ਟੈਰਾਲੀਨ ਦੀ ਕਮੀਜ਼

ਟੈਰਾਲੀਨ ਦੀ ਕਮੀਜ਼

ਕਮਲਜੀਤ ਸਿੰਘ ਬਨਵੈਤ

ਅਸੀਂ ਸਾਰੇ ਭਰਾਵਾਂ ਨੇ ਪੰਜਵੀਂ ਜਮਾਤ ਤੱਕ ਇੱਕੋ ਫੱਟੀ ਨਾਲ ਪੈਂਤੀ ਅੱਖਰੀ ਅਤੇ ਹਿੰਦਸੇ ਸਿੱਖੇ ਸੀ। ਇਹ ਫੱਟੀ ਫੇਰੂ ਤਰਖਾਣ ਨੇ ਕਿੱਕਰ ਦੀ ਟਾਹਣੀ ਘੜ ਕੇ ਬਣਾਈ ਸੀ। ਇਹ ਆਮ ਫੱਟੀਆਂ ਨਾਲ਼ੋਂ ਡੇਢ ਦੋ ਗੁਣਾ ਮੋਟੀ ਸੀ। ਸਾਰੇ ਤਿੰਨਾਂ ਭਰਾਵਾਂ ਦੀ ਉਮਰ ਵਿਚ ਚਾਰ ਪੰਜ ਸਾਲ ਦਾ ਫਰਕ ਹੋਵੇਗਾ। ਇਸੇ ਫੱਟੀ ਨਾਲ ਅਸੀਂ ਤਿੰਨੋਂ ਭਰਾਵਾਂ ਨੇ ਜੋੜ ਘਟਾਓ ਅਤੇ ਵਾਕ ਬਣਤਰ ਸਿੱਖ ਲਿਆ ਸੀ। ਸਾਡੇ ਪਿੰਡ ਵਾਲੇ ਘਰ ਵਿਚ ਇਹ ਅਜੇ ਵੀ ਕੱਪੜਿਆਂ ਵਾਲੀ ਪੇਟੀ ਵਿਚ ਸੰਭਾਲੀ ਪਈ ਹੈ। ਫੱਟੀ ਪੂੰਝਣ ਅਤੇ ਆਲੇ-ਦੁਆਲੇ ਹਾਸ਼ੀਆ ਲਾਉਣ ਦਾ ਢੰਗ-ਤਰੀਕਾ ਸਾਨੂੰ ਬੇਬੇ ਨੇ ਇਕੋ ਜਿਹਾ ਸਿਖਾਇਆ ਸੀ। ਫੱਟੀ ਸੁਕਾਉਣ ਦੀ ਜਾਚ ਆਲੇ-ਦੁਆਲੇ ਦੇ ਸਾਥੀਆਂ ਨੂੰ ਦੇਖ ਕੇ ਆ ਗਈ ਸੀ। ਸਕੂਲੇ ਅੱਧੀ ਛੁੱਟੀ ਵੇਲੇ ਫੱਟੀ ਸੱਜੇ ਹੱਥ ਵਿਚ ਫੜ ਕੇ ਜ਼ੋਰ ਜ਼ੋਰ ਦੀ ਘੁੰਮਾਈ ਜਾਣੀ ਤੇ ਨਾਲ ਦੀ ਨਾਲ ‘ਸੂਰਜਾ ਸੂਰਜਾ ਫੱਟੀ ਸੁਕਾ, ਨਹੀਂ ਸੁਕਾਉਣੀ ਗੰਗਾ ਜਾਹ, ਗੰਗਾ ਜਾ ਕੇ ਪਿੰਨੀਆਂ ਲਿਆ’ ਗੁਣਗੁਣਾਉਂਦੇ ਰਹਿਣਾ। ਘਰ ਫੱਟੀ ਸੁਕਾਉਣੀ ਹੁੰਦੀ ਤਾਂ ਪਸ਼ੂਆਂ ਵਾਲੀ ਖੁਰਲੀ ਉੱਤੇ ਕੰਧ ਨਾਲ ਢੋਅ ਲਾ ਕੇ ਖੜ੍ਹੀ ਕਰ ਦਿੰਦੇ।

ਉਨ੍ਹਾਂ ਸਮਿਆਂ ਵਿਚ ਫੱਟੀ ਲਿਖਣ ਲਈ ਆਪਣੇ ਘਰੋਂ ਸਿਆਹੀ ਦੀ ਬੁੱਗੀ ਤਾਂ ਕੋਈ ਵਿਰਲਾ-ਟਾਵਾਂ ਹੀ ਲਿਆਉਂਦਾ ਹੋਵੇਗਾ। ਬਹੁਤੇ ਜਣੇ ਦੂਜੇ ਦੀ ਬੁੱਗੀ ਵਿਚ ਕਾਨੇ ਵਾਲੀ ਕਲਮ ਭਿਉਂ ਕੇ ਸਾਰ ਲੈਂਦੇ। ਕਾਨੇ ਦੀਆਂ ਕਲਮਾਂ ਘਰ ਵਿਚ ਹੀ ਘੜ ਲੈਣੀਆਂ, ਉਹ ਵੀ ਸਾਗ ਚੀਰਨ ਵਾਲੀ ਦਾਤੀ ਨਾਲ। ਕਦੇ ਕਦੇ ਬਾਪੂ ਜੀ ਤੂਤ ਦੀਆਂ ਛਿਟੀਆਂ ਛਾਂਗਣ ਵਾਲੇ ਦਾਤ ਨਾਲ ਵੀ ਕਲਮ ਤਿੱਖੀ ਕਰ ਕੇ ਦੇ ਦਿੰਦੇ ਸਨ। ਕਲਮਾਂ ਘੜਨ ਲਈ ਬਲੇਡ ਉਦੋਂ ਘਰਾਂ ਵਿਚ ਕਿੱਥੇ ਹੁੰਦੇ ਸਨ! ਚਾਕੂ ਵੀ ਅਸੀਂ ਕਦੇ ਨਹੀਂ ਸੀ ਦੇਖਿਆ।

ਜਦੋਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਤਾਂ ਅਸੀਂ ਖੇਤਾਂ ਵਿਚ ਮੱਝਾਂ ਚਾਰਨ ਲੈ ਜਾਣੀਆਂ। ਸਾਡੇ ਖੇਤਾਂ ਵਿਚ ਸੇਮ ਹੋਣ ਕਰ ਕੇ ਪਾਣੀ ਧਰਤੀ ਦੇ ਅੰਦਰ ਮਸਾਂ ਚਾਰ ਫੁੱਟ ਤੱਕ ਸੀ। ਬਰਾਨ ਖੇਤਾਂ ਵਿਚ ਪਸ਼ੂ ਦੂਰ ਦੂਰ ਤੱਕ ਚਰਦੇ ਰਹਿੰਦੇ ਅਤੇ ਅਸੀਂ ਰਲ ਮਿਲ ਕੇ ਖੇਡਦੇ ਰਹਿਣਾ, ਕਦੇ ਕੋਈ ਖੇਡ ਤੇ ਕਦੇ ਕੋਈ ਖੇਡ। ਜਿ਼ਆਦਾ ਕਰ ਕੇ ਗੁੱਲੀ-ਡੰਡਾ ਜਾਂ ਪਿੱਠੂ ਵੀ ਖੇਡਦੇ। ਕਦੇ ਕਦੇ ਕਬੱਡੀ ਵੀ ਪਾ ਲੈਣੀ। ਦੁਪਹਿਰ ਵੇਲੇ ਛੱਪੜ ਵਿਚ ਖਰਬੂਜਾ ਸੁੱਟ ਕੇ ਲੱਭਣ ਵਿਚ ਜਿ਼ਆਦਾ ਸੁਆਦ ਆਉਂਦਾ।… ਅਸੀਂ ਕਈ ਵਾਰ ਮੱਝਾਂ ਛੱਪੜ ਵਿਚ ਵਾੜ ਕੇ ਆਪ ਛਪੜੀਆਂ ਦੁਆਲੇ ਖੇਡਦੇ ਰਹਿਣਾ। ਸਾਡੇ ਨਾਲ ਮੱਝਾਂ ਚਾਰਨ ਆਏ ਆਪਣੇ ਤਾਏ ਦੇ ਲੜਕੇ ਤੋਂ ਮੈਂ ਅੰਗਰੇਜ਼ੀ ਸਿੱਖਣ ਦਾ ਪੂਰਾ ਲਾਹਾ ਲਿਆ। ਉਦੋਂ ਅੰਗਰੇਜ਼ੀ ਛੇਵੀਂ ਕਲਾਸ ਤੋਂ ਸ਼ੁਰੂ ਹੁੰਦੀ ਸੀ। ਛੇਵੀਂ ਵਿਚ ਦਾਖਲੇ ਤੋਂ ਪਹਿਲਾਂ ਮੈਂ ਅੰਗਰੇਜ਼ੀ ਦੇ ਦੋ ਦੋ ਤਿੰਨ ਤਿੰਨ ਅੱਖਰਾਂ ਵਾਲੇ ਸ਼ਬਦ ਉਠਾਉਣ ਲੱਗ ਪਿਆ ਸੀ।

ਗਣਿਤ ਵਿਚ ਮੇਰੀ ਦਿਲਚਸਪੀ ਸ਼ੁਰੂ ਤੋਂ ਹੀ ਨਹੀਂ ਸੀ ਪਰ ਸਾਡੀ ਕਲਾਸ ਵਿਚ ਹੱਟੀ ਵਾਲੇ ਆਤਮਾ ਸਿੰਘ ਦੀ ਧੀ ਸਤਵੰਤ ਦੀਆਂ ਉਂਗਲਾਂ ਉੱਤੇ ਮੈਨੂੰ ਹਿਸਾਬ ਨੱਚਦਾ ਲੱਗਦਾ। ਸ਼ਾਇਦ ਇਸ ਕਰ ਕੇ ਉਹ ਸਕੂਲ ਤੋਂ ਵਿਹਲੀ ਹੋ ਕੇ ਬਾਪ ਨਾਲ ਗੱਲੇ ’ਤੇ ਬੈਠ ਜਾਂਦੀ ਸੀ। ਦੁਕਾਨ ਦੇ ਸੌਦੇ ਦੀ ਵੇਚ ਵੱਟਕ ਨਾਲ ਉਸ ਦਾ ਹਿਸਾਬ ਹੋਰ ਪਰਪੱਕ ਹੋ ਗਿਆ ਹੋਣਾ। ਮੇਰਾ ਸਭ ਤੋਂ ਵੱਡਾ ਭਰਾ ਹਰਮਿੰਦਰ ਉਸ ਵੇਲੇ ਤੱਕ ਕਾਲਜ ਜਾਣ ਲੱਗ ਪਿਆ ਸੀ। ਉਸ ਦੀ ਅੰਗਰੇਜ਼ੀ ਉਤੇ ਪਕੜ ਕਮਾਲ ਦੀ ਸੀ। ਉਹਦਾ ਮੇਰੇ ਲਈ ਮੋਹ ਸੀ ਜਾਂ ਫਿਰ ਫਿਕਰ ਕਿ ਉਹ ਮੈਨੂੰ ਹਰ ਵੇਲੇ ਅੰਗਰੇਜ਼ੀ ਦੇ ਨਾਲ ਨਾਲ ਹਿਸਾਬ ਵਿਚੋਂ ਵੀ ਸਤਵੰਤ ਤੋਂ ਮੂਹਰੇ ਨਿਕਲਣ ਲਈ ਪ੍ਰੇਰਦਾ ਰਹਿੰਦਾ। ਗਣਿਤ ਵਿਚ ਮੇਰੀ ਦਿਲਚਸਪੀ ਤਾਂ ਨਾ ਬਣ ਸਕੀ ਪਰ ਪੱਕੇ ਪੇਪਰਾਂ ਵਿਚ ਮੈਂ ਉਸ ਨੂੰ ਹਿਸਾਬ ਅਤੇ ਅੰਗਰੇਜ਼ੀ, ਦੋਹਾਂ ਵਿਚੋਂ ਪਿੱਛੇ ਛੱਡ ਗਿਆ।

ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਪਹਿਲੀ ਤੋਂ ਪੰਜਵੀਂ ਤੱਕ ਸਾਰਿਆਂ ਨੂੰ ਪਾਸ ਕਰ ਦਿੱਤਾ ਜਾਂਦਾ ਸੀ। ਛੇਵੀਂ, ਸੱਤਵੀਂ ਅਤੇ ਨੌਵੀਂ ਕਲਾਸ ਦਾ ਨਤੀਜਾ ਬੱਚਿਆਂ ਨੂੰ ਸਕੂਲ ਦੇ ਖੇਡ ਮੈਦਾਨ ਵਿਚ ਸੁਣਾਇਆ ਜਾਂਦਾ ਸੀ। ਅਸੀਂ ਨਤੀਜਾ ਸੁਣਦਿਆਂ ਹੀ ਨੱਚਦੇ ਟੱਪਦੇ ਘਰਾਂ ਨੂੰ ਦੌੜ ਪੈਂਦੇ। ਇਸ ਵਾਰ ਦਾ ਨਤੀਜਾ ਸੁਣ ਕੇ ਮੇਰੀ ਅੱਡੀ ਧਰਤੀ ’ਤੇ ਨਹੀਂ ਸੀ ਲੱਗ ਰਹੀ। ਘਰ ਜਾ ਕੇ ਨਤੀਜੇ ਦੀ ਖ਼ਬਰ ਸੁਣਾਈ ਤਾਂ ਦਾਦੀ ਨੇ ਕੋਠੀ ਵਿਚੋਂ ਦੇਸੀ ਘਿਉ ਵਾਲੀ ਪੀਪੀ ਕੱਢ ਕੇ ਪ੍ਰਸ਼ਾਦਿ ਬਣਾਉਣ ਲਈ ਕੜਾਹੀ ਚੁੱਲ੍ਹੇ ਉੱਤੇ ਧਰ ਦਿੱਤੀ। ਮੇਰਾ ਵੱਡਾ ਭਰਾ ਖ਼ਬਰ ਸੁਣਦਿਆਂ ਹੀ ਕੱਪੜੇ ਵਾਲੇ ਗੁਰਬਖਸ਼ ਦੀ ਹੱਟੀ ਤੋਂ ਮੇਰੇ ਲਈ ਕਮੀਜ਼ ਲਈ ਟੈਰਾਲੀਨ ਦਾ ਕੱਪੜਾ ਲੈ ਆਇਆ। ਮੈਥੋਂ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ ਅਤੇ ਮੈਂ ਉਸੇ ਵੇਲੇ ਮਹਿੰਗੇ ਦਰਜ਼ੀ ਤੋਂ ਕਮੀਜ਼ ਸਿਉਣ ਦੇਣ ਦੀ ਜਿ਼ੱਦ ਪੈ ਗਿਆ ਸੀ। ਛੁੱਟੀਆਂ ਪਿੱਛੋਂ ਅਗਲੀ ਕਲਾਸ ਵਿਚ ਮੈਂ ਪਹਿਲੇ ਦਿਨ ਟੈਰਾਲੀਨ ਦੀ ਕਮੀਜ਼ ਪਾ ਕੇ ਗਿਆ ਤਾਂ ਕਲਾਸ ਦੇ ਸਾਰੇ ਬੱਚੇ ਕੱਪੜੇ ਨੂੰ ਹੱਥ ਲਾ ਲਾ ਦੇਖਦੇ ਰਹੇ। ਕਲਾਸ ਅਧਿਆਪਕ ਹਰਨਾਮ ਸਿੰਘ ਨੇ ਪਹਿਲੇ ਦਿਨ ਹੀ ਵਰਦੀ ਨਾ ਹੋਣ ਕਰ ਕੇ ਮੈਨੂੰ ਬੈਂਕ ’ਤੇ ਖੜ੍ਹਾ ਕਰੀ ਰੱਖਿਆ।

ਦੋ ਸਾਲ ਪਹਿਲਾਂ ਸਾਡੇ ਘਰ ਦੋਹਤੀ ਆਈ ਤਾਂ ਮੇਰੀ ਧੀ ਨੇ ਟੈਰਾਲੀਨ ਦੇ ਸਾਰੇ ਕੱਪੜੇ ਆਪਣੀ ਕੰਮ ਵਾਲੀ ਦੇ ਦਿੱਤੇ; ਅਖੇ, ਅੱਜ ਕੱਲ੍ਹ ਇਹੋ ਜਿਹੇ ਕੱਪੜੇ ਕੌਣ ਪਾਉਂਦੈ! ਉਹਨੇ ਆਪਣੀ ਥਾਈਲੈਂਡ ਫੇਰੀ ਦੌਰਾਨ ਬੱਚੀ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਕੱਪੜਿਆਂ ਦਾ ਬੈਗ ਭਰ ਕੇ ਰੱਖਿਆ ਸੀ। ਬੱਚੇ ਲਈ ਵਿਦੇਸ਼ੀ ਪਾਊਡਰ, ਤੇਲ, ਸਾਬਣ ਅਤੇ ਸਿਰਮ ਦੀਆਂ ਬੋਤਲਾਂ ਜਿਨ੍ਹਾਂ ਉੱਤੇ ਕੀਮਤ ਡਾਲਰਾਂ ਵਿਚ ਲਿਖੀ ਹੋਈ ਸੀ, ਨਾਲ ਅਲਮਾਰੀ ਦਾ ਖਾਨਾ ਭਰਿਆ ਪਿਆ ਸੀ।

ਬੇਬੇ ਦੱਸਦੀ ਹੁੰਦੀ ਸੀ ਕਿ ਜਿਸ ਦਿਨ ਦਾ ਮੇਰਾ ਜਨਮ ਹੋਣਾ ਸੀ, ਉਸ ਤੋਂ ਇਕ ਦਿਨ ਪਹਿਲਾਂ ਹੱਥੀਂ ਚੱਕੀ ਫੇਰ ਕੇ ਸਵਾ ਮਣ ਆਟਾ ਜਮ੍ਹਾਂ ਕੀਤਾ ਸੀ। ਉਹ ਕਈ ਮਹੀਨੇ ਤਾਂ ਗੁਰਦੁਆਰੇ ਤੋਂ ਖੱਟੇ ਰੰਗ ਦੇ ਮਿਲੇ ਸਿਰੋਪਾਓ ਵਾਲੇ ਕੱਪੜੇ ਦੀਆਂ ਝੱਗੀਆਂ ਮੇਰੇ ਪਾਉਂਦੀ ਰਹੀ ਸੀ। ਘਰ ਬੁਣੇ ਖੱਦਰ ਦੇ ਪੋਤੜੇ ਤਾਂ ਸਵਾ ਮਹੀਨੇ ਬਾਅਦ ਬੰਨ੍ਹਣੇ ਸ਼ੁਰੂ ਕੀਤੇ ਸਨ। ਮੇਰੀਆਂ ਅੱਖਾਂ ਅੱਗੇ ਉਹ ਦਿਨ ਵੀ ਆ ਖੜ੍ਹੇ ਹੋਏ ਜਦੋਂ ਆਪਣੇ ਪੁੱਤਰ ਸਾਹਿਰ ਨੂੰ ਰੋਜ਼ ਪ੍ਰਿੰਸ ਮੁਕਾਬਲੇ ਵਿਚ ਭੇਜਣ ਲਈ ਆਪਣੇ ਘਰ ਦੇ ਸਾਹਮਣੇ ਰਹਿੰਦੀ ਸੁਨੈਨਾ ਦੇ ਪੁੱਤਰ ਦੇ ਛੋਟੇ ਹੋਏ ਕੱਪੜੇ ਮੰਗ ਕੇ ਬੁੱਤਾ ਸਾਰਿਆ ਸੀ।