ਡਾ. ਭੀਮ ਰਾਓ ਅੰਬੇਡਕਰ ਦਾ ਸੰਘਰਸ਼

ਡਾ. ਭੀਮ ਰਾਓ ਅੰਬੇਡਕਰ ਦਾ ਸੰਘਰਸ਼

ਡਾ. ਲਕਸ਼ਮੀ ਨਰਾਇਣ ਭੀਖੀ
ਡਾ. ਭੀਮ ਰਾਓ ਅੰਬੇਡਕਰ ਦਾ ਜਨਮ 14 ਅਪਰੈਲ 1891 ਨੂੰ ਮਿਲਟਰੀ ਛਾਉਣੀ ਮਹੂ ਵਿਖੇ ਹੋਇਆ। ਮਹੂ ਪਹਿਲਾਂ ਬੜੌਦਾ ਰਾਜ ਦੀ ਛਾਉਣੀ ਸੀ ਤੇ ਹੁਣ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਇੰਦੋਰ ਵਿਚ ਹੈ। ਉਹ ਮਹਾਰ ਜਾਤੀ ਨਾਲ ਸਬੰਧਤ ਸਨ। ਆਪ ਦਾ ਬਚਪਨ ਦਾ ਨਾਮ ਭੀਮ ਰਾਓ ਸੀ। ਬਚਪਨ ਵਿਚ ਹੀ ਉਨ੍ਹਾਂ ਦੀ ਮਾਤਾ ਜੀ ਦਾ ਸਾਇਆ ਸਿਰ ਤੋਂ ਉਠ ਗਿਆ ਸੀ। ਉਨ੍ਹਾਂ ਦੀਆਂ ਵੱਡੀਆਂ ਭੈਣਾਂ ਨੇ ਆਪ ਜੀ ਦਾ ਪਾਲਣ ਪੋਸ਼ਣ ਕੀਤਾ। ਆਪ ਜੀ ਦਾ ਵਿਆਹ ਸ੍ਰੀਮਤੀ ਰਾਮਾ ਬਾਈ ਜੀ ਨਾਲ ਦਾਜ ਦਹੇਜ ਦੀਆਂ ਰਸਮਾਂ ਤੋਂ ਬਿਨਾਂ 1906 ਵਿਚ ਹੋਇਆ। ਆਪ ਜੀ ਦੇ ਪੰਜ ਬੱਚੇ ਸਨ- ਯਸ਼ਵੰਤ, ਰਮੇਸ਼, ਇੰਦੂ, ਰਾਜ ਰਤਨ ਤੇ ਗੰਗਾਧਰ। ਬਿਮਾਰੀ, ਗ਼ਰੀਬੀ ਅਤੇ ਪੈਸੇ ਦੀ ਘਾਟ ਕਾਰਨ ਪੰਜਾਂ ਬੱਚਿਆਂ ਵਿਚੋਂ ਸਿਰਫ਼ ਯਸ਼ਵੰਤ ਹੀ ਬਚ ਸਕਿਆ। ਮਈ 1935 ਵਿਚ ਆਪ ਜੀ ਦੀ ਪਤਨੀ ਰਾਮਾ ਬਾਈ ਜੀ ਦਾ ਸਖ਼ਤ ਬਿਮਾਰ ਹੋਣ ਕਰ ਕੇ ਦੇਹਾਂਤ ਹੋ ਗਿਆ।
ਡਾ. ਅੰਬੇਡਕਰ ਨੂੰ ਵੀਹਵੀਂ ਅਤੇ ਇੱਕੀਵੀਂ ਸਦੀ ਦੇ ਚਿੰਤਕਾਂ, ਵਿਦਵਾਨਾਂ ਅਤੇ ਸਿਆਸੀ ਆਗੂਆਂ ਨੇ ਬਹੁ-ਪੱਖੀ ਪ੍ਰਤਿਭਾ ਦਾ ਮਾਲਕ ਮੰਨਿਆ ਹੈ। ਉਹ ਭਾਰਤ ਦੇ ਸੰਵਿਧਾਨ ਦੇ ਰਚਣਹਾਰੇ ਅਤੇ ਦਲਿਤਾਂ ਲਈ ਮਾਰਗ ਦਰਸ਼ਕ ਸਾਬਤ ਹੋਏ। ਉਹ ਆਪਣੀ ਬੌਧਿਕ ਸਮਰੱਥਾ ਸਦਕਾ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਦਲਿਤ ਸਮਾਜ ਵਿਚ ਵਿਚਾਰਧਾਰਕ ਕ੍ਰਾਂਤੀ ਲਿਆਉਣ ਕਰ ਕੇ ਉਨ੍ਹਾਂ ਦਾ ਪ੍ਰਾਥਮਿਕ ਸਥਾਨ ਹੈ। ਡਾ. ਅੰਬੇਡਕਰ ਨੇ ਭਾਰਤ ਦੇ ਗ਼ਰੀਬ ਨਾਗਰਿਕਾਂ ਨੂੰ ਵੋਟਾਂ ਦਾ ਬਰਾਬਰ ਦਾ ਹੱਕ ਲੈ ਕੇ ਦਿੱਤਾ ਅਤੇ ਮਜ਼ਦੂਰਾਂ ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਲਈ ਹੱਕ ਦਿਵਾਉਣ ਲਈ ਸੰਘਰਸ਼ ਕੀਤਾ। ਉਹ ਜੀਵਨ ਭਰ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹੇ। ਉਹ ਇਕ ਵਰਗ ਦੇ ਨਹੀਂ ਬਲਕਿ ਸਮਾਜ ਦੇ ਸਾਰੇ ਵਰਗਾਂ ਦੇ ਹੱਕਾਂ ਦੀ ਤਰਜਮਾਨੀ ਕਰਨ ਵਾਲੇ ਨਿਧੜਕ ਆਗੂ ਸਨ ਅਤੇ ਦੂਰ-ਦ੍ਰਿਸ਼ਟੀ ਦੇ ਮਾਲਕ ਸਨ।
ਭਾਰਤ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਨੇ ਮਹੱਤਵਪੂਰਨ ਪੁਸਤਕਾਂ ਦੀ ਰਚਨਾ ਕੀਤੀ ਜੋ ਭਾਰਤੀ ਸਮਾਜ ਦੇ ਵਿਚਾਰਧਾਰਕ ਵਿਕਾਸ ਲਈ ਮੀਲ ਪੱਥਰ ਸਾਬਤ ਹੋ ਰਹੀਆਂ ਹਨ। ‘ਜਾਤ-ਪਾਤ ਦਾ ਬੀਜ ਨਾਸ’ ਪੁਸਤਕ ਵਿਚ ਉਨ੍ਹਾਂ ਨੇ ਜਾਤ-ਪਾਤ ਨੂੰ ਭਾਰਤੀ ਸਮਾਜ ਲਈ ਕੋੜ੍ਹ ਅਤੇ ਮਹਾ ਕਲੰਕ ਦੱਸਿਆ ਹੈ। ਉਨ੍ਹਾਂ ਨੇ ਭਾਰਤੀ ਸਮਾਜ ਵਿਚ ਸ਼ੂਦਰ ਕੌਣ ਹਨ, ਦੀ ਇਤਿਹਾਸਕ ਦ੍ਰਿਸ਼ਟੀ ਤੋਂ ਸ਼ਨਾਖ਼ਤ ਕੀਤੀ। ‘ਕਾਂਗਰਸ ਅਤੇ ਗਾਂਧੀ ਨੇ ਅਛੂਤਾਂ ਲਈ ਕੀ ਕੀਤਾ’ ਉਨ੍ਹਾਂ ਦੀ ਆਲੋਚਨਾਤਮਿਕ ਪੁਸਤਕ ਹੈ। ‘ਪਾਕਿਸਤਾਨ ਜਾਂ ਭਾਰਤ ਦਾ ਬਟਵਾਰਾ’ ਪੁਸਤਕ ਦੋਵਾਂ ਮੁਲਕਾਂ ਨੂੰ ਇਕਜੁੱਟ ਰੱਖਣ ਲਈ ਵੱਡੀ ਨਸੀਹਤ ਹੈ। ਉਨ੍ਹਾਂ ਦਲਿਤ ਸਮਾਜ ਦੀ ਮੁਕਤੀ ਲਈ ਬੁੱਧ ਜਾਂ ਕਾਰਲ ਮਾਰਕਸ ਦਾ ਤੁਲਨਾਤਮਕ ਅਧਿਐਨ ਕੀਤਾ। ‘ਹਿੰਦੂ ਧਰਮ ਦੀਆਂ ਬੁਝਾਰਤਾਂ’ ਅਤੇ ‘ਵੀਜ਼ੇ ਦਾ ਇੰਤਜ਼ਾਰ’ ਪੁਸਤਕ ਦਲਿਤ ਸਮਾਜ ਨੂੰ ਸੇਧ ਦੇਣ ਵਾਲੀ ਹੈ। ‘ਰੁਪਏ ਦੀ ਸਮੱਸਿਆ, ਇਸ ਦਾ ਆਰੰਭ ਅਤੇ ਹੱਲ’ ਵਿਚ ਗਹਿਰਾ ਆਰਥਿਕ ਵਿਸਲੇਸ਼ਣ ਹੈ। ਭਾਰਤੀ ਸਮਾਜ ਅਤੇ ਦਲਿਤ ਲੋਕਾਂ ਨੂੰ ‘ਹਿੰਦੂ ਧਰਮ ਦੀ ਫ਼ਿਲਾਸਫ਼ੀ’ ਪੁਸਤਕ ਰਾਹੀਂ ਗਹਿਰਾ ਅਨੁਭਵ ਮੁਹੱਈਆ ਕੀਤਾ ਹੈ। ‘ਫੈਡਰੇਸ਼ਨ ਬਨਾਮ ਆਜ਼ਾਦੀ’ ਵਿਚ ਮਨੁੱਖੀ ਹੱਕਾਂ ਬਾਰੇ ਜਾਣਕਾਰੀ ਮਿਲਦੀ ਹੈ। ‘ਵਿਦੇਸ਼ੀ ਨੂੰ ਗੁਜ਼ਾਰਿਸ਼’ ਅਤੇ ‘ਗਾਂਧੀ ਅਤੇ ਅਛੂਤਾਂ ਦਾ ਉਧਾਰ’ ਵਿਚ ਭਾਰਤੀ ਸਮਾਜ ਦੀ ਨਬਜ਼ ਅਤੇ ਰਮਜ਼ ਫੜੀ ਗਈ ਹੈ। ‘ਭਾਰਤੀ ਮੁਦਰਾ ਅਤੇ ਬੈਂਕਾਂ ਦਾ ਇਤਿਹਾਸ’ ਆਰਥਿਕ ਮਾਹਰਾਂ ਨੇ ਖੂਬ ਸਲਾਹੀ ਹੈ। ਭਾਰਤੀ ਲੋਕ ਨੀਚ ਕਿਵੇਂ ਬਣੇ, ਬਾਰੇ ‘ਅਛੂਤ ਕੌਣ ਅਤੇ ਕੈਸੇ’ ਵਿਚ ਵਿਸਤਾਰ ਸਹਿਤ ਜਾਣਕਾਰੀ ਮਿਲਦੀ ਹੈ। ‘ਬੁੱਧ ਅਤੇ ਉਸ ਦਾ ਧੱਮ’ ਉਨ੍ਹਾਂ ਦੀ ਆਖਰੀ ਪੁਸਤਕ ਮੰਨੀ ਗਈ ਹੈ।
ਡਾ. ਅੰਬੇਡਕਰ ਨੂੰ ਬਚਪਨ ਤੋਂ ਲੈ ਕੇ ਅੰਤਲੇ ਜੀਵਨ ਤੱਕ ਅਪਮਾਨ ਸਹਿਣਾ ਪਿਆ ਅਤੇ ਇਸ ਵਿਰੁੱਧ ਸੰਘਰਸ਼ ਵੀ ਕਰਨਾ ਪਿਆ। ਉਨ੍ਹਾਂ 20 ਜੁਲਾਈ, 1924 ਨੂੰ ਇਨਕਲਾਬ ਲਈ ਹਿਤਕਾਰਨੀ ਸਭਾ ਦੀ ਸਥਾਪਨਾ ਕੀਤੀ ਜੋ ਬਾਈਕਾਟ ਕੀਤੇ ਲੋਕਾਂ ਦੀ ਸੰਸਥਾ ਸੀ। ਉਨ੍ਹਾਂ ਨੇ ਦਲਿਤਾਂ ਦੇ ਅਧਿਕਾਰਾਂ ਲਈ ਮੂਕ ਨਾਇਕ ਅਤੇ ਗੂੰਗਿਆਂ ਦੀ ਅਵਾਜ਼ ਹਫ਼ਤਾਵਾਰੀ ਅਖ਼ਬਾਰ ਚਾਲੂ ਕੀਤਾ ਅਤੇ ਜਨਵਰੀ 1927 ਨੂੰ ਪੂਨਾ ਦੇ ਇਤਿਹਾਸਕ ਕੋਰੇਗਾਓਂ ਯੁੱਧ ਸਮਾਰਕ ਵਿਖੇ ਅਛੂਤਾਂ ਅਤੇ ਦਲਿਤਾਂ ਦੇ ਹੱਕਾਂ ਲਈ ਕਾਨਫ਼ਰੰਸ ਕੀਤੀ। ਮਹਾਰਾਸ਼ਟਰ ਦੇ ਸ਼ਹਿਰ ਮਹਾਡ ਵਿਚ ਦਲਿਤਾਂ ਨੂੰ ਸਾਫ਼ ਪਾਣੀ ਪੀਣ ਦੀ ਮਨਾਹੀ ਸੀ, ਜਦਕਿ ਕੁੱਤੇ, ਬਿੱਲੇ, ਪਸ਼ੂ, ਪੰਛੀ ਵੀ ਪਾਣੀ ਪੀ ਸਕਦੇ ਸਨ। 20 ਮਾਰਚ 1927 ਨੂੰ ਉਨ੍ਹਾਂ ਸਾਫ਼ ਪਾਣੀ ਪੀਣ ਦੇ ਹੱਕ ਲਈ ਮੋਰਚਾ ਲਾਇਆ। ਆਪ ਨੇ ਮਜ਼ਦੂਰਾਂ ਕਿਸਾਨਾਂ ਦੀ ਵਗ਼ਾਰ ਵਧਾਉਣ ਲਈ ਅੰਦੋਲਨ ਕੀਤਾ। ਇੱਥੇ ਵਗਾਰ ਵਿਚ ਮਜ਼ਦੂਰਾਂ ਨੂੰ ਮਜ਼ਦੂਰੀ ਨਹੀਂ, ਜੂਠ ਦਿੱਤੀ ਜਾਂਦੀ ਸੀ। ਇਸ ਵਿਰੁੱਧ ਅੰਬੇਡਕਰ ਨੇ 19 ਮਾਰਚ 1928 ਨੂੰ ਲਾਮਿਸ਼ਾਲ ਸੰਘਰਸ਼ ਸ਼ੁਰੂ ਕੀਤਾ। ਉਹ ਦਲਿਤਾਂ ਲਈ ਲੰਗੜੀ ਆਜ਼ਾਦੀ ਨਹੀਂ, ਸੰਪੂਰਨ ਸੁਤੰਤਰਤਾ ਚਾਹੁੰਦੇ ਸਨ। 2 ਮਾਰਚ 1930 ਨੂੰ ਨਾਸਿਕ ਦੇ ਕਾਲਾ ਰਾਮ ਮੰਦਰ ਵਿਚ ਦਲਿਤਾਂ ਦੇ ਅੰਦਰ ਜਾਣ ਲਈ ਮੋਰਚਾ ਸ਼ੁਰੂ ਕੀਤਾ। ਉਹ ਸਮਾਜਿਕ ਹਾਲਾਤ ਵਿਰੁੱਧ ਲੜਨ ਲਈ ਆਖਦੇ ਸਨ ਕਿ ‘ਮੇਰਾ ਸਮਾਜ ਸੁੱਤਾ ਪਿਆ ਹੈ, ਇਸ ਲਈ ਮੈਂ ਜਾਗਦਾ ਹਾਂ।’ ਉਨ੍ਹਾਂ ਅਗਸਤ 1936 ਵਿਚ ਆਜ਼ਾਦ ਮਜ਼ਦੂਰ ਪਾਰਟੀ ਬਣਾ ਕੇ ਮਜ਼ਦੂਰ ਜਮਾਤ ਦੇ ਹੱਕਾਂ ਲਈ ਦੇਸ਼ਵਿਆਪੀ ਆਵਾਜ਼ ਉਠਾਈ। ਉਨ੍ਹਾਂ ਨੇ ਆਪਣੀ ਖੋਜ ਪੁਸਤਕ ਅਛੂਤ ਕੌਣ ਅਤੇ ਕਿਵੇਂ ਸੰਤ ਗੁਰੂ ਰਵਿਦਾਸ ਜੀ, ਸੰਤ ਚੋਖਾ ਮੇਲਾ ਜੀ ਅਤੇ ਸੰਤ ਨੰਦਨਾਰ ਜੀ ਨੂੰ ਸਮਰਪਿਤ ਕੀਤੀ। ਅੰਬੇਡਕਰ ਨੂੰ ਔਰਤਾਂ ਦੇ ਹੱਕਾਂ ਦਾ ਝੰਡਾ ਬਰਦਾਰ ਕਿਹਾ ਗਿਆ ਹੈ, ਉਹ ਔਰਤਾਂ ਨੂੰ ਅਤਿਆਚਾਰਾਂ ਤੋਂ ਬਚਾਉਣ ਲਈ ਤਲਾਕ ਦਾ ਹੱਕ, ਜਾਇਦਾਦ ਦੀ ਮਾਲਕੀ ਦਾ ਹੱਕ, ਆਪਣਾ ਵਾਰਿਸ ਚੁਣਨ ਦਾ ਹੱਕ ਅਤੇ ਬੱਚਾ ਗੋਦ ਲੈਣ ਦਾ ਹੱਕ (ਹਿੰਦੂ ਕੋਡ ਬਿਲ ਰਾਹੀਂ) ਲੈ ਕੇ ਦੇਣਾ ਚਾਹੁੰਦੇ ਸਨ ਪਰ ਬਿਲ ਪਾਸ ਨਾ ਹੋਣ ਦੇਣ ਕਰ ਕੇ ਉਨ੍ਹਾਂ ਨੇ 28 ਸਤੰਬਰ 1951 ਨੂੰ ਮੰਤਰੀ ਮੰਡਲ ਤੋਂ ਤਿਆਗ ਪੱਤਰ ਦੇ ਦਿੱਤਾ।
ਡਾ. ਅੰਬੇਡਕਰ ਅਨੁਸਾਰ ਮਜ਼ਦੂਰ ਜਮਾਤ ਦੇ ਦੋ ਦੁਸ਼ਮਣ ਹਨ- ਪੂੰਜੀਵਾਦ ਅਤੇ ਬ੍ਰਾਹਮਣਵਾਦ। ਉਹ ਇਹ ਵੀ ਆਖਦੇ ਹਨ ਕਿ ਤੁਹਾਡੇ ਪੈਰਾਂ ਵਿਚ ਜੁੱਤੀ ਭਾਵੇਂ ਨਾ ਹੋਵੇ ਲੇਕਿਨ ਤੁਹਾਡੇ ਹੱਥਾਂ ਵਿਚ ਕਿਤਾਬਾਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ, ਕਿਤਾਬਾਂ ਦਾ ਗਿਆਨ ਸ਼ੇਰਨੀ ਦਾ ਦੁੱਧ ਹੈ ਜੋ ਵੀ ਪੀਂਦਾ ਹੈ, ਉਸ ਨੂੰ ਦਹਾੜਨਾ ਆ ਜਾਂਦਾ ਹੈ। ਉਨ੍ਹਾਂ ਦਾ ਪੈਗ਼ਾਮ ਹੈ ਕਿ ਪੜ੍ਹੋ (ਲਿਖੋ), ਜੁੜੋ (ਜਥੇਬੰਦ ਹੋਵੋ) ਅਤੇ ਸੰਘਰਸ਼ ਕਰੋ। ਸਿੱਖਿਆ ਸਾਰੇ ਦੁੱਖਾਂ ਦਾ ਵਿਨਾਸ਼ ਕਰਦੀ ਹੈ ਅਤੇ ਇਕ ਕਲਮ ਵਿਚ ਹਜ਼ਾਰਾਂ ਤਲਵਾਰਾਂ ਨਾਲੋਂ ਜ਼ਿਆਦਾ ਤਾਕਤ ਹੁੰਦੀ ਹੈ। ਅੰਬੇਡਕਰ ਅਨੁਸਾਰ ਕਿਸੇ ਨੂੰ ਬੰਦੂਕ ਦੇਣਾ ਆਸਾਨ ਹੈ, ਬੁੱਧੀ ਦੇਣਾ ਕਠਿਨ ਹੈ। ਦੁਨੀਆ ਦੀ ਕੋਈ ਵੀ ਜੰਗ ਬੁੱਧੀ ਤੋਂ ਬਿਨਾਂ ਨਹੀਂ ਜਿੱਤੀ ਜਾ ਸਕਦੀ। ਉਹ ਆਖਦੇ ਸਨ ਕਿ ਮੰਗਣ ਨਾਲ ਭੀਖ ਮਿਲਦੀ ਹੈ, ਅਧਿਕਾਰ ਨਹੀਂ। ਇਹ ਸੰਘਰਸ਼ ਨਾਲ ਖੋਹੇ ਜਾਂਦੇ ਹਨ।
ਉਹ ਅਕਸਰ ਆਖਦੇ ਕਿ ਲੜਾਈ ਸਿਧਾਂਤਾਂ ਅਤੇ ਅਸੂਲਾਂ ਨਾਲ ਲੜੀ ਜਾਂਦੀ ਹੈ, ਹਰ ਸਮਾਜਿਕ ਪਰਿਵਰਤਨ ਲਈ ਵਿਚਾਰਾਂ ਦੀ ਤਬਦੀਲੀ ਜ਼ਰੂਰੀ ਹੈ। ਕੀਮਤ ਚੁਕਾਉਣ ਤੋਂ ਬਿਨਾਂ ਪਰਿਵਰਤਨ ਸੰਭਵ ਨਹੀਂ। ਉਨ੍ਹਾਂ ਨੇ ਏਕਤਾ ਬਾਰੇ ਕਿਹਾ ਹੈ ਕਿ ਸਮਾਜਿਕ ਏਕਤਾ ਤੋਂ ਬਿਨਾਂ ਸਿਆਸੀ ਏਕਤਾ ਮੁਸ਼ਕਿਲ ਹੈ। ਚਰਿੱਤਰ ਅਤੇ ਮਾਨਵਤਾ ਤੋਂ ਬਗੈਰ ਸਿੱਖਿਅਤ ਸ਼ਖ਼ਸ ਪਸ਼ੂ ਸਮਾਨ ਹੈ। ਉਨ੍ਹਾਂ ਦਾ ਕਥਨ ਹੈ ਕਿ ਸਿਆਸੀ ਸੱਤਾ ਹੀ ਸਮਾਜਿਕ ਤੇ ਆਰਥਿਕ ਆਜ਼ਾਦੀ ਦੀ ਕੁੰਜੀ ਹੈ। ਇਸ ਲਈ ਮਜ਼ਦੂਰਾਂ ਕਿਸਾਨਾਂ ਨੂੰ ਮਜ਼ਬੂਤ ਪਾਰਟੀ ਬਣਾਉਣੀ ਅਤੇ ਇਮਾਨਦਾਰ ਲੀਡਰਸ਼ਿਪ ਪੈਦਾ ਕਰਨੀ ਚਾਹੀਦੀ ਹੈ। ਉਹ ਆਖਦੇ ਹੁੰਦੇ ਸਨ ਕਿ ਆਪਣੇ ਆਪ ਨੂੰ ਹਾਕਮ ਕੌਮ ਬਣਾਓ ਅਤੇ ਆਪਣੇ ਹੱਕਾਂ ਦੀ ਰਾਖੀ ਕਰੋ। ਆਪਣੀ ਸਿਰਜਣਾ ਅਤੇ ਜਦੋਜਹਿਦ ਦਾ ਨਿਚੋੜ ਕੱਢਦਿਆਂ ਉਨ੍ਹਾਂ ਲੋਕਾਂ ਨੂੰ ਕਿਹਾ ਸੀ- ਮੈਂ ਤੁਹਾਨੂੰ ਸਿਆਸੀ ਆਜ਼ਾਦੀ ਦੇ ਚੱਲਿਆ ਹਾਂ। ਹੁਣ ਤੁਸੀਂ ਸਮਾਜਿਕ ਅਤੇ ਆਰਥਿਕ ਆਜ਼ਾਦੀ ਲਈ ਲੜਨਾ ਹੈ। ਮੈਂ ਲੜਦਿਆਂ ਲੜਦਿਆਂ ਕਾਰਵਾਂ ਇਸ ਮੁਕਾਮ ਤੱਕ ਲਿਆਂਦਾ ਹੈ, ਤੁਸੀਂ ਇਸ ਨੂੰ ਅੱਗੇ ਲੈ ਕੇ ਜਾਣਾ ਹੈ।
ਡਾ. ਅੰਬੇਡਕਰ ਮਹਾਤਮਾ ਬੁੱਧ ਦੇ ਅਸ਼ਟਾਂਗ ਮਾਰਗ ਅਤੇ ਦਸ ਪ੍ਰਤਿਗਿਆਵਾਂ ਤੋਂ ਪ੍ਰਭਾਵਿਤ ਹੋਏ। 14 ਅਕਤੂਬਰ 1956 ਨੂੰ ਉਨ੍ਹਾਂ ਨੇ ਬੁੱਧ ਧਰਮ ਦੇ ਤ੍ਰੀਸ਼ਰਨ (ਬੁੱਧ, ਧੱਮ ਅਤੇ ਸੰਘ) ਅਤੇ ਪੰਚਸ਼ੀਲ (ਜੀਵ ਹੱਤਿਆ ਨਾ ਕਰਨਾ, ਚੋਰੀ ਨਾ ਕਰਨਾ, ਵਿਸ਼ੇ ਵਿਕਾਰਾਂ ਤੋਂ ਦੂਰ ਰਹਿਣਾ, ਝੂਠ ਨਾ ਬੋਲਣਾ, ਨਸ਼ਿਆਂ ਤੋਂ ਦੂਰ ਰਹਿਣਾ) ਦੀ ਸਹੁੰ ਚੁੱਕ ਕੇ ਬੁੱਧ ਧਰਮ ਗ੍ਰਹਿਣ ਕੀਤਾ ਅਤੇ ਉਹ 6 ਦਸੰਬਰ, 1956 ਨੂੰ ਸੰਸਾਰਕ ਯਾਤਰਾ ਪੂਰੀ ਕਰ ਗਏ।