ਡੋਨਾਲਡ ਟਰੰਪ ਨੇ ਲੋਕਾਂ ਨੂੰ ‘ਗੌਡ ਬਲੈਸ ਦਿ ਯੂ. ਐਸ.ਏ.’ ਬਾਈਬਲ ਖ਼ਰੀਦਣ ਦੀ ਕੀਤੀ ਅਪੀਲ

ਡੋਨਾਲਡ ਟਰੰਪ ਨੇ ਲੋਕਾਂ ਨੂੰ ‘ਗੌਡ ਬਲੈਸ ਦਿ ਯੂ. ਐਸ.ਏ.’ ਬਾਈਬਲ ਖ਼ਰੀਦਣ ਦੀ ਕੀਤੀ ਅਪੀਲ

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ’ਤੇ ਲੋਕਾਂ ਨੂੰ ਨਵੀਂ ਬਾਈਬਲ ਖ਼ਰੀਦਣ ਲਈ ਕਿਹਾ ਹੈ, ਜੋ ਉਨ੍ਹਾਂ ਨੇ ਤਿਆਰ ਕੀਤੀ ਹੈ। ਇਸ ਵਿੱਚ ਉਹ ਰਾਸ਼ਟਰਵਾਦ ਅਤੇ ਅਮਰੀਕਾ ਨੂੰ ਮਹਾਨ ਬਣਾਉਣ ਦੀ ਗੱਲ ਕਰ ਰਹੇ ਹਨ। ਇਸ ਬਾਈਬਲ ਦੀ ਕੀਮਤ 60 ਡਾਲਰ ਰੱਖੀ ਗਈ ਹੈ। ਇਸ ਨਵੀਂ ਬਾਈਬਲ ਦਾ ਨਾਂ ‘ਗੌਡ ਬਲੈਸ ਦਿ ਯੂ.ਐੱਸ.ਏ.’ ਹੈ। ਇਸ ਦੇ ਕਵਰ ’ਤੇ ਅਮਰੀਕੀ ਝੰਡਾ ਵੀ ਹੈ। ਲੋਕ ਇਸ ਦਾ ਵਿਰੋਧ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸੱਤਾ ’ਚ ਵਾਪਸੀ ਲਈ ਪਵਿੱਤਰ ਗ੍ਰੰਥਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।
ਦਰਅਸਲ ਟਰੰਪ ਇਕ ਵਾਰ ਫਿਰ ਤੋਂ ਅਮਰੀਕਾ ਦੇ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ। ਉਹ ਨਵੰਬਰ 2024 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਚੁਣੇ ਗਏ ਹਨ। ਟਰੰਪ ਆਪਣੀ ਚੋਣ ਮੁਹਿੰਮ ਵਿੱਚ ਕਹਿ ਰਹੇ ਹਨ ਕਿ ਅਮਰੀਕਾ ਅਤੇ ਲੋਕਤੰਤਰ ਨੂੰ ਬਚਾਉਣ ਅਤੇ ਮਹਾਨ ਬਣਾਉਣ ਦੀ ਲੋੜ ਹੈ। ਲੋਕਾਂ ਨੂੰ ਬਾਈਬਲ ਖ਼ਰੀਦਣ ਲਈ ਉਤਸ਼ਾਹਿਤ ਕਰਦੇ ਹੋਏ ਟਰੰਪ ਨੇ ਕਿਹਾ, ‘ਸਾਰੇ ਅਮਰੀਕੀਆਂ ਨੂੰ ਉਨ੍ਹਾਂ ਦੇ ਘਰ ਵਿੱਚ ਇੱਕ ਬਾਈਬਲ ਦੀ ਜ਼ਰੂਰਤ ਹੈ, ਅਤੇ ਮੇਰੇ ਕੋਲ ਕਈ ਹਨ। ਮੈਨੂੰ ਇਸ ਬਾਈਬਲ ਦਾ ਸਮਰਥਨ ਕਰਨ ਅਤੇ ਇਸਨੂੰ ਖਰੀਦਣ ਲਈ ਉਤਸ਼ਾਹਿਤ ਕਰਨ ’ਤੇ ਬਹੁਤ ਮਾਣ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਬਾਈਬਲ ਉਨ੍ਹਾਂ ਦੀ ਪਸੰਦ ਦੀ ਕਿਤਾਬ ਹੈ। ਟਰੰਪ ਦੀ ਬਾਈਬਲ ਵਿੱਚ ਅਮਰੀਕੀ ਝੰਡੇ ਦੇ ਨਾਲ ਅਮਰੀਕੀ ਸੰਵਿਧਾਨ, ਅਧਿਕਾਰਾਂ ਦਾ ਬਿੱਲ, ਆਜ਼ਾਦੀ ਦੀ ਘੋਸ਼ਣਾ ਅਤੇ ਵਫ਼ਾਦਾਰੀ ਦੀ ਪ੍ਰਤੀਬੱਧਤਾ ਦੀਆਂ ਕਾਪੀਆਂ ਵੀ ਸ਼ਾਮਲ ਹਨ ਅਤੇ ਨਾਲ ਹੀ ਗਾਇਕ ਗ੍ਰੀਨਵੁੱਡ ਦੇ ਗੀਤ ‘ਗੌਡ ਬਲੈਸ ਦਿ ਯੂ.ਐੱਸ.ਏ.’ ਦਾ ਕੋਰਸ ਵੀ ਸ਼ਾਮਲ ਹੈ।
ਲੋਕ ਸੋਸ਼ਲ ਮੀਡੀਆ ’ਤੇ ਇਸ ਬਾਈਬਲ ਦਾ ਵਿਰੋਧ ਕਰ ਰਹੇ ਹਨ, ਜਿਸ ਵਿੱਚ ਇੱਕ ਯੂਜ਼ਰ ਨੇ ਕਿਹਾ, ਸੱਤਾ ਵਿੱਚ ਵਾਪਸੀ ਲਈ ਸਾਡੇ ਵਿਸ਼ਵਾਸ ਅਤੇ ਇੱਥੋਂ ਤੱਕ ਕਿ ਪਵਿੱਤਰ ਬਾਈਬਲ ਦੀ ਵੀ ਦੁਰਵਰਤੋਂ ਕੀਤੀ ਜਾ ਰਹੀ ਹੈ। ਅਮਰੀਕੀ ਮੀਡੀਆ ਸੀ.ਐੱਨ.ਐੱਨ. ਦੀ ਰਿਪੋਰਟ ਦੇ ਅਨੁਸਾਰ, ਇੱਕ ਪਾਦਰੀ ਨੇ ਕਿਹਾ ਕਿ ਟਰੰਪ ਦੀ ਬਾਈਬਲ ਹਿਬਰੂ ਕਾਨੂੰਨ ਦੇ ਦਸ ਹੁਕਮਾਂ ਵਿੱਚੋਂ ਇੱਕ ਦੀ ਉਲੰਘਣਾ ਕਰਦੀ ਹੈ, ਜਿਸ ਵਿੱਚ ਰੱਬ ਦਾ ਨਾਮ ਵਿਅਰਥ ਲੈਣ ਦੀ ਮਨਾਹੀ ਹੈ। ਨਵੀਂ ਬਾਈਬਲ ਨੂੰ ਪੜ੍ਹਨਾ ਆਸਾਨ ਦੱਸਿਆ ਗਿਆ ਹੈ। ਇਸ ਵਿੱਚ ਲਿਖੇ ਸ਼ਬਦਾਂ ਦਾ ਆਕਾਰ ਵੀ ਵੱਡਾ ਹੈ, ਜਿਸ ਨੂੰ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ। ਨਵੀਂ ਬਾਈਬਲ ਦੀ ਕੀਮਤ ਭਾਰਤੀ ਕਰੰਸੀ ਮੁਤਾਬਿਕ 5,000 ਰੁਪਏ ਬਣਦੀ ਹੈ। ਬੀਤੀ 26 ਮਾਰਚ 2024 ਨੂੰ ਟਰੰਪ ਨੇ ਆਪਣੇ ਸੋਸ਼ਲ ਪਲੇਟਫਾਰਮ ਟਰੂਥ ’ਤੇ ਇੱਕ ਵੀਡੀਓ ਵੀ ਪੋਸਟ ਕੀਤੀ, ਜਿਸ ਵਿੱਚ ਲੋਕਾਂ ਨੂੰ ਗੌਡ ਬਲੈਸ ਦਿ ਯੂ.ਐੱਸ..ਏ ਬਾਈਬਲ ਖਰੀਦਣ ਲਈ ਕਹਿ ਰਹੇ ਹਨ। ਉਨ੍ਹਾਂ ਕਿਹਾ, “ਹੈਪੀ ਹੋਲੀ ਵੀਕ! ਆਓ ਅਮਰੀਕਾ ਲਈ ਦੁਬਾਰਾ ਪ੍ਰਾਰਥਨਾ ਕਰੀਏ। ਜਦੋਂ ਅਸੀਂ ਗੁੱਡ ਫਰਾਈਡੇ ਅਤੇ ਈਸਟਰ ਨੇੜੇ ਆਉਂਦੇ ਹਾਂ, ਮੈਂ ਚਾਹੁੰਦਾ ਹਾਂ ਕਿ ਤੁਸੀਂ ਗੌਡ ਬਲੈਸ ਦਿ ਯੂ.ਐੱਸ.ਏ. ਬਾਈਬਲ ਦੀ ਇੱਕ ਕਾਪੀ ਜ਼ਰੂਰ ਖਰੀਦੋ। ਇਹ ਸਿਰਫ 60 ਅਮਰੀਕੀ ਡਾਲਰ (ਲਗਭਗ 5 ਹਜ਼ਾਰ ਰੁਪਏ) ਦੀ ਹੈ। ਬਾਈਬਲ ਦਾ ਨਾਮ ਸਿੰਗਰ ਲੀ ਗ੍ਰੀਨਵੁੱਡ ਦੁਆਰਾ ਦੇਸ਼ ਭਗਤੀ ਦੇ ਗੀਤ ਤੋਂ ਪ੍ਰੇਰਿਤ ਹੈ। ਲੀ ਗ੍ਰੀਨਵੁੱਡ ਅਕਸਰ ਟਰੰਪ ਨਾਲ ਉਨ੍ਹਾਂ ਦੀਆਂ ਰੈਲੀਆਂ ’ਚ ਨਜ਼ਰ ਆ ਚੁੱਕੇ ਹਨ।