ਠੰਢ ਵਿੱਚ ਵੀ ਲਤੀਫਪੁਰਾ ਵਾਸੀਆਂ ਦੇ ਹੌਸਲੇ ਬੁਲੰਦ

ਠੰਢ ਵਿੱਚ ਵੀ ਲਤੀਫਪੁਰਾ ਵਾਸੀਆਂ ਦੇ ਹੌਸਲੇ ਬੁਲੰਦ

ਜਲੰਧਰ- ਨਗਰ ਸੁਧਾਰ ਟਰੱਸਟ ਵੱਲੋਂ ਗੈਰਕਾਨੂੰਨੀ ਕਬਜ਼ੇ ਦੱਸ ਕੇ ਉਜਾੜੇ ਗਏ ਲਤੀਫਪੁਰਾ ਦੇ ਲੋਕ 5.6 ਡਿਗਰੀ ਤਾਪਮਾਨ ਵਿੱਚ ਵੀ ਖੁੱਲ੍ਹੇ ਅਸਮਾਨ ਹੇਠ ਰਾਤਾਂ ਜਾਗ ਕੇ ਕੱਟਣ ਲਈ ਮਜਬੂਰ ਹਨ। ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਅਨੁਸਾਰ ਇੰਨੀ ਠੰਢ ਵਿੱਚ ਰਹਿ ਰਹੇ ਬਜ਼ੁਰਗਾਂ ਦੀ ਜ਼ਿੰਦਗੀ ਖਤਰੇ ਵਿੱਚ ਪੈ ਸਕਦੀ ਹੈ। ਇਸੇ ਤਰ੍ਹਾਂ ਬੱਚਿਆਂ ਦੇ ਮਾਹਿਰ ਡਾਕਟਰਾਂ ਅਨੁਸਾਰ ਇੰਨੀ ਠੰਢ ਵਿੱਚ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਜਾਣਕਾਰੀ ਅਨੁਸਾਰ ਜਲੰਧਰ ਸ਼ਹਿਰ ਵਿੱਚ ਬੀਤੀ ਰਾਤ 5.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਹਿਮਾਚਲ ਵਿੱਚ ਹੋ ਰਹੀ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਕਾਫੀ ਵੱਧ ਗਈ ਹੈ। ਉਧਰ ਆਗੂ ਕਸ਼ਮੀਰ ਸਿੰਘ ਘੁਗਸ਼ੋਰ ਅਤੇ ਪੀੜਤਾਂ ਨੇ ਸੁਪਰੀਮ ਕੋਰਟ ਵੱਲੋਂ ਹਲਦਵਾਨੀ ਬਾਰੇ ਦਿੱਤੇ ਗਏ ਫ਼ੈਸਲੇ ਦਾ ਸਵਾਗਤ ਕੀਤਾ ਹੈ, ਜਿਸ ਵਿੱਚ ਸਰਬਉਚ ਅਦਾਲਤ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਉਜਾੜਿਆ ਨਹੀਂ ਜਾ ਸਕਦਾ।

ਖੁੱਲ੍ਹੇ ਅਸਮਾਨ ਹੇਠ ਰਹਿ ਰਹੇ ਲਤੀਫਪੁਰਾ ਦੇ 70 ਸਾਲਾਂ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਕਮਾਂ ਨੇ ਸੀਨੇ ’ਤੇ ਪੱਥਰ ਧਰ ਲਏ ਹਨ। ਇੰਨੀ ਠੰਢ ਨੇ ਬਜ਼ੁਰਗਾਂ ਦੇ ਹੱਡ ਜਮਾ ਦਿੱਤੇ ਹਨ। ਪੰਜਾਬ ਸਰਕਾਰ ਆਪਣੇ ਹੀ ਲੋਕਾਂ ਤੋਂ ਬਦਲੇ ਲੈ ਰਹੀ ਹੈ। ਮਹੀਨਾ ਬੀਤਣ ਵਾਲਾ ਹੈ ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਬੁਨਿਆਦੀ ਸਹੂਲਤ ਨਹੀਂ ਦਿੱਤੀ। ਨਾ ਪੀਣ ਵਾਲੇ ਪਾਣੀ ਦੀ ਸਹੂਲਤ, ਨਾ ਬਾਥਰੂਮ, ਨਾ ਕੋਈ ਮੈਡੀਕਲ ਸਹੂਲਤ ਤੇ ਨਾ ਹੀ ਠੰਢ ਤੋਂ ਬਚਣ ਲਈ ਕੱਪੜੇ। ਪੀੜਤਾਂ ਨੇ ਕਿਹਾ ਕਿ ੳਨ੍ਹਾਂ ਨੂੰ ‘ਨੀਲੀ ਛੱਤ ਵਾਲੇ’ ਉੱਤੇ ਆਸ ਹੈ ਕਿ ਇੱਕ ਦਿਨ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਵਾਪਸ ਪੈਣਗੀਆਂ।

ਸਰਕਾਰ ਖ਼ਿਲਾਫ਼ ਰੋਜ਼ਾਨਾ ਪ੍ਰਦਰਸ਼ਨ ਕਰਨ ਦਾ ਐਲਾਨ

ਲਤੀਫਪੁਰਾ ਮੁੜ ਵਸੇਬਾ ਕਮੇਟੀ ਦੇ ਮੈਬਰਾਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਤਰਸੇਮ ਸਿੰਘ ਵਿੱਕੀ ਜੈਨਪੁਰ, ਕਸ਼ਮੀਰ ਸਿੰਘ ਘੁੱਗਸ਼ੋਰ, ਡਾਕਟਰ ਗੁਰਦੀਪ ਸਿੰਘ ਭੰਡਾਲ ਤੇ ਹੋਰਾਂ ਨੇ ਹਰ ਰੋਜ਼ ਲਤੀਫਪੁਰਾ ਧਰਨੇ ਵਾਲੀ ਜਗ੍ਹਾ ਤੋਂ ਚੱਲ ਕੇ ਸ਼ਹਿਰ ਦੇ ਵੱਖ ਵੱਖ ਚੌਕਾਂ ਵਿੱਚ ਪੰਜਾਬ ਸਰਕਾਰ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸੰਘੇੜਾ ਅਤੇ ਡੀਸੀਪੀ ਜਸਕਰਨ ਜੋਤ ਸਿੰਘ ਤੇਜਾ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਹੈ। ਇਸੇ ਤਹਿਤ ਅੱਜ ਦਾ ਪੁਤਲਾ ਇੱਕ ਓਅੰਕਾਰ ਚੌਕ ਵਿੱਚ ਫੂਕਿਆ ਗਿਆ। ਆਗੂਆਂ ਨੇ ਦੱਸਿਆ ਕਿ ਜਿੰਨੀ ਦੇਰ ਤੱਕ ਲਤੀਫਪੁਰਾ ਵਾਸੀਆਂ ਦੇ ਮੁੜ ਉਸੇ ਥਾਂ ਘਰ ਨਹੀਂ ਬਣਾਏ ਜਾਂਦੇ ਤੇ ਡੀਸੀਪੀ ਜਸਕਰਨ ਜੋਤ ਸਿੰਘ ਤੇਜਾ ਨੂੰ ਬਰਖਾਸਤ ਨਹੀ ਕੀਤਾ ਜਾਂਦਾ, ਉਦੋਂ ਤੱਕ ਮੋਰਚਾ ਜਾਰੀ ਰਹੇਗਾ।