ਠੇਕਾ ਮੁਲਾਜ਼ਮਾਂ ਨੇ ਕੇਂਦਰ ਤੇ ਪੰਜਾਬ ਸਰਕਾਰਾਂ ਦੇ ਪੁਤਲੇ ਸਾੜੇ

ਪ੍ਰਦਰਸ਼ਨਕਾਰੀਆਂ ਨੇ ਵਾਅਦਾਖ਼ਿਲਾਫ਼ੀ ਦੇ ਲਾਏ ਦੋਸ਼; ਭਲਕੇ ਸ਼ਾਹਰਾਹ ਜਾਮ ਕਰਨ ਦੀ ਦਿੱਤੀ ਚਿਤਾਵਨੀ
ਬਠਿੰਡਾ- ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਝੰਡੇ ਹੇਠ ਅੱਜ ਦਸਹਿਰੇ ਮੌਕੇ ਕੱਚੇ ਮੁਲਾਜ਼ਮਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰਾਂ ਦੇ ਪੁਤਲੇ ਭਾਈ ਘਨ੍ਹੱਈਆ ਚੌਕ ਵਿੱਚ ਅਗਨ ਭੇਟ ਕੀਤੇ ਗਏ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸਰਕਾਰੀ ਵਿਭਾਗਾਂ ਦੇ ਆਊਟਸੋਰਸ, ਐਨਲਿਸਟਮੈਂਟ ਵਾਲੇ ਅਤੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਤੋਂ ਸਰਕਾਰਾਂ ਕੰਨੀ ਕਤਰਾ ਰਹੀਆਂ ਹਨ
ਇਸ ਦੌਰਾਨ ਸੰਬੋਧਨ ਕਰਦਿਆਂ ਪੀਐਸਪੀਸੀਐਲ-ਪੀਐੱਸਟੀਸੀਐਲ ਦੇ ਸੂਬਾ ਕਨਵੀਨਰ ਗੁਰਵਿੰਦਰ ਸਿੰਘ ਪਨੂੰ, ਜਲ ਸਪਲਾਈ ਸੈਨੀਟੇਸ਼ਨ ਕਰਮਚਾਰੀ ਯੂਨੀਅਨ ਦੇ ਸੰਦੀਪ ਖਾਨ, ਸੀਐੱਚਬੀ ਦੇ ਹਰਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਨਾਲ ਦੋਵੇਂ ਸਰਕਾਰਾਂ ਹੋਂਦ ’ਚ ਆਈਆਂ ਸਨ ਪਰ ਸੱਤਾ ਪ੍ਰਾਪਤੀ ਮਗਰੋਂ ਇਨ੍ਹਾਂ ਨੇ ਇਸ ਵਾਅਦੇ ਤੋਂ ਪਿੱਠ ਕਰ ਲਈ ਹੈ। ਉਨ੍ਹਾਂ ‘ਆਪ’ ਸਰਕਾਰ ਦੇ ਵਿੱਤ ਮੰਤਰੀ ’ਤੇ ਦੋਸ਼ ਲਾਇਆ ਕਿ ਉਨ੍ਹਾਂ 12 ਸਤੰਬਰ ਨੂੰ ਕੱਚੇ ਮੁਲਾਜ਼ਮਾਂ ਦੇ ਪੈਨਲ ਨਾਲ ਮੀਟਿੰਗ ’ਚ ਮੰਗ ਨਾਲ ਸਹਿਮਤ ਹੁੰਦਿਆਂ ਜਲਦੀ ਕਾਰਵਾਈ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਅੱਗੇ ਭਾਵੇਂ ਕੋਈ ਕਦਮ ਨਹੀਂ ਚੁੱਕਿਆ ਗਿਆ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾਵਾਂ ਦੀਆਂ ਚੋਣ ਰੈਲੀਆਂ ’ਚ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ‘ਝੂਠਾ ਪ੍ਰਚਾਰ’ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੀ ਮੰਗ ਦੀ ਪੂਰਤੀ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ 7 ਅਕਤੂਬਰ ਨੂੰ ਮੁੱਖ ਮੰਤਰੀ ਦੇ ਚੋਣ ਹਲਕੇ ਧੂਰੀ ਵਿੱਚ ਸ਼ਾਹਰਾਹ ਮੁਕੰਮਲ ਤੌਰ ’ਤੇ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ।