ਡੇਰਾ ਮੁਖੀ ਦੇ ਵਰਚੁਅਲ ਸਤਿਸੰਗ ਨੂੰ ਲੈ ਕੇ ਸਥਿਤੀ ਤਣਾਅਪੂਰਨ

ਡੇਰਾ ਮੁਖੀ ਦੇ ਵਰਚੁਅਲ ਸਤਿਸੰਗ ਨੂੰ ਲੈ ਕੇ ਸਥਿਤੀ ਤਣਾਅਪੂਰਨ

ਬਠਿੰਡਾ – ਡੇਰਾ ਸਿਰਸਾ ਮੁਖੀ ਵੱਲੋਂ ਬਠਿੰਡਾ ਦੇ ਸਲਾਬਤਪੁਰਾ ਡੇਰੇ ਵਿੱਚ ਵਰਚੁਅਲ ਸਤਿਸੰਗ ਨੂੰ ਲੈ ਕੇ ਅੱਜ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿਚਾਲੇ ਤਣਾਅ ਪੈਦਾ ਹੋ ਗਿਆ ਜਿਸ ਕਾਰਨ ਬਠਿੰਡਾ ਜ਼ਿਲ੍ਹੇ ਦੀ ਪੁਲੀਸ ਨੂੰ ਹੱਥਾਂ ਪੈਰਾਂ ਦੀ ਪਈ ਰਹੀ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ 40 ਦਿਨਾਂ ਦੀ ਪੈਰੋਲ ’ਤੇ ਆਉਣ ਤੋਂ ਬਾਅਦ ਸ਼ਾਹ ਸਤਨਾਮ ਦੇ ਜਨਮ ਮਹੀਨੇ ਦੇ ਸਬੰਧ ’ਚ ਬਠਿੰਡਾ ਦੇ ਸਲਾਬਤਪੁਰਾ ਡੇਰੇ ਵਿੱਚ ਵਰਚੁਅਲ ਸਤਿਸੰਗ ਪ੍ਰੋਗਰਾਮ ਰੱਖਿਆ ਸੀ। ਡੇਰੇ ਦੇ ਪ੍ਰੋਗਰਾਮ ਕਰਕੇ ਅੱਜ ਪੁਲੀਸ ਨੇ ਸਖ਼ਤ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਪਿੰਡ ਜਲਾਲ ਵਿੱਚ ਬਾਜਾਖਾਨਾ-ਬਰਨਾਲਾ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਡੇਰੇ ਵੱਲ ਜਾਣ ਤੋਂ ਰੋਕਣ ਤੋਂ ਨਾਰਾਜ਼ ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਝੜਪਾਂ ਨਾਲ ਮਾਹੌਲ ਖਰਾਬ ਹੋਣ ਦੇ ਡਰੋਂ ਪੁਲੀਸ ਨੇ ਮੌਕੇ ਦੀ ਨਜ਼ਾਕਤ ਸਮਝਦਿਆਂ ਸਲਾਬਤਪੁਰਾ ਡੇਰੇ ਵੱਲ ਜਾਂਦੀ ਸੜਕ ਸਾਫ ਕਰ ਦਿੱਤੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਬੱਸ ਵਿੱਚ ਬਿਠਾ ਕੇ ਅਣਦੱਸੀ ਥਾਂ ’ਤੇ ਲੈ ਗਈ।

ਪ੍ਰਦਰਸ਼ਨਕਾਰੀਆਂ ਵਿੱਚ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਰਣਜੀਤ ਸਿੰਘ ਵਾਂਦਰ ਵੀ ਸ਼ਾਮਲ ਸਨ। ਬਲਜਿੰਦਰ ਸਿੰਘ, ਦਮਦਮੀ ਟਕਸਾਲ ਦੇ ਆਗੂ ਰੇਸ਼ਮ ਸਿੰਘ, ਬਲਜੀਤ ਸਿੰਘ ਸਮੇਤ ਸਿੱਖ ਪ੍ਰਦਰਸ਼ਨਕਾਰੀਆਂ ਨੇ ਸਰਕਾਰਾਂ ਵਿਰੁੱਧ ਨਾਅਰੇਬਾਜ਼ੀ ਕੀਤੀ।

ਸਮਾਗਮ ਵਿੱਚ ਸ਼ਰਧਾਲੂਆਂ ਨੇ ਜਾਗੋ ਵੀ ਕੱਢੀ। ਰਾਮ ਰਹੀਮ ਵੱਲੋਂ ਸਤਿਸੰਗ ਵਿੱਚ ਡੇਰਾ ਪ੍ਰੇਮੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸਲਾਹ ਦਿੱਤੀ ਗਈ। ਪੁਲੀਸ ਨੇ ਸਲਾਬਤਪੁਰਾ ’ਚ ਸਖ਼ਤ ਸੁਰੱਖਿਆ ਪ੍ਰਬੰਧ ਕਰਦਿਆਂ ਡੇਰੇ ਦੇ ਬਾਹਰ 400 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਸਨ, ਜਿਨ੍ਹਾਂ ਦੀ ਅਗਵਾਈ 2 ਐੱਸਪੀ ਪੱਧਰ ਦੇ ਅਧਿਕਾਰੀ ਕਰ ਰਹੇ ਸਨ। ਇਸ ਤੋਂ ਇਲਾਵਾ 4 ਟੀਮਾਂ ਪਿੱਛੇ ਵੀ ਰੱਖੀਆਂ ਗਈਆਂ ਸਨ।

ਅਮਰੀਕ ਸਿੰਘ ਅਜਨਾਲਾ ਦੀ ਐੱਸਐੱਸਪੀ ਨਾਲ ਹੋਈ ਬਹਿਸ

ਪੁਲੀਸ ਨੇ ਬਠਿੰਡਾ ਦੇ ਕਨ੍ਹੱਈਆ ਚੌਕ ਵਿੱਚ ਸਿੱਖ ਆਗੂ ਅਮਰੀਕ ਸਿੰਘ ਅਜਨਾਲਾ ਨੂੰ ਸਲਾਬਤਪੁਰਾ ਵੱਲ ਜਾਂਦੇ ਸਮੇਂ ਘੇਰ ਲਿਆ। ਅਜਨਾਲਾ ਦੀ ਬਠਿੰਡਾ ਦੇ ਐੱਸਐੱਸਪੀ ਜੇ. ਏਲਨਚੇਲੀਅਨ ਨਾਲ ਤਿੱਖੀ ਨੋਕ ਝੋਕ ਵੀ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਅਤੇ ਖੱਟਰ ਸਰਕਾਰ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਡੇਰਾ ਮੁਖੀ ਨੂੰ ਸਮਾਗਮ ਦੀ ਆਗਿਆ ਦੇ ਰਹੀ ਹੈ, ਜੋ ਸਹਿਣਯੋਗ ਨਹੀਂ ਹੈ।