ, ਇਸ ਵਿੱਚ ਸ਼ਹਿਰ ਦੇ ਕੂੜੇ ਕਰਕਟ ਦੇ ਨਾਲ-ਨਾਲ ਮੈਡੀਕਲ ਸਰਿੰਜਾਂ ਆਦਿ ਵਸਤਾਂ ਕੂੜੇ ਵਿੱਚ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰ ਵਿੱਚੋਂ ਉੱਠਦੀ ਬਦਬੂ, ਲਿਫਾਫੇ ਤੇ ਸਰਿੰਜਾਂ ਆਦਿ ਤੋਂ ਆਸ-ਪਾਸ ਦੇ ਕਿਸਾਨ ਤੇ ਪਿੰਡ ਵਾਸੀ ਬੇਹੱਦ ਪ੍ਰੇਸ਼ਾਨ ਹਨ। ਕੂੜੇ ਦੇ ਢੇਰ ਦੀ ਗੰਦਗੀ ਨਾਲ ਲੱਗੀਆਂ ਬਿਮਾਰੀਆਂ ਕਾਰਨ ਪਿੰਡ ਦੇ 3 ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦਾ ਪਾਣੀ ਡੰਪ ਵਿੱਚ ਭਰ ਜਾਣ ਨਾਲ ਬਦਬੂ ਨੇ ਉਨ੍ਹਾਂ ਜਿਉਣਾ ਦੁੱਭਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਿ ਕੂੜਾ ਚੁਕਵਾਉਣ ਲਈ ਐੱਸਡੀਐਮ ਪਾਤੜਾਂ ਅਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਪਾਤੜਾਂ ਨੂੰ ਕਈ ਵਾਰ ਕਿਹਾ ਗਿਆ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਨਗਰ ਕੌਂਸਲ ਦੇ ਪ੍ਰਧਾਨ ਰਣਵੀਰ ਸਿੰਘ ਨੇ ਕਿਹਾ ਹੈ ਕਿ ਛੇ ਸਾਲ ਤੋਂ ਕੂੜੇ ਦਾ ਡੰਪ ਬਣਿਆ ਹੋਇਆ ਹੈ। ਕੂੜੇ ਦੇ ਡੰਪ ਵਾਲੀ ਜ਼ਮੀਨ ਦਸੰਬਰ 2027 ਤੱਕ ਲੀਜ਼ ’ਤੇ ਹੈ। ਹੁਣ ਇਸ ਜ਼ਮੀਨ ਨੂੰ ਖਰੀਦਣ ਦਾ ਮਤਾ ਪਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੂੜੇ ਦੇ ਡੰਪ ਪਿੰਡ ਤੋਂ ਦੂਰ ਹੋਣ ਕਰਕੇ ਪਿੰਡ ਵਾਸੀਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ, ਕੁਝ ਕੁ ਵਿਅਕਤੀ ਜਾਣ ਬੁੱਝ ਕੇ ਸ਼ਰਾਰਤ ਕਰ ਰਹੇ ਹਨ।