ਡਾ. ਵਿਜੈ ਸਤਬੀਰ ਸਿੰਘ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧਕ ਨਿਯੁਕਤ

ਡਾ. ਵਿਜੈ ਸਤਬੀਰ ਸਿੰਘ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧਕ ਨਿਯੁਕਤ

ਨਵੀਂ ਦਿੱਲੀ: ਸਿੱਖ ਜਥੇਬੰਦੀਆਂ ਵੱਲੋਂ ਇੱਕ ਗ਼ੈਰ-ਸਿੱਖ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਦਾ ਪ੍ਰਬੰਧਕ ਲਾਏ ਜਾਣ ਦਾ ਵਿਰੋਧ ਕਰਨ ਮਗਰੋਂ ਮਹਾਰਾਸ਼ਟਰ ਸਰਕਾਰ ਨੇ ਅਭਿਜੀਤ ਰਾਜਿੰਦਰ ਰਾਊਤ ਦੀ ਥਾਂ ਹੁਣ ਸਾਬਕਾ ਆਈਏਐੱਸ ਡਾ. ਵਿਜੈ ਸਤਬੀਰ ਸਿੰਘ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦਾ ਪ੍ਰਬੰਧਕ ਲਾਉਣ ਦਾ ਐਲਾਨ ਕੀਤਾ ਹੈ। ਇੱਕ ਗ਼ੈਰ-ਸਿੱਖ ਨੂੰ ਤਖ਼ਤ ਦਾ ਪ੍ਰਬੰਧਕ ਲਾਉਣ ਦਾ ਸਿਆਸੀ ਧਿਰਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਣੇ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਸੀ। ਵੱਖ ਵੱਖ ਜਥੇਬੰਦੀਆਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੂੰ ਫ਼ੈਸਲਾ ਵਾਪਸ ਲੈਣ ਲਈ ਪੱਤਰ ਲਿਖੇ ਸਨ। ਇਸੇ ਸਬੰਧੀ ਅੱਜ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਆਗੂਆਂ ਨੇ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਦਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ ਸੀ।