ਟੈਸਟ: ਰਬਾਡਾ ਅੱਗੇ ਭਾਰਤੀ ਬੱਲੇਬਾਜ਼ਾਂ ਨੇ ਗੋਡੇ ਟੇਕੇ

ਟੈਸਟ: ਰਬਾਡਾ ਅੱਗੇ ਭਾਰਤੀ ਬੱਲੇਬਾਜ਼ਾਂ ਨੇ ਗੋਡੇ ਟੇਕੇ

ਪਹਿਲੇ ਦਿਨ ਭਾਰਤੀ ਟੀਮ ਨੇ ਅੱਠ ਵਿਕਟਾਂ ’ਤੇ 208 ਦੌੜਾਂ ਬਣਾਈਆਂ
ਸੈਂਚੁਰੀਅਨ- ਤਜਰਬੇਕਾਰ ਕਾਗਿਸੋ ਰਬਾਡਾ (44 ਦੌੜਾਂ ’ਤੇ ਪੰਜ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦੱਖਣੀ ਅਫਰੀਕਾ ਨੇ ਦੋ ਟੈਸਟ ਕ੍ਰਿਕਟ ਮੈਚਾਂ ਦੀ ਲੜੀ ਦੇ ਸ਼ੁਰੂਆਤੀ ਮੈਚ ਦੇ ਮੀਂਹ ਨਾਲ ਪ੍ਰਭਾਵਿਤ ਪਹਿਲੇ ਦਿਨ ਅੱਜ ਖੇਡ ਖ਼ਤਮ ਹੋਣ ਤੱਕ ਭਾਰਤ ਦੀਆਂ 208 ਦੌੜਾਂ ’ਤੇ ਅੱਠ ਵਿਕਟਾਂ ਲੈ ਲਈਆਂ। ਤੀਜੇ ਸੈਸ਼ਨ ’ਚ ਖਰਾਬ ਰੌਸ਼ਨੀ ਕਾਰਨ 59ਵੇਂ ਓਵਰ ਤੋਂ ਬਾਅਦ ਖੇਡ ਰੋਕ ਦਿੱਤੀ ਗਈ ਅਤੇ ਫਿਰ ਮੀਂਹ ਕਾਰਨ ਖੇਡ ਅੱਗੇ ਨਹੀਂ ਵਧ ਸਕੀ। ਇਸ ਤੋਂ ਬਾਅਦ ਅੰਪਾਇਰਾਂ ਨੇ ਦਿਨ ਦੀ ਖੇਡ ਖ਼ਤਮ ਹੋਣ ਦਾ ਐਲਾਨ ਕਰ ਦਿੱਤਾ। ਉਸ ਵੇਲੇ ਵਿਕਟਕੀਪਰ ਬੱਲੇਬਾਜ਼ ਲੋਕੇਸ਼ ਰਾਹੁਲ 105 ਗੇਂਦਾਂ ’ਚ 70 ਦੌੜਾਂ ਬਣਾ ਕੇ ਖੇਡ ਰਿਹਾ ਸੀ। ਉਸ ਦੇ ਨਾਲ ਮੁਹੰਮਦ ਸਿਰਾਜ ਕਰੀਜ਼ ’ਤੇ ਮੌਜੂਦ ਸੀ। ਰਬਾਡਾ ਨੇ ਹੁਣ ਤੱਕ 17 ਓਵਰਾਂ ਵਿੱਚ 44 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਹਨ ਜੋ ਭਾਰਤ ਖ਼ਿਲਾਫ਼ ਉਸ ਦਾ ਸਰਬੋਤਮ ਪ੍ਰਦਰਸ਼ਨ ਹੈ। ਲੰਚ ਅਤੇ ਚਾਹ ਦੀ ਬਰੇਕ ਵਿਚਾਲੇ ਭਾਰਤ ਨੇ ਚਾਰ ਵਿਕਟਾਂ ਗੁਆਈਆਂ ਅਤੇ ਇਹ ਚਾਰੋ ਵਿਕਟਾਂ ਰਬਾਡਾ ਨੇ ਲਈਆਂ। ਉਸ ਨੇ ਰੋਹਿਤ ਸ਼ਰਮਾ (5), ਵਿਰਾਟ ਕੋਹਲੀ (38) ਅਤੇ ਸ਼੍ਰੇਅਸ ਅਈਅਰ (31) ਨੂੰ ਚਲਾਕੀ ਨਾਲ ਗੇਂਦਬਾਜ਼ੀ ਕਰਦਿਆਂ ਆਊਟ ਕੀਤਾ। ਇਸੇ ਤਰ੍ਹਾਂ ਰਵੀਚੰਦਰਨ ਅਸ਼ਵਿਨ (8) ਅਤੇ ਸ਼ਾਰਦੁਲ ਠਾਕੁਰ (24) ਦੀਆਂ ਵਿਕਟਾਂ ਲੈ ਕੇ ਉਸ ਨੇ ਟੈਸਟ ਵਿਚ 14ਵੀਂ ਵਾਰ ਪੰਜ ਵਿਕਟਾਂ ਲਈਆਂ।