ਡਰਾਪ ਆਊਟ ਵਿਦਿਆਰਥੀ ਬਣਿਆ ਮੋਸਟ ਵਾਂਟਿਡ..!

ਡਰਾਪ ਆਊਟ ਵਿਦਿਆਰਥੀ ਬਣਿਆ ਮੋਸਟ ਵਾਂਟਿਡ..!

‘ਵਾਰਿਸ ਪੰਜਾਬ ਦੇ’ ਦਾ ਮੁਖੀ ਬਣਦਿਆਂ ਸ਼ੁਰੂ ਹੋਈ ਸਿਆਸੀ ਹਲਚਲ

ਚੰਡੀਗੜ੍ਹ- ਬਾਬਾ ਬਕਾਲਾ ਤਹਿਸੀਲ ਦੇ ਪਿੰਡ ਜੱਲੂਪੁਰ ਖੇੜਾ ਦਾ ਅੰਮ੍ਰਿਤਪਾਲ ਸਿੰਘ ਕਪੂਰਥਲਾ ਦੇ ਬਹੁ-ਤਕਨੀਕੀ ਕਾਲਜ ਦਾ ਡਰਾਪ ਆਊਟ ਹੈ। ਉਸ ਮਗਰੋਂ ਉਹ ਦੁਬਈ ਵਿਚ ਜਾ ਕੇ ਟਰੱਕ ਡਰਾਈਵਰ ਬਣਦਾ ਹੈ ਅਤੇ ਟਰਾਂਸਪੋਰਟ ਕਾਰੋਬਾਰ ’ਚ ਅੱਗੇ ਵਧਦਾ ਹੈ। ਜਦੋਂ ਉਹ ਅਚਾਨਕ ‘ਵਾਰਿਸ ਪੰਜਾਬ ਦੇ’ ਦਾ ਮੁਖੀ ਬਣਦਾ ਹੈ ਤਾਂ ਉਦੋਂ ਸਿਆਸੀ ਹਲਚਲ ਪੈਦਾ ਹੁੰਦੀ ਹੈ ਅਤੇ ਖ਼ੁਫ਼ੀਆ ਵਿੰਗ ਫ਼ੌਰੀ ਸੁਚੇਤ ਹੁੰਦਾ ਹੈ। ਉਹ ਦਿਨਾਂ ਵਿਚ ਹੀ ਪੰਜਾਬ ਦੀ ਸਿਆਸਤ ਵਿਚ ਕੇਂਦਰ ਬਿੰਦੂ ਬਣ ਜਾਂਦਾ ਹੈ। ਪਹਿਲਾਂ ਖ਼ਾਲਸਾ ਵਹੀਰ ਯਾਤਰਾ ਸ਼ੁਰੂ ਕਰਦਾ ਹੈ ਪਰ ਖ਼ੌਫ਼ ਦਾ ਮਾਹੌਲ ਸੂਬੇ ’ਚ ਉਸ ਵੇਲੇ ਬਣਦਾ ਹੈ ਜਦੋਂ ਅਜਨਾਲਾ ’ਚ ਘਟਨਾ ਵਾਪਰਦੀ ਹੈ। ਜਿੰਨੀ ਤੇਜ਼ੀ ਨਾਲ ਚੜ੍ਹਾਅ ਹੁੰਦਾ ਹੈ, ਉਸੇ ਰਫ਼ਤਾਰ ਨਾਲ ਪੁੱਠਾ ਗੇੜ ਸ਼ੁਰੂ ਹੁੰਦਾ ਹੈ। ਪੰਜਾਬ ਪੁਲੀਸ ਨੇ ਤਿੰਨ ਦਿਨਾਂ ਤੋਂ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਸਰਚ ਅਪਰੇਸ਼ਨ ਸ਼ੁਰੂ ਕੀਤਾ ਹੈ। ਅੰਮ੍ਰਿਤਪਾਲ ਹੁਣ ਦੂਸਰੀ ਖ਼ਾਲਸਾ ਵਹੀਰ ਯਾਤਰਾ ਸ਼ੁਰੂ ਕਰਨ ਵਾਲਾ ਸੀ ਕਿ ਉਸ ਤੋਂ ਪਹਿਲਾਂ ਹੀ ਪੁਲੀਸ ਐਕਸ਼ਨ ਵਿਚ ਆ ਗਈ। ਤਿੰਨ ਦਿਨਾਂ ਤੋਂ ਚੱਪੇ ਚੱਪੇ ’ਤੇ ਪੁਲੀਸ ਹੈ। ਗ੍ਰਿਫ਼ਤਾਰੀ ਲਈ ਸੂਬੇ ਦਾ ਹਰ ਕੋਨਾ ਛਾਣਿਆ ਜਾ ਰਿਹਾ ਹੈ। ਹਾਲੇ ਅੰਮ੍ਰਿਤਪਾਲ ਪੁਲੀਸ ਦੀ ਪਕੜ ਤੋਂ ਬਾਹਰ ਹੈ।

ਸੂਤਰ ਦੱਸਦੇ ਹਨ ਕਿ ਪੁਲੀਸ ਨੂੰ ਖ਼ਦਸ਼ਾ ਸੀ ਕਿ ਦੇਰੀ ਨਾਲ ਸਥਿਤੀ ਆਊਟ ਆਫ਼ ਕੰਟਰੋਲ ਹੋ ਸਕਦੀ ਹੈ। ਸ਼ਨਿਚਰਵਾਰ ਨੂੰ ਪੁਲੀਸ ਹਰਕਤ ਵਿਚ ਆਈ ਪਰ ਅੰਮ੍ਰਿਤਪਾਲ ਸਿੰਘ ਬਚ ਕੇ ਨਿਕਲਣ ’ਚ ਸਫਲ ਹੋ ਗਿਆ। ਵੇਰਵਿਆਂ ਅਨੁਸਾਰ ਅੰਮ੍ਰਿਤਪਾਲ ਸਿੰਘ ਦੀ ਪਹਿਲੀ ਵਾਰ ਸੋਸ਼ਲ ਮੀਡੀਆ ਐਪ ‘ਕਲੱਬ ਹਾਊਸ’ ’ਤੇ ਐਂਟਰੀ ਹੋਈ ਸੀ। ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਮਰਹੂਮ ਦੀਪ ਸਿੱਧੂ ਨੇ ਬਹੁਤਾ ਨੇੜੇ ਨਹੀਂ ਲਾਇਆ ਸੀ ਅਤੇ ਇਸ ਗੱਲ ਦਾ ਖ਼ੁਲਾਸਾ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਵੀ ਕਰ ਚੁੱਕਾ ਹੈ।

ਦੀਪ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ ਮਗਰੋਂ ਅੰਮ੍ਰਿਤਪਾਲ ਸਿੰਘ ‘ਵਾਰਿਸ ਪੰਜਾਬ ਦੇ’ ਦੇ ਨਵੇਂ ਮੁਖੀ ਵਜੋਂ ਪਰਦੇ ’ਤੇ ਆਉਂਦਾ ਹੈ। ਹਾਲਾਂਕਿ ਉਸ ਵੇਲੇ ਅੰਮ੍ਰਿਤਪਾਲ ਅੰਮ੍ਰਿਤਧਾਰੀ ਸਿੱਖ ਨਹੀਂ ਸੀ। ਉਸ ਨੇ 25 ਸਤੰਬਰ 2022 ਨੂੰ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਅੰਮ੍ਰਿਤ ਛਕਿਆ। ਉਸ ਤੋਂ ਪਹਿਲਾਂ ਕੁਝ ਸਮਾਂ ਉਹ ਬਹੁਤਾ ਸਰਗਰਮ ਨਹੀਂ ਰਿਹਾ ਸੀ। ਜਦੋਂ ਅੰਮ੍ਰਿਤਪਾਲ ਸਿੰਘ ਮਰਹੂਮ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਜੱਦੀ ਪਿੰਡ ਰੋਡੇ ਪਹੁੰਚਦਾ ਹੈ ਤਾਂ ਉੱਥੇ ਸਮਾਗਮਾਂ ਵਿਚ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਹੁੰਦੀ ਹੈ। ਸੁਚੇਤ ਹਲਕਿਆਂ ਵਿਚ ਉਸ ਵੇਲੇ ਹੀ ਘੁਸਰ ਮੁਸਰ ਸ਼ੁਰੂ ਹੋ ਜਾਂਦੀ ਹੈ। ਜਿਉਂ ਹੀ 23 ਫਰਵਰੀ ਨੂੰ ਅਜਨਾਲਾ ਥਾਣੇ ’ਤੇ ਸਮਰਥਕਾਂ ਦਾ ਇਕੱਠ ਧਾਵਾ ਬੋਲਦਾ ਹੈ ਤਾਂ ਉਦੋਂ ਪੰਜਾਬ ਦੀ ਫ਼ਿਜ਼ਾ ਵਿਚ ਖ਼ੌਫ਼ ਦਾ ਮਾਹੌਲ ਪੈਦਾ ਹੁੰਦਾ ਹੈ। ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤ ਪ੍ਰਚਾਰ ਮੁਹਿੰਮ ਚਲਾਈ ਅਤੇ ਨਾਲ ਹੀ ਨਸ਼ਿਆਂ ਖ਼ਿਲਾਫ਼ ਪ੍ਰਚਾਰ ਸ਼ੁਰੂ ਕੀਤਾ। ਉਹ ਜਲੰਧਰ ਦੇ ਦੋ ਗੁਰੂ ਘਰਾਂ ਵਿਚ ਸ਼ਰਧਾਲੂਆਂ ਨੂੰ ਕੁਰਸੀਆਂ ਦੀ ਸਹੂਲਤ ਦੇਣ ਦਾ ਵਿਰੋਧ ਕਰਦਾ ਹੈ। ਪੰਜਾਬ ਸਰਕਾਰ ਇਹ ਸਭ ਵਰਤਾਰਾ ਚੁੱਪ ਚਾਪ ਦੇਖਦੀ ਹੈ ਅਤੇ ਆਖ਼ਰ ਜਦੋਂ ਅੰਮ੍ਰਿਤਪਾਲ ਸਿੰਘ ਦੂਸਰੀ ਖ਼ਾਲਸਾ ਵਹੀਰ ਯਾਤਰਾ ਦੀ ਪਲੈਨਿੰਗ ਕਰਦਾ ਹੈ ਤਾਂ ਉਦੋਂ ਸਰਕਾਰ ਫ਼ਿਕਰਮੰਦ ਜਾਪਦੀ ਹੈ। ਕੇਂਦਰੀ ਅਤੇ ਰਾਜ ਦੀਆਂ ਖੁਫੀਆਂ ਏਜੰਸੀਆਂ ਨੇ ਪਹਿਲਾਂ ਹੀ ਸੂਹ ਲਾਉਣੀ ਸ਼ੁਰੂ ਕਰ ਦਿੱਤੀ ਸੀ। ਹੁਣ ਕੇਂਦਰ ਅਤੇ ਰਾਜ ਸਰਕਾਰ ਦੇ ਸਾਂਝੇ ਅਪਰੇਸ਼ਨ ਵਜੋਂ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ। ਪੰਜਾਬ ਪੁਲੀਸ ਅਜਨਾਲਾ ਥਾਣੇ ’ਤੇ ਬੋਲੇ ਧਾਵੇ ਕਰਕੇ ਅੰਦਰੋਂ ਔਖ ਵਿਚ ਹੈ। ਕਰੀਬ ਇੱਕ ਸਾਲ ਦੇ ਅਰਸੇ ਵਿਚ ਅੰਮ੍ਰਿਤਪਾਲ ਤੇਜ਼ੀ ਨਾਲ ਸਿਖਰ ਵੱਲ ਵਧਦਾ ਹੈ ਅਤੇ ਆਖ਼ਰ ਹੁਣ ਉਤਰਾਅ ਦੇ ਕਿਆਸ ਲਾਏ ਜਾਣ ਲੱਗੇ ਹਨ।