ਡੋਨਲਡ ਟਰੰਪ ਮਾਮਲੇ ਵਿਚ ਜੱਜ ਨੂੰ ਮਿਲੀ ਮਾਰਨ ਦੀ ਧਮਕੀ ਤੋਂ ਬਾਅਦ ਸੁਰੱਖਿਆ ਵਿੱਚ ਭਾਰੀ ਵਾਧਾ

ਡੋਨਲਡ ਟਰੰਪ ਮਾਮਲੇ ਵਿਚ ਜੱਜ ਨੂੰ ਮਿਲੀ ਮਾਰਨ ਦੀ ਧਮਕੀ ਤੋਂ ਬਾਅਦ ਸੁਰੱਖਿਆ ਵਿੱਚ ਭਾਰੀ ਵਾਧਾ

ਸੈਕਰਾਮੈਂਟੋ , ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਇਕ ਅਪਰਾਧਕ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੂੰ ਮਾਰ ਦੇਣ ਦੀ ਮਿਲੀ ਧਮਕੀ ਤੋਂ ਬਾਅਦ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਨਿਊਯਾਰਕ ਕੋਰਟ ਸਿਸਟਮ ਨੇ ਕਿਹਾ ਹੈ ਕਿ ਜੱਜ ਨੂੰ ਜਾਨੋਂ ਮਾਰ ਦੇਣ ਦੀ ਮਿਲੀ ਧਮਕੀ ਦੇ ਮੱਦੇਨਜਰ ਸੁਰੱਖਿਆ ਉਪਰ ਨਿਰੰਤਰ ਨਜਰ ਰਖੀ ਜਾ ਰਹੀ ਹੈ। ਦਰਅਸਲ ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ ਆਪਣੇ ਵਿਰੁੱਧ ਇਕ ਪਹਿਲੇ ਮਾਮਲੇ ਨੂੰ ਲੈ ਕੇ ਜੱਜ ਜੂਆਨ ਮਰਕਨ ਉਪਰ ਕੀਤੇ ਗਏ ਸ਼ਬਦੀ ਹਮਲੇ ਉਪਰੰਤ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਜੱਜ ਨੇ ਚਿਤਾਵਨੀ ਦਿੱਤੀ ਸੀ ਕਿ ਸਾਬਕਾ ਰਾਸ਼ਟਰਪਤੀ ਦਾ ਬਿਆਨ ਹਿੰਸਾ ਭੜਕਾ ਸਕਦਾ ਹੈ। ਨਿਊਯਾਰਕ ਵਿਚਲੇ ਯੂਨੀਫਾਈਡ ਕੋਰਟ ਸਿਸਟਮ ਦੇ ਜਨਤਿਕ ਸੂਚਨਾ ਡਾਇਰੈਕਟਰ ਲੂਸੀਅਨ ਕਲਫਨ ਨੇ ਕਿਹਾ ਹੈ ਕਿ ਸੁਰੱਖਿਆ ਨਿਰੰਤਰ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਹੈ ਕਿ ਪਿਛਲੇ ਹਫਤਿਆਂ ਤੋਂ ਨਿਰੰਤਰ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਕਲਫਨ ਨੇ ਕਿਹਾ ਕਿ ਅਦਾਲਤਾਂ ਤੇ ਸਮੁੱਚੀ ਨਿਆਂਪਾਲਿਕਾ ਦੁਆਲੇ ਸੁਰੱਖਿਆ ਹੋਰ ਸਖਤ ਕਰ ਦਿੱਤੀ ਗਈ ਹੈ ਤੇ ਲੋੜ ਅਨੁਸਾਰ ਪ੍ਰੋਟੋਕੋਲ ਵਿਚ ਫੇਰਬਦਲ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਜੂਡੀਸ਼ੀਅਲ ਚੈਂਬਰ ਨੂੰ ਅਨੁਮਾਨ ਅਨੁਸਾਰ ਅਪਮਾਨਜ਼ਨਕ ਫੋਨ ਤੇ ਈ ਮੇਲ ਆ ਰਹੀਆਂ ਹਨ ਜਿਨਾਂ ਨੂੰ ਘੋਖਿਆ ਜਾ ਰਿਹਾ ਹੈ। ਇਕ ਰਿਪੋਰਟ ਅਨੁਸਾਰ ਜੱਜ ਜੂਆਨ ਮਰਕਨ ਨੂੰ ਹਾਲ ਹੀ ਵਿਚ ਇਕ ਦਰਜ਼ਨ ਧਮਕੀਆਂ ਮਿਲੀਆਂ ਹਨ। ਇਸ ਤੋਂ ਇਲਾਵਾ ਮੈਨਹਟਨ ਡਿਸਟ੍ਰਿਕਟ ਅਟਾਰਨੀ ਐਲਵਿਨ ਬਰਾਗ ਤੇ ਹੋਰ ਅਧਿਕਾਰੀਆਂ ਨੂੰ ਵੀ ਨਿਰੰਤਰ ਧਮਕੀਆਂ ਮਿਲ ਰਹੀਆਂ ਹਨ। ਇਥੇ ਜਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਆਪਣੇ ਕਾਰੋਬਾਰ ਨੂੰ ਲੈ ਕੇ ਝੂਠ ਬੋਲਣ ਦੇ ਮਾਮਲੇ ਵਿਚ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਟਰੰਪ ਉਪਰ ਦੋਸ਼ ਹੈ ਕਿ ਉਨਾਂ ਨੇ 7 ਸਾਲ ਪਹਿਲਾਂ ਰਾਸ਼ਟਰਪਤੀ ਚੋਣਾਂ ਦੌਰਾਨ ਇਕ ਪੌਰਨ ਸਟਾਰ ਨੂੰ ਚੁੱਪ ਰਹਿਣ ਲਈ ਇਕ ਡਾਲਰ ਤੋਂ ਵਧ ਦੀ ਅਦਾਇਗੀ ਕੀਤੀ ਸੀ। ਇਸ ਮਾਮਲੇ ਵਿਚ ਸਾਬਕਾ ਰਾਸ਼ਟਰਪਤੀ ਵਿਰੁੱਧ ਅਗਲੀ ਸੁਣਵਾਈ 4 ਦਸੰਬਰ ਨੂੰ ਮੈਨਹੱਟਨ ਕੋਰਟ ਵਿਚ ਹੋਵੇਗੀ ਜਿਥੇ ਉਹ ਨਿੱਜੀ ਤੌਰ ‘ਤੇ ਪੇਸ਼ ਹੋਣਗੇ। ਮੰਗਲਵਾਰ ਨੂੰ ਹੋਈ ਪੇਸ਼ੀ ਦੌਰਾਨ ਟਰੰਪ ਨੇ ਖੁਦ ਨੂੰ ਨਿਰਦੋਸ਼ ਦਸਿਆ ਸੀ ਤੇ ਕਿਹਾ ਸੀ ਕਿ ਉਨਾਂ ਵਿਰੁੱਧ ਲਾਏ ਦੋਸ਼ ਰਾਜਨੀਤੀ ਤੋਂ ਪ੍ਰੇਰਤ ਹਨ।