ਡਿਬਰੂਗੜ੍ਹ ਜੇਲ੍ਹ: ਸਿੱਖ ਨੌਜਵਾਨਾਂ ਨਾਲ ਮੁਲਾਕਾਤ ਕਰਕੇ ਪਰਤੇ ਪਰਿਵਾਰਕ ਮੈਂਬਰ

ਡਿਬਰੂਗੜ੍ਹ ਜੇਲ੍ਹ: ਸਿੱਖ ਨੌਜਵਾਨਾਂ ਨਾਲ ਮੁਲਾਕਾਤ ਕਰਕੇ ਪਰਤੇ ਪਰਿਵਾਰਕ ਮੈਂਬਰ

ਅੰਮ੍ਰਿਤਸਰ- ਪੰਜਾਬ ਤੋਂ ਗ੍ਰਿਫ਼ਤਾਰ ਕਰ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਕੀਤੇ ਗਏ ਸਿੱਖ ਨੌਜਵਾਨਾਂ ਨਾਲ ਮੁਲਾਕਾਤ ਕਰਨ ਮਗਰੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਅੱਜ ਸ਼ਾਮ ਅੰਮ੍ਰਿਤਸਰ ਪਰਤ ਆਏ ਹਨ। ਸ਼੍ਰੋਮਣੀ ਕਮੇਟੀ ਵੱਲੋਂ 27 ਅਪਰੈਲ ਨੂੰ ਜੇਲ੍ਹ ਵਿੱਚ ਸਿੱਖ ਨਜ਼ਰਬੰਦਾਂ ਦੀ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਵਾਈ ਗਈ ਸੀ। ਇਹ ਮੁਲਾਕਾਤ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਸੰਭਵ ਹੋਈ।

ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਬੁੱਕਣਵਾਲਾ ਦੇ ਮਾਤਾ ਬੀਬੀ ਸਵਰਨਜੀਤ ਕੌਰ, ਭਗਵੰਤ ਸਿੰਘ ਬਾਜੇਕੇ ਦੇ ਪਿਤਾ ਹਰਜਿੰਦਰ ਸਿੰਘ, ਕੁਲਵੰਤ ਸਿੰਘ ਰਾਓਕੇ ਦੀ ਪਤਨੀ ਬੀਬੀ ਵੀਰਪਾਲ ਕੌਰ, ਬਸੰਤ ਸਿੰਘ ਦੇ ਪਿਤਾ ਸੁਰਜੀਤ ਸਿੰਘ, ਹਰਜੀਤ ਸਿੰਘ ਜੱਲੂਪੁਰ ਖੇੜਾ ਦੇ ਭਰਾ ਅਤੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ, ਵਰਿੰਦਰ ਸਿੰਘ ਦੇ ਮਾਤਾ ਬੀਬੀ ਸਿਮਰਜੀਤ ਕੌਰ, ਪਪਲਪ੍ਰੀਤ ਸਿੰਘ ਦੇ ਮਾਤਾ ਬੀਬੀ ਮਨਧੀਰ ਕੌਰ ਅਤੇ ਗੁਰਇੰਦਰਪਾਲ ਸਿੰਘ ਦੇ ਭਰਾ ਸੁਰਿੰਦਰਪਾਲ ਸਿੰਘ ਵਲੋਂ ਮੁਲਾਕਾਤ ਕੀਤੀ ਗਈ। ਐਡਵੋਕੇਟ ਸਿਆਲਕਾ ਨੇ ਦੱਸਿਆ ਕਿ ਇਹ ਮੁਲਾਕਾਤ ਸੁਖਾਵੇਂ ਮਾਹੌਲ ਵਿੱਚ ਹੋਈ ਤੇ ਸਿੱਖ ਨਜ਼ਰਬੰਦਾਂ ਦੇ ਪਰਿਵਾਰਕ ਮੈਂਬਰਾਂ ਨੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸ਼੍ਰੋੋਮਣੀ ਕਮੇਟੀ ਵੱਲੋਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਮਾਮਲੇ ’ਤੇ ਸੰਜੀਦਾ ਭੂਮਿਕਾ ਨਿਭਾਈ ਗਈ। ਉਨ੍ਹਾਂ ਦੱਸਿਆ ਕਿ ਸਿੱਖ ਨਜ਼ਰਬੰਦਾਂ ’ਤੇ ਲਾਈ ਗਈ ਕੌਮੀ ਸੁਰੱਖਿਆ ਐਕਟ ਦੀ ਧਾਰਾ ਨੂੰ ਹਟਵਾਉਣ ਲਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਜਿਸ ਤਹਿਤ ਲੋੜ ਪੈਣ ’ਤੇ ਸਰਕਾਰ ਦੇ ਫੈਸਲੇ ਨੂੰ ਅਦਾਲਤ ਵਿਚ ਵੀ ਚਣੌਤੀ ਦਿੱਤੀ ਜਾਵੇਗੀ।