ਟੌਂਗ ਦੀ ਗੱਡੀ ਘੇਰਨ ਦੇ ਮਾਮਲੇ ਵਿੱਚ ਵਿਧਾਇਕ ਸ਼ੇਰੋਵਾਲੀਆ ਸਣੇ 13 ਖ਼ਿਲਾਫ਼ ਕੇਸ ਦਰਜ

ਟੌਂਗ ਦੀ ਗੱਡੀ ਘੇਰਨ ਦੇ ਮਾਮਲੇ ਵਿੱਚ ਵਿਧਾਇਕ ਸ਼ੇਰੋਵਾਲੀਆ ਸਣੇ 13 ਖ਼ਿਲਾਫ਼ ਕੇਸ ਦਰਜ

ਜਲੰਧਰ/ਸ਼ਾਹਕੋਟ- ਜਲੰਧਰ ਜ਼ਿਮਨੀ ਚੋਣ ਦੌਰਾਨ ਵੋਟਾਂ ਵਾਲੇ ਦਿਨ ਕਾਂਗਰਸੀ ਆਗੂਆਂ ਵੱਲੋਂ ਬਾਹਰਲੇ ਬੰਦਿਆਂ ਨੂੰ ਫੜਨਾ ਮਹਿੰਗਾ ਪੈ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ‘ਆਪ’ ਵਿਧਾਇਕ ਟੌਂਗ ਦੇ ਡਰਾਈਵਰ ਗਗਨਦੀਪ ਅਰੋੜਾ ਦੀ ਸ਼ਿਕਾਇਤ ’ਤੇ ਕਾਂਗਰਸੀ ਵਿਧਾਇਕ ਸ਼ੇਰੋਵਾਲੀਆ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਜਬਰੀ ਉਨ੍ਹਾਂ ਦੀ ਗੱਡੀ ਨੂੰ ਘੇਰਨ ਸਬੰਧੀ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਬਾਬਾ ਬਕਾਲਾ ਤੋਂ ‘ਆਪ’ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਗੱਡੀ ਨੂੰ ਘੇਰ ਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਸੀ। ਇਸ ਦੌਰਾਨ ਸ਼ੇਰੋਵਾਲੀਆ ਆਪਣੇ ਫੇਸਬੁੱਕ ’ਤੇ ਲਾਈਵ ਵੀ ਹੋਏ ਸਨ ਤੇ ਉਨ੍ਹਾਂ ਵਿਧਾਇਕ ਟੌਂਗ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਸੀ। ਹੁਣ ਪੁਲੀਸ ਨੇ ਵਿਧਾਇਕ ਦੇ ਡਰਾਈਵਰ ਦੀ ਸ਼ਿਕਾਇਤ ਦੇ ਆਧਾਰ ’ਤੇ ਅੱਜ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਬਲਾਕ ਸਮਿਤੀ ਲੋਹੀਆਂ ਖਾਸ ਦੇ ਚੇਅਰਮੈਨ ਲਖਵਿੰਦਰ ਸਿੰਘ ਲੱਖਾ, ਆਕਾਸ਼ਪ੍ਰੀਤ ਸਿੰਘ, ਇਕਬਾਲ ਸਿੰਘ, ਬਲਵੀਰ ਸਿੰਘ, ਬਲਰਾਜ ਸਿੰਘ ਜੰਮੂ, ਸਰਪੰਚ ਹਰਜਿੰਦਰ ਸਿੰਘ, ਹਰਦੀਪ ਸਿੰਘ ਕੁੱਕੂ, ਸੁਰਿੰਦਰ ਸਿੰਘ, ਚੈਂਚਲ ਸਿੰਘ, ਸਰੂਪ ਸਿੰਘ ਤੇ ਸ਼ੇਰੋਵਾਲੀਆ ਦਾ ਪੀਏ ਸੁਖਦੀਪ ਸਿੰਘ ਸੋਨੂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸ਼ੇਰੋਵਾਲੀਆ ਖ਼ਿਲਾਫ਼ ਗ਼ੈਰ ਜ਼ਮਾਨਤੀ ਧਾਰਾ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਕੱਲ੍ਹ ਪੁਲੀਸ ਵੱਲੋਂ ਵਿਧਾਇਕ ਖ਼ਿਲਾਫ਼ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਗਈ ਸੀ, ਪਰ ਉਨ੍ਹਾਂ ਕੇਸ ਵਿੱਚ ਸ਼ਾਮਲ ਕੀਤੀਆਂ ਧਾਰਾਵਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਸ਼ੇਰੋਵਾਲੀਆ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੀ ਜਿਪਸੀ ਨੂੰ ਘੇਰਾ ਪਾ ਲਿਆ ਤੇ ਜਿਪਸੀ ਦੀ ਚਾਬੀ ਖੋਹ ਲਈ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀਆਂ ਨੇ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ 10 ਮਈ ਵਾਲੇ ਦਿਨ ਉਹ ਬਾਬਾ ਬਕਾਲਾ ਤੋਂ ਨਕੋਦਰ ਹੁੰਦੇ ਹੋਏ ਸੁਲਤਾਨਪੁਰ ਲੋਧੀ ਵੱਲ ਜਾ ਰਹੇ ਸਨ। ਰਸਤੇ ਵਿੱਚ ਮਲਸੀਆਂ ਚੌਕ ’ਤੇ ਟਰੈਫਿਕ ਜਾਮ ਹੋਣ ਕਰਕੇ ਉਨ੍ਹਾਂ ਗੱਡੀ ਰੂਪਾਵਾਲੀ ਪਿੰਡ ਵੱਲ ਮੋੜ ਲਈ, ਜਿਥੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਗਿਆ। ਇਸੇ ਦੌਰਾਨ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਦਰਜ ਕੀਤੇ ਗਏ ਕੇਸ ਸਬੰਧੀ ਅੱਜ ਸ਼ਾਮ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਅਵਤਾਰ ਹੈਨਰੀ, ਲਾਡੀ ਸ਼ੇਰੋਵਾਲੀਆ, ਰਜਿੰਦਰ ਬੇਰੀ ਤੇ ਹੋਰ ਕਾਂਗਰਸੀ ਆਗੂ ਜਲੰਧਰ ਦੇ ਐੱਸਐੱਸਪੀ ਨੂੰ ਮਿਲੇ। ਕਾਂਗਰਸੀ ਆਗੂਆਂ ਅਨੁਸਾਰ ਐੱਸਐੱਸਪੀ ਨੇ ਇਸ ਕੇਸ ਸਬੰਧੀ ਸਿਟ ਕਾਇਮ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਿਟ ਦੀ ਰਿਪੋਰਟ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ। ਸਿਟ ਦੇ ਮੈਂਬਰ ਡੀਆਈਜੀ ਤੈਅ ਕਰਨਗੇ। ਉਨ੍ਹਾਂ ਕਿਹਾ ਪ੍ਰਸ਼ਾਸਨ ਵੱਲੋਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਦਰਜ ਕੀਤੇ ਜਾ ਰਹੇ ਝੂਠੇ ਕੇਸਾਂ ਅੱਗੇ ਪਾਰਟੀ ਕਦੇ ਨਹੀਂ ਝੁਕੇਗੀ ਤੇ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਚੋਣਾਂ ਵਾਲੇ ਦਿਨ ‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਡਰਾਈਵਰ ਨੇ ਲਾਡੀ ਸ਼ੇਰੋਵਾਲੀਆ ਤੇ ਹੋਰਨਾਂ ਵਿਰੁੱਧ ਜ਼ਬਰਦਸਤੀ ਕਾਰ ’ਚੋਂ ਚਾਬੀ ਕੱਢਣ ਦੇ ਦੋਸ਼ ਹੇਠ ਕੇਸ ਦਰਜ ਕਰਵਾਇਆ ਸੀ।

ਵਿਧਾਇਕ ਸ਼ੇਰੋਵਾਲੀਆ ਨਾਲ ਡਟ ਕੇ ਖੜ੍ਹਾਂਗੇ: ਬਾਜਵਾ
ਚੰਡੀਗੜ੍ਹ : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਜਿਨ੍ਹਾਂ ਨੇ 10 ਮਈ ਨੂੰ ਲੋਕ ਸਭਾ ਜ਼ਿਮਨੀ ਚੋਣ ਵਾਲੇ ਦਿਨ ਜਲੰਧਰ ਵਿੱਚ ‘ਆਪ’ ਵਿਧਾਇਕਾਂ ਦੀ ਗੈਰਕਾਨੂੰਨੀ ਮੌਜੂਦਗੀ ਦਾ ‘ਵਿਰੋਧ ਕੀਤਾ ਸੀ, ਵਿਰੁੱਧ ਝੂਠੀ ਐਫਆਈਆਰ ਦਰਜ ਕਰਨ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ। ਬਾਜਵਾ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ‘ਤੇ ਗ਼ੈਰਜ਼ਮਾਨਤੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਗ਼ੈਰਕਾਨੂੰਨੀ ਗਤੀਵਿਧੀਆਂ ’ਤੇ ਝਾਤ ਮਾਰਨ ਦੀ ਥਾਂ ‘ਆਪ’ ਸਰਕਾਰ ਨੇ ਗ਼ਲਤ ਕੰਮ ਹੋਣ ਤੋਂ ਰੋਕਣ ਵਾਲੇ ‘ਤੇ ਹੀ ਕੇਸ ਦਰਜ ਕੀਤਾ। ਬਾਜਵਾ ਨੇ ਕਿਹਾ ਕਿ “ਅਸੀਂ ਆਪਣੇ ਸਾਥੀ ਨਾਲ ਦ੍ਰਿੜਤਾ ਨਾਲ ਖੜ੍ਹੇ ਹੋਵਾਂਗੇ।’’ ਬਾਜਵਾ ਨੇ ਕਿਹਾ,‘‘ਖਹਿਰਾ ਦੇ ਮਾਮਲੇ ਵਿੱਚ ਸਚਾਈ ਦੀ ਜਿੱਤ ਹੋਈ ਹੈ ਅਤੇ ਮੈਨੂੰ ਯਕੀਨ ਹੈ ਕਿ ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਮਾਮਲੇ ਵਿੱਚ ਵੀ ਸਚਾਈ ਦੀ ਜਿੱਤ ਹੋਵੇਗੀ।’’