ਡੇਢ ਮਹੀਨੇ ਪਹਿਲਾਂ ਕੈਨੇਡਾ ਪੜ੍ਹਨ ਗਈ ਲੜਕੀ ਦੀ ਹਾਦਸੇ ’ਚ ਮੌਤ

ਡੇਢ ਮਹੀਨੇ ਪਹਿਲਾਂ ਕੈਨੇਡਾ ਪੜ੍ਹਨ ਗਈ ਲੜਕੀ ਦੀ ਹਾਦਸੇ ’ਚ ਮੌਤ

ਬਨੂੜ- ਬਨੂੜ ਦੇ ਵਾਰਡ ਨੰਬਰ ਅੱਠ ਦੀ ਵਸਨੀਕ ਕੋਮਲਪ੍ਰੀਤ ਕੌਰ (23) ਦੀ ਕੱਲ੍ਹ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੋਮਲਪ੍ਰੀਤ ਡੇਢ ਮਹੀਨੇ ਪਹਿਲਾਂ 14 ਅਪਰੈਲ ਨੂੰ ਆਪਣੇ ਭਰਾ ਦੀਦਾਰ ਸਿੰਘ ਨਾਲ ਕੈਨੇਡਾ ਪੜ੍ਹਨ ਗਈ ਸੀ। ਇਸ ਘਟਨਾ ਨਾਲ ਸਮੁੱਚੇ ਬਨੂੜ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਕੋਮਲਪ੍ਰੀਤ ਦੀ ਵਿਧਵਾ ਮਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਕੋਮਲਪ੍ਰੀਤ ਕੌਰ ਦੇ ਪਿਤਾ ਜੋਧਾ ਸਿੰਘ ਦੀ ਵੀ ਬੀਤੀ 15 ਫਰਵਰੀ ਨੂੰ ਕੈਂਸਰ ਕਾਰਨ ਮੌਤ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਕੋਮਲਪ੍ਰੀਤ ਆਪਣੀ ਸਹੇਲੀ ਨਾਲ ਕਾਰ ਵਿੱਚ ਕੰਮ ਤੋਂ ਵਾਪਸ ਆ ਰਹੀ ਸੀ ਤਾਂ ਰਸਤੇ ਵਿੱਚ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਹਾਦਸਾ ਇੰਨਾ ਭਿਆਨਕ ਸੀ ਕਿ ਚਾਰੇ ਗੱਡੀਆਂ ਬੁਰੀ ਤਰ੍ਹਾਂ ਚਕਨਾਚੂਰ ਹੋ ਗਈਆਂ। ਹਾਦਸੇ ਦੌਰਾਨ ਗੱਡੀ ਦੀ ਖਿੜਕੀ ਖੁੱਲ੍ਹਣ ਕਾਰਨ ਕੋਮਲਪ੍ਰੀਤ ਸੜਕ ’ਤੇ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕੋਮਲਪ੍ਰੀਤ ਦੀ ਵਿਧਵਾ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਉਸ ਦੇ ਰਿਸ਼ਤੇਦਾਰ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ।

ਕੋਮਲਪ੍ਰੀਤ ਦੀ ਮਾਂ ਆਪਣੀ ਬੇਟੀ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਜਾਣਾ ਚਾਹੁੰਦੀ ਹੈ। ਸ਼ਹਿਰ ਦੇ ਮੋਹਤਬਰਾਂ ਨੇ ਇਸ ਦੁਖਦਾਈ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੋਮਲ ਦੀ ਮਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਕੈਨੇਡਾ ਭੇਜਣ ਦਾ ਪ੍ਰਬੰਧ ਕੀਤਾ ਜਾਵੇ।