ਡਾ. ਬਲਬੀਰ ਦੇ ਮੰਤਰੀ ਬਣਨ ਨਾਲ ਪਟਿਆਲਾ ਨੂੰ ਮਿਲੇ ਦੋ ਵਜ਼ੀਰ

ਡਾ. ਬਲਬੀਰ ਦੇ ਮੰਤਰੀ ਬਣਨ ਨਾਲ ਪਟਿਆਲਾ ਨੂੰ ਮਿਲੇ ਦੋ ਵਜ਼ੀਰ

ਪਟਿਆਲਾ- ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਦੇ ਮੰਤਰੀ ਬਣਨ ਨਾਲ ਜ਼ਿਲ੍ਹੇ ’ਚ ਮੰਤਰੀਆਂ ਦੀ ਗਿਣਤੀ ਦੋ ਹੋ ਗਈ ਹੈ। ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਪਹਿਲਾਂ ਹੀ ਮੰਤਰੀ ਹਨ। ਡਾ. ਬਲਬੀਰ ਨੂੰ ਮਿਲਿਆ ਸਿਹਤ ਵਿਭਾਗ ਪਹਿਲਾਂ ਜੌੜਾਮਾਜਰਾ ਕੋਲ ਸੀ। ਸ੍ਰੀ ਜੌੜਾਮਾਜਰਾ ਨੂੰ ਹੁਣ ਫੌਜਾ ਸਿੰਘ ਸਰਾਰੀ ਵਾਲਾ ਮਹਿਕਮਾ ਦੇ ਦਿੱਤਾ ਹੈ, ਜਿਨ੍ਹਾਂ ਨੇ ਕੈਬਨਿਟ ਤੋਂ ਅੱਜ ਹੀ ਅਸਤੀਫਾ ਦਿੱਤਾ ਹੈ। ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣ ਵਾਲੇ ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਅਜੀਤਪਾਲ ਕੋਹਲੀ ਦੇ ਮੰਤਰੀ ਬਣਨ ਦੀਆਂ ਉਮੀਦਾਂ ’ਤੇ ਇੱਕ ਵਾਰ ਫਿਰ ਪਾਣੀ ਫਿਰ ਗਿਆ ਹੈ।

ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਪਹਿਲਾਂ ਵੀ ਕਈ ਵਾਰ ਪਟਿਆਲਾ ਤੋਂ ਜਿੱਤੇ ਵਿਧਾਇਕਾਂ ਕੋਲ ਰਿਹਾ ਹੈ। 1992 ਤੋਂ 1995 ਵਾਲੀ ਸਰਕਾਰ ’ਚ ਪਟਿਆਲਾ ਦੇ ਵਿਧਾਇਕ ਵਜੋਂ ਬ੍ਰਹਮ ਮਹਿੰਦਰਾ ਵੀ ਸਿਹਤ ਮੰਤਰੀ ਸਨ। ਫਿਰ ਪਿਛਲੀ ਕੈਪਟਨ ਸਰਕਾਰ ’ਚ ਵੀ ਬਹੁਤਾ ਸਮਾਂ ਬ੍ਰਹਮ ਮਹਿੰਦਰਾ ਹੀ ਸਿਹਤ ਮੰਤਰੀ ਰਹੇ। ਉਹ ਉਦੋਂ ਇਸੇ ਹਲਕੇ ਦੇ ਵਿਧਾਇਕ ਸਨ, ਜਿਥੋਂ ਹੁਣ ਡਾ. ਬਲਬੀਰ ਸਿੰਘ ਹਨ।

1992 ਤੋਂ 1995 ਵਾਲੀ ਸਰਕਾਰ ’ਚ ਇੱਕ ਸਮਾਂ ਅਜਿਹਾ ਵੀ ਆਇਆ, ਜਦੋਂ ਪਟਿਆਲਾ ਜ਼ਿਲ੍ਹੇ ਨੂੰ ਇਕੱਠੀਆਂ ਚਾਰ ਵਜ਼ੀਰੀਆਂ ਮਿਲੀਆਂ। ਉਦੋਂ ਲਾਲ ਸਿੰਘ, ਜਸਜੀਤ ਰੰਧਾਵਾ, ਰਾਜ ਖੁਰਾਣਾ ਅਤੇ ਮਹਿੰਦਰ ਗਿੱਲ ਮੰਤਰੀ ਸਨ। ਦਿਲਚਸਪ ਪਹਿਲੂ ਇਹ ਵੀ ਹੈ ਕਿ ਇਨ੍ਹਾਂ ਚਾਰਾਂ ਵਜ਼ੀਰਾਂ ਦੇ ਹਲਕੇ ਕ੍ਰਮਵਾਰ ਡਕਾਲਾ, ਘਨੌਰ, ਰਾਜਪੁਰਾ ਅਤੇ ਬਨੂੜ ਇੱਕ ਦੂਜੇ ਨਾਲ ਖਹਿੰਦੇ ਸਨ। ਇਸ ਤਰ੍ਹਾਂ ਵਜ਼ੀਰੀਆਂ ਦੇ ਮਾਮਲੇ ’ਚ ਪਟਿਆਲਾ ਦੀ ਚੰਗੀ ਚੜ੍ਹਤ ਰਹੀ ਹੈ। ਹੁਣ ਵੀ ਲੋਕਾਂ ਨੂੰ ਅਜੀਤਪਾਲ ਕੋਹਲੀ ਦੇ ਵਜ਼ੀਰ ਬਣਨ ਦੀ ਆਸ ਹੈ। ਅਜੀਤਪਾਲ ਦੇ ਪਿਤਾ ਸੁਰਜੀਤ ਕੋਹਲੀ ਅਤੇ ਦਾਦਾ ਸਰਦਾਰਾ ਸਿੰਘ ਕੋਹਲੀ ਵੀ ਵਜ਼ੀਰ ਰਹਿ ਚੁੱਕੇ ਹਨ। ਪਿਛਲੀ ਸਰਕਾਰ ’ਚ ਵੀ ਪਟਿਆਲਾ ਕੋਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਮੰਤਰੀਆਂ ਬ੍ਰਹਮ ਮਹਿੰਦਰਾ ਅਤੇ ਸਾਧੂ ਸਿੰਘ ਧਰਮਸੋਤ ’ਤੇ ਆਧਾਰਤ ਤਿੰਨ ਨੁਮਾਇੰਦਗੀਆਂ ਸਨ। 2002 ਵਾਲੀ ਕੈਪਟਨ ਸਰਕਾਰ ’ਚ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਜਦਕਿ ਲਾਲ ਸਿੰਘ ਅਤੇ ਜਸਜੀਤ ਸਿੰਘ ਰੰਧਾਵਾ ਮੰਤਰੀ ਰਹੇ। ਇਸੇ ਤਰ੍ਹਾਂ ਹੁਣ ਗੁਆਂਢੀ ਜ਼ਿਲ੍ਹੇ ਸੰਗਰੂਰ ’ਚ ਵੀ ਮੁੱਖ ਮੰਤਰੀ ਸਮੇਤ ਦੋ ਮੰਤਰੀ ਹਨ।

ਅੰਨਾ ਹਜ਼ਾਰੇ ਦੀ ਮੁਹਿੰਮ ਤੋਂ ਸਰਗਰਮ ਹਨ ਡਾ. ਬਲਬੀਰ ਸਿੰਘ

ਪਟਿਆਲਾ: ‘ਆਪ’ ਸਰਕਾਰ ਵੱਲੋਂ ਬਣਾਏ ਗਏ ਨਵੇਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅੰਨਾ ਹਜ਼ਾਰੇ ਦੀ ਮੁਹਿੰਮ ਤੋਂ ਸਰਗਰਮ ਹਨ। ਉਹ ਪੇਸ਼ੇ ਵਜੋਂ ਅੱਖਾਂ ਦੇ ਇਲਾਜ ਦੇ ਮਾਹਿਰ ਡਾਕਟਰ ਹਨ। ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਕਿਸਾਨ ਅੰਦੋਲਨ ਵਿੱਚ ਵੀ ਉਨ੍ਹਾਂ ਡਾਕਟਰ ਵਜੋਂ ਸੇਵਾ ਨਿਭਾਈ। ਚੋਣਾਂ ਦੌਰਾਨ ਚਰਚਾ ਛਿੜੀ ਸੀ ਕਿ ਉਨ੍ਹਾਂ ਨੂੰ ‘ਆਪ’ ਵੱਲੋਂ ਟਿਕਟ ਵੀ ਸੰਯੁਕਤ ਕਿਸਾਨ ਮੋਰਚੇ ਦੀ ਸਿਫਾਰਸ਼ ’ਤੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸਾਲ 2017 ’ਚ ਵੀ ਡਾ. ਬਲਬੀਰ ਸਿੰਘ ਪਟਿਆਲਾ ਸ਼ਹਿਰੀ ਹਲਕੇ ਤੋਂ ‘ਆਪ’ ਵੱਲੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਪਰ ਉਦੋਂ ਉਹ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਹਾਰ ਗਏ ਸਨ।