ਡਿਬਰੂਗੜ੍ਹ ਜੇਲ੍ਹ ’ਚ ਅੰਮ੍ਰਿਤਪਾਲ ਨੂੰ ਮਿਲੇ ਮਾਪੇ

ਡਿਬਰੂਗੜ੍ਹ ਜੇਲ੍ਹ ’ਚ ਅੰਮ੍ਰਿਤਪਾਲ ਨੂੰ ਮਿਲੇ ਮਾਪੇ

ਗੁਹਾਟੀ/ਅੰਮ੍ਰਿਤਸਰ- ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਉਸ ਦੇ ਮਾਪਿਆਂ ਨੇ ਅੱਜ ਮੁਲਾਕਾਤ ਕੀਤੀ। ਇਹ ਜਾਣਕਾਰੀ ਪੁਲੀਸ ਅਧਿਕਾਰੀਆਂ ਨੇ ਦਿੱਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਨੇ ਅੰਮ੍ਰਿਤਪਾਲ ਸਿੰਘ ਨੂੰ 23 ਅਪਰੈਲ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਵਿੱਚੋਂ ਹਿਰਾਸਤ ਵਿੱਚ ਲਿਆ ਸੀ ਅਤੇ ਉਸੇ ਦਿਨ ਤੋਂ ਅੰਮ੍ਰਿਤਪਾਲ ਸਿੰਘ ਜੇਲ੍ਹ ਵਿੱਚ ਬੰਦ ਹੈ। ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਅੱਜ ਡਿਬਰੂਗੜ੍ਹ ਹਵਾਈ ਅੱਡੇ ’ਤੇ ਪੁੱਜੇ, ਜਿਥੋਂ ਉਹ ਸਿੱਧਾ ਜੇਲ੍ਹ ਗਏ। ਇਸ ਦੌਰਾਨ ਜੇਲ੍ਹ ਅਥਾਰਿਟੀ ਤੋਂ ਪ੍ਰਵਾਨਗੀ ਮਿਲਣ ਮਗਰੋਂ ਉਨ੍ਹਾਂ ਆਪਣੇ ਪੁੱਤਰ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ 4 ਮਈ ਨੂੰ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਉਸ ਨਾਲ ਮੁਲਾਕਾਤ ਕੀਤੀ ਸੀ। ਕਿਰਨਦੀਪ ਨਾਲ ਦਲਜੀਤ ਸਿੰਘ ਕਲਸੀ ਦੇ ਪਰਿਵਾਰਕ ਮੈਂਬਰ ਸਨ, ਜੋ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ। ਸ਼੍ਰੋਮਣੀ ਕਮੇਟੀ ਮੈਂਬਰ ਅਤੇ ਵਕੀਲਾਂ ਦੇ ਪੈਨਲ ਦੇ ਮੁਖੀ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ ਐਡਵੋਕੇਟ ਰਵੀ ਸ਼ਰਮਾ ਤੇ ਇੱਕ ਸਾਬਕਾ ਸੰਸਦ ਮੈਂਬਰ ਵੀ ਉਨ੍ਹਾਂ ਦੇ ਨਾਲ ਹੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿਖੇ ਗਏ ਸਨ। ਉਸ ਦੇ ਮਾਤਾ-ਪਿਤਾ ਨੇ ਅੰਮ੍ਰਿਤਪਾਲ ਨਾਲ ਕੁਝ ਘਰੇਲੂ ਗੱਲਾਂ ਸਾਂਝੀਆਂ ਕੀਤੀਆਂ ਹਨ ਅਤੇ ਕੁਝ ਖਾਣ-ਪੀਣ ਦਾ ਸਮਾਨ ਵੀ ਉਸ ਨੂੰ ਸੌਂਪਿਆ। ਉਸ ਦੇ ਪਿਤਾ ਤਰਸੇਮ ਸਿੰਘ ਨੇ ਦਾਅਵਾ ਕੀਤਾ ਕਿ ਪਰਿਵਾਰ ਵੱਲੋਂ ਉਸ ਦੀ ਰਿਹਾਈ ਲਈ ਕਾਨੂੰਨੀ ਤਰੀਕੇ ਨਾਲ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਪਰ ਇਸ ਬਾਰੇ ਪਰਮਾਤਮਾ ਹੀ ਜਾਣਦਾ ਹੈ ਕਿ ਹੋਰ ਕਿੰਨਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਠੀਕ-ਠਾਕ ਤੇ ਚੜ੍ਹਦੀ ਕਲਾ ਵਿਚ ਹੈ। ਉਸ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਸ ਦੇ ਬੇਟੇ ਵਿਰੁੱਧ ਕੌਮੀ ਸੁਰੱਖਿਆ ਐਕਟ ਦੀ ਧਾਰਾ ਲਗਾ ਕੇ ਬੇ-ਇਨਸਾਫ਼ੀ ਕੀਤੀ ਹੈ, ਕਿਉਂਕਿ ਉਸ ਨੇ ਕੋਈ ਅਪਰਾਧ ਨਹੀਂ ਕੀਤਾ।