ਡੀਡੀਏ ਨੇ ਪੌਂਟੀ ਚੱਢਾ ਦਾ 400 ਕਰੋੜੀ ਫਾਰਮਹਾਊਸ ਢਾਹਿਆ

ਨਵੀਂ ਦਿੱਲੀ- ਦਿੱਲੀ ਡਿਵੈਲਪਮੈਂਟ ਅਥਾਰਟੀ (ਡੀਡੀਏ) ਨੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਹਾਈ-ਪ੍ਰੋਫਾਈਲ ਸ਼ਰਾਬ ਕਾਰੋਬਾਰੀ ਮਰਹੂਮ ਪੌਂਟੀ ਚੱਢਾ ਉਰਫ਼ ਗੁਰਦੀਪ ਸਿੰਘ ਦਾ ਦੱਖਣੀ ਦਿੱਲੀ ਦੇ ਛਤਰਪੁਰ ਵਿੱਚ ਲਗਪਗ ਦਸ ਏਕੜ ਵਿੱਚ ਫੈਲਿਆ ਫਾਰਮਹਾਊਸ ਢਾਹ ਦਿੱਤਾ ਜਿਸ ਦੀ ਕੀਮਤ ਲਗਪਗ 400 ਕਰੋੜ ਰੁਪਏ ਦੱਸੀ ਜਾ ਰਹੀ ਹੈ। ਡੀਡੀਏ ਨੇ ਇੱਕ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਪੰਜ ਏਕੜ ਜ਼ਮੀਨ ਵਿੱਚ ਭੰਨ-ਤੋੜ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਅਤੇ ਫਾਰਮਹਾਊਸ ਦੀ ਬਾਕੀ ਦੀ ਮੁੱਖ ਇਮਾਰਤ ਅੱਜ ਢਾਹ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉੱਤਰ ਪੂਰਬੀ ਦਿੱਲੀ ਦੇ ਗੋਕੁਲਪੁਰੀ ਵਿੱਚ ਸਰਕਾਰੀ ਜ਼ਮੀਨ ਤੋਂ ਕਬਜ਼ੇ ਹਟਾਏ ਗਏ ਸਨ। ਚਾਰ ਏਕੜ ਜ਼ਮੀਨ ਵਿੱਚ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਗਈ ਜਿਸ ਵਿੱਚ ਕਮਰਸ਼ੀਅਲ ਸ਼ੋਅਰੂਮ, ਬੈਂਕੁਇਟ ਹਾਲ, ਹੋਟਲ ਅਤੇ ਇੱਕ ਗੋਦਾਮ ਸ਼ਾਮਲ ਸਨ।