ਡੋਨਲਡ ਟਰੰਪ ਕਾਰਨ ਵਾਪਰੀ ਸੀ ਕੈਪੀਟਲ ਹਿੱਲ ਹਿੰਸਾ

ਡੋਨਲਡ ਟਰੰਪ ਕਾਰਨ ਵਾਪਰੀ ਸੀ ਕੈਪੀਟਲ ਹਿੱਲ ਹਿੰਸਾ

ਵਾਸ਼ਿੰਗਟਨ-ਅਮਰੀਕੀ ਸੰਸਦੀ ਕੰਪਲੈਕਸ (ਕੈਪੀਟਲ ਹਿੱਲ) ’ਤੇ 2021 ਨੂੰ ਹੋੲੇ ਹਮਲੇ ਦੀ ਜਾਂਚ ਕਰ ਰਹੀ ‘ਹਾਊਸ ਜਨਵਰੀ 6 ਕਮੇਟੀ’ ਨੇ ਆਪਣੀ ਆਖਰੀ ਰਿਪੋਰਟ ’ਚ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਪਰਾਧਕ ਢੰਗ ਨਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਵੈਧ ਨਤੀਜੇ ਪਲਟਾਉਣ ਦੀ ਇੱਕ ਵੱਡੀ ਸਾਜ਼ਿਸ਼ ਰਚੀ ਅਤੇ ਉਹ ਆਪਣੇ ਹਮਾਇਤੀਆਂ ਨੂੰ ਕੈਪੀਟਲ ਹਿੱਲ’ਤੇ ਹਮਲਾ ਕਰਨ ਤੋਂ ਰੋਕਣ ’ਚ ਨਾਕਾਮ ਰਹੇ। ਕਮੇਟੀ ਨੇ ਸਾਬਕਾ ਰਾਸ਼ਟਰਪਤੀ ਦੀਆਂ ਗਤੀਵਿਧੀਆਂ ਅਤੇ ਕਰੀਬ ਦੋ ਸਾਲ ਪਹਿਲਾਂ ਵਾਪਰੀ ਇਸ ਹਿੰਸਕ ਘਟਨਾ ਦੀ 18 ਮਹੀਨੇ ਤੱਕ ਜਾਂਚ ਤੋਂ ਬਾਅਦ ਇਹ ਰਿਪੋਰਟ ਪੇਸ਼ ਕੀਤੀ ਹੈ। ਕਮੇਟੀ ਦੇ ਚੇਅਰਮੈਨ ਤੇ ਮਿਸੀਸਿੱਪੀ ਤੋਂ ਨੁਮਾਇੰਦੇ ਬੈਨੀ ਥੌਂਪਸਨ ਨੇ ਰਿਪੋਰਟ ’ਚ ਲਿਖਿਆ, ‘ਇਹ ਅੱਗ ਟਰੰਪ ਨੇ ਲਾਈ ਸੀ।’

ਕਮੇਟੀ ਨੇ ਆਪਣੀ 814 ਪੰਨਿਆਂ ਦੀ ਰਿਪੋਰਟ ਬੀਤੇ ਦਿਨ ਜਾਰੀ ਕੀਤੀ ਹੈ। ਇਸ ਲਈ ਇੱਕ ਹਜ਼ਾਰ ਤੋਂ ਵੱਧ ਗਵਾਹਾਂ ਤੋਂ ਪੁੱਛ ਪੜਤਾਲ ਕੀਤੀ ਗਈ ਅਤੇ ਲੱਖਾਂ ਸਫ਼ਿਆਂ ਦੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ। ਟਰੰਪ ਦੇ ਕਈ ਨੇੜਲੇ ਸਹਿਯੋਗੀਆਂ ਤੋਂ ਲੈ ਕੇ ਕਾਨੂੰਨ ਬਣਾਉਣ ਵਾਲੇ ਕੁਝ ਅਧਿਕਾਰੀਆਂ, ਕੁਝ ਪ੍ਰਦਰਸ਼ਨਕਾਰੀਆਂ ਤੋਂ ਪੁੱਛ ਪੜਤਾਲ ਕੀਤੀ ਗਈ। ਇਸ ਹਿੰਸਕ ਬਗਾਵਤ ਤੋਂ ਪਹਿਲਾਂ ਦੇ ਕਈ ਹਫ਼ਤਿਆਂ ਤੱਕ ਟਰੰਪ ਦੀਆਂ ਗਤੀਵਿਧੀਆਂ ’ਤੇ ਗੌਰ ਕੀਤਾ ਗਿਆ ਅਤੇ ਇਸ ਗੱਲ ਦੀ ਵੀ ਜਾਂਚ ਕੀਤੀ ਗਈ ਕਿ ਚੋਣਾਂ ’ਚ ਮਿਲੀ ਹਾਰ ਨੂੰ ਤਬਦੀਲ ਕਰਨ ਲਈ ਉਨ੍ਹਾਂ ਦੀਆਂ ਮੁਹਿੰਮਾਂ ਨੇ ਕਿਸ ਤਰ੍ਹਾਂ ਲੋਕਾਂ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕੀਤਾ ਜਿਨ੍ਹਾਂ 6 ਜਨਵਰੀ 2021 ਨੂੰ ਪੁਲੀਸ ਨਾਲ ਧੱਕਾ-ਮੁੱਕੀ ਕੀਤੀ ਅਤੇ ਕੈਪੀਟਲ ਹਿੱਲ ਦੀਆਂ ਖਿੜਕੀਆਂ ਤੇ ਦਰਵਾਜ਼ੇ ਤੋੜੇ। ਰਿਪੋਰਟ ’ਚ ਕਿਹਾ ਗਿਆ, ‘ਛੇ ਜਨਵਰੀ ਦੀ ਘਟਨਾ ਦੀ ਮੁੱਖ ਵਜ੍ਹਾ ਸਿਰਫ਼ ਇੱਕ ਸ਼ਖਸ ਸਾਬਕਾ ਰਾਸ਼ਟਰਪਤੀ ਡੋਨਲਡ ਟੰਪ ਸਨ।’ ਨੌਂ ਮੈਂਬਰੀ ਕਮੇਟੀ ਨੇ ਕਿਹਾ, ‘ਬਗਾਵਤ ਨੇ ਲੋਕਤੰਤਰ ਲਈ ਗੰਭੀਰ ਖਤਰਾ ਖੜ੍ਹਾ ਕੀਤਾ ਅਤੇ ਅਮਰੀਕੀ ਸੰਸਦ ਮੈਂਬਰਾਂ ਦੀ ਜ਼ਿੰਦਗੀ ਨੂੰ ਵੀ ਖਤਰੇ ’ਚ ਪਾਇਆ।’

ਇਸੇ ਦੌਰਾਨ ਕਮੇਟੀ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਡੋਨਲਡ ਟਰੰਪ ਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਨੇਵਾਦਾ ਰਿਪਬਲਿਕਨ ਪਾਰਟੀ ਦੀ ਯੋਜਨਾ ’ਚ 2020 ’ਚ ਕਾਂਗਰਸ ਨੂੰ ਇੱਕ ਨਕਲੀ ਚੋਣ ਸਰਟੀਫਿਕੇਟ ਭੇਜਣ ਦੀ ਯੋਜਨਾ ’ਚ ਸਿੱਧਾ ਹੱਥ ਸੀ ਜੋ ਸਾਬਕਾ ਰਾਸ਼ਟਰਪਤੀ ਨੂੰ ਸੱਤਾ ’ਚ ਬਣਾਏ ਰੱਖਣ ਦੀ ਆਖਰੀ ਕੋਸ਼ਿਸ਼ ਸੀ।