ਡਾਕਟਰਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ

ਡਾਕਟਰਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ

ਜੂਨੀਅਰ ਡਾਕਟਰਾਂ ਦੀਆਂ ਤਨਖਾਹਾਂ ਕੇਂਦਰੀ ਨਿਯਮਾਂ ਮੁਤਾਬਕ ਦੇਣ ਦੀ ਮੰਗ
ਚੰਡੀਗੜ੍ਹ- ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ (ਜੀ.ਐੱਮ.ਸੀ.ਐੱਚ.) ਸੈਕਟਰ-32 ਵਿੱਚ ਰੈਜ਼ੀਡੈਂਟਸ ਡਾਕਟਰਜ਼ ਐਸੋਸੀਏਸ਼ਨ ਨੇ ਹਸਪਤਾਲ ਦੇ ਸਮੂਹ ਡਾਕਟਰਾਂ ਨੂੰ ਕੇਂਦਰੀ ਸੇਵਾ ਨਿਯਮਾਂ ਮੁਤਾਬਕ ਤਨਖਾਹਾਂ ਲਾਗੂ ਕਰਵਾਉਣ ਲਈ ਪਹਿਲਾਂ ਤੋਂ ਦਿੱਤੀ ਸੰਘਰਸ਼ ਦੀ ਚਿਤਾਵਨੀ ਮੁਤਾਬਕ ਅੱਜ ਤੋਂ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ।

ਹਸਪਤਾਲ ਵਿੱਚ ਸਿਰਫ਼ ਐਮਰਜੈਂਸੀ ਸੇਵਾਵਾਂ ਦੀ ਡਿਊਟੀ ਨਿਭਾਈ ਗਈ ਜਦਕਿ ਹੋਰ ਗੈਰ-ਐਮਰਜੈਂਸੀ ਸੇਵਾਵਾਂ ਬੰਦ ਕਰਕੇ ਡਾਕਟਰਾਂ ਨੇ ਗੇਟ ਨੰਬਰ 4 ਉਤੇ ਬੈਠ ਕੇ ਧਰਨਾ ਦਿੱਤਾ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਐਸੋਸੀਏਸ਼ਨ ਦੀ ਪ੍ਰਧਾਨ ਡਾ. ਸਿਮਰਨ ਕੌਰ ਸੇਠੀ ਅਤੇ ਜਨਰਲ ਸਕੱਤਰ ਡਾ. ਦਲਜੋਤ ਕੌਰ ਨੇ ਕਿਹਾ ਕਿ ਸੀਨੀਅਰ ਰੈਜ਼ੀਡੈਂਟਸ ਡਾਕਟਰਾਂ ਦੀਆਂ ਤਨਖਾਹਾਂ 1 ਅਪਰੈਲ 2022 ਤੋਂ ਕੇਂਦਰੀ ਸੇਵਾ ਨਿਯਮਾਂ ਮੁਤਾਬਕ ਸ਼ੁਰੂ ਹੋ ਗਈਆਂ ਸਨ ਪ੍ਰੰਤੂ ਜੂਨੀਅਰ ਨਾਲ ਇਸ ਵਿੱਚ ਵਿਤਕਰਾ ਕੀਤਾ ਗਿਆ। ਪਿਛਲੇ ਲਗਪਗ ਡੇਢ ਸਾਲ ਤੋਂ ਜੂਨੀਅਰ ਡਾਕਟਰਜ਼ ਇਸ ਮੰਗ ਨੂੰ ਵਾਰ-ਵਾਰ ਦੁਹਰਾਉਂਦੇ ਆ ਰਹੇ ਹਨ ਜਿਸ ਦੇ ਚਲਦਿਆਂ ਕੁਝ ਦਿਨ ਪਹਿਲਾਂ 4 ਸਤੰਬਰ ਨੂੰ ਮੋਮਬੱਤੀ ਮਾਰਚ ਕੱਢ ਕੇ ਵੀ ਪ੍ਰਸ਼ਾਸਨ ਦਾ ਧਿਆਨ ਇਸ ਪਾਸੇ ਵੱਲ ਦਿਵਾਇਆ ਸੀ ਤੇ 12 ਸਤੰਬਰ ਤੋਂ ਹੜਤਾਲ ਕਰਨ ਦੀ ਵੀ ਚਿਤਾਵਨੀ ਦਿੱਤੀ ਗਈ ਸੀ। ਡਾਕਟਰਾਂ ਦੀ ਇਸ ਮੰਗ ਬਾਰੇ ਯੂ.ਟੀ. ਚੰਡੀਗੜ੍ਹ ਦੇ ਸਿਹਤ ਸਕੱਤਰ ਨਾਲ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰੰਤੂ ਕੋਈ ਹੱਲ ਨਹੀਂ ਕੱਢਿਆ ਗਿਆ। ਕੋਈ ਸੁਣਵਾਈ ਨਾ ਹੁੰਦੀ ਦੇਖ ਡਾਕਟਰਾਂ ਨੇ ਮਜਬੂਰ ਹੋ ਕੇ ਅੱਜ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਹੜਤਾਲ ਦਾ ਪਹਿਲਾ ਦਿਨ ਸੀ ਜਿਸ ਦੇ ਚਲਦਿਆਂ ਸਵੇਰੇ 9 ਵਜੇ ਤੋਂ ਸ਼ਾਮ ਸਾਢੇ 5 ਵਜੇ ਤੱਕ ਹੜਤਾਲ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਸੇਵਾ ਨਿਯਮਾਂ ਮੁਤਾਬਕ ਤਨਖਾਹਾਂ ਕੀਤੀਆਂ ਜਾਣ ਅਤੇ ਪਿਛਲਾ ਬਣਦਾ ਬਕਾਇਆ ਵੀ ਡਾਕਟਰਾਂ ਨੂੰ ਦਿੱਤਾ ਜਾਵੇ।
ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹੜਤਾਲ ਨਾ ਕਰਨ ਦੀ ਅਪੀਲ

ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਨੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਦੇ ਹੜਤਾਲ ’ਤੇ ਜਾਣ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਕਿ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਰੈਜ਼ੀਡੈਂਟ ਡਾਕਟਰਾਂ ਦੀਆਂ ਮੰਗਾਂ ਨੂੰ ਲੈ ਕੇ ਸਰਗਰਮੀ ਨਾਲ ਚਰਚਾ ਕੀਤੀ ਹੈ। ਵਿਚਾਰ-ਵਟਾਂਦਰੇ ਵਿੱਚ ਸਿਹਤ ਸਕੱਤਰ ਅਤੇ ਡਾਇਰੈਕਟਰ ਸਿਹਤ ਨਾਲ ਵਿੱਤ ਸਕੱਤਰ ਦੀਆਂ ਮੀਟਿੰਗਾਂ ਅਤੇ ਰੈਜ਼ੀਡੈਂਟ ਡਾਕਟਰਾਂ ਨਾਲ ਸਕੱਤਰ ਸਿਹਤ ਦੀਆਂ ਮੀਟਿੰਗਾਂ ਵੀ ਹੋਈਆਂ ਜਿਸ ਦੌਰਾਨ ਇਨ੍ਹਾਂ ਡਾਕਟਰਾਂ ਦੀਆਂ ਤਨਖਾਹਾਂ ਵਾਲੀ ਫਾਈਲ ਵਿੱਚ ਕੁਝ ਸੋਧ ਕੀਤੀ ਗਈ ਹੈ। ਅੱਜ ਸੋਧੀ ਹੋਈ ਫਾਈਲ ਵਿੱਤ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ। ਪ੍ਰਸ਼ਾਸਨ ਇਸ ਮੁੱਦੇ ਦੇ ਜਲਦੀ ਹੱਲ ਲਈ ਯਤਨਸ਼ੀਲ ਹੈ ਪ੍ਰੰਤੂ ਰੈਜ਼ੀਡੈਂਟ ਡਾਕਟਰਾਂ ਨੂੰ ਹੜਤਾਲ ਦੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਇਸ ਸਮੇਂ ਦੌਰਾਨ ਮਰੀਜ਼ਾਂ ਦੀ ਦੇਖਭਾਲ ਸੇਵਾਵਾਂ ਪ੍ਰਭਾਵਿਤ ਨਾ ਹੋਣ।
ਪ੍ਰਸ਼ਾਸਨ ਦਾ ਜ਼ੁਬਾਨੀ ਭਰੋਸਾ ਮੰਨਣ ਤੋਂ ਨਾਂਹ

ਧਰਨਾਕਾਰੀ ਜੂਨੀਅਰ ਰੈਜ਼ਡੈਂਟਸ ਡਾਕਟਰਾਂ ਨੂੰ ਮੈਡੀਕਲ ਸੁਪਰਡੰਟ ਵੱਲੋਂ ਗੱਲਬਾਤ ਲਈ ਆਪਣੇ ਦਫ਼ਤਰ ਬੁਲਾਇਆ ਗਿਆ ਅਤੇ ਇਸ ਮਸਲੇ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਤਾਂ ਡਾਕਟਰਾਂ ਨੇ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਇਸ ਮੰਗ ਨੂੰ ਪੂਰਾ ਕਰਨ ਲਈ ਲਿਖਤੀ ਤੌਰ ’ਤੇ ਨਹੀਂ ਦੇ ਦਿੰਦਾ, ਉਦੋਂ ਤੱਕ ਹੜਤਾਲ ਜਾਰੀ ਰਹੇਗੀ।