ਟੈਂਡਰ ਘੁਟਾਲਾ: ਕੈਪਟਨ ਸੰਦੀਪ ਸੰਧੂ ਵੱਲ ਘੁੰਮੀ ਸ਼ੱਕ ਦੀ ਸੂਈ

ਲੁਧਿਆਣਾ- ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜੇਲ੍ਹ ਭੇਜਣ ਤੋਂ ਬਾਅਦ ਹੁਣ ਵਿਜੀਲੈਂਸ ਦੀ ਰਾਡਾਰ ’ਤੇ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਆ ਗਏ ਹਨ। ਹਾਲਾਂਕਿ ਵਿਜੀਲੈਂਸ ਅਧਿਕਾਰੀ ਅਜੇ ਕੈਪਟਨ ਸੰਦੀਪ ਸੰਧੂ ਬਾਰੇ ਕੁਝ ਨਹੀਂ ਕਹਿ ਰਹੇ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਸੰਦੀਪ ਸੰਧੂ ਦੇ ਖਾਸ ਰਹੇ ਮਨਪ੍ਰੀਤ ਸਿੰਘ ਈਸੇਵਾਲ ਕੋਲੋਂ 100 ਤੋਂ ਵੱਧ ਰਜਿਸਟਰੀਆਂ ਮਿਲਣੀਆਂ ਜਾਂਚ ਦਾ ਵਿਸ਼ਾ ਹੈ। ਬੀਤੇ ਦਿਨੀਂ ਪੁੱਛ ਪੜਤਾਲ ਕਰਨ ਤੋਂ ਬਾਅਦ ਵਿਜੀਲੈਂਸ ਨੇ ਅੱਜ ਫਿਰ ਮਨਪ੍ਰੀਤ ਸਿੰਘ ਨੂੰ ਰਿਕਾਰਡ ਦਿਖਾਉਣ ਲਈ ਬੁਲਾਇਆ ਸੀ। ਵਿਜੀਲੈਂਸ ਦੇ ਸੂਤਰਾਂ ਅਨੁਸਾਰ ਮਨਪ੍ਰੀਤ ਈਸੇਵਾਲ ਕੋਲੋਂ 100 ਤੋਂ ਜ਼ਿਆਦਾ ਰਜਿਸਟਰੀਆਂ ਮਿਲੀਆਂ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਕੋਲ ਇਹ ਪ੍ਰਾਪਰਟੀਆਂ, ਕੈਪਟਨ ਸੰਦੀਪ ਸੰਧੂ ਦੇ ਓਐਸਡੀ ਵਜੋਂ ਕੰਮ ਕਰਨ ਅਤੇ ਸਾਬਕਾ ਮੰਤਰੀ ਆਸ਼ੂ ਨਾਲ ਨਜ਼ਦੀਕੀਆਂ ਤੋਂ ਬਾਅਦ ਹੀ ਆਈਆਂ ਹਨ। ਸੂਤਰਾਂ ਅਨੁਸਾਰ ਮਨਪ੍ਰੀਤ ਈਸੇਵਾਲ ਸਾਬਕਾ ਮੰਤਰੀ ਤੇ ਉਸ ਦੇ ਕਰੀਬੀਆਂ ਦੇ ਪੈਸਿਆਂ ਦਾ ਨਿਵੇਸ਼ ਕਰਦਾ ਸੀ। ਦੱਸਣਯੋਗ ਹੈ ਕਿ ਮਨਪ੍ਰੀਤ ਈਸੇਵਾਲ ਨੂੰ ਕਾਂਗਰਸ ਨੇ ਕਾਫ਼ੀ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਸਨ। ਇਸ ਤੋਂ ਬਾਅਦ ਵਿਜੀਲੈਂਸ ਦੇ ਸ਼ੱਕ ਦੀ ਸੂਈ ਹੁਣ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਵੱਲ ਵੀ ਘੁੰਮ ਰਹੀ ਹੈ। ਕੈਪਟਨ ਸੰਦੀਪ ਸੰਧੂ ਦਾ ਕਹਿਣਾ ਹੈ ਕਿ ਮਨਪ੍ਰੀਤ ਸਿੰਘ ਮਹਿਜ਼ ਉਨ੍ਹਾਂ ਦਾ ਬਲਾਕ ਪ੍ਰਧਾਨ ਸੀ ਅਤੇ ਉਸਦਾ ਟੈਂਡਰ ਘੁਟਾਲੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ। ਉਸ ਦਾ ਪ੍ਰਾਪਰਟੀ ਦਾ ਕਾਰੋਬਾਰ ਹੈ ਅਤੇ ਇਹ ਮਾਮਲਾ ਸਿੱਧੇ ਤੌਰ ’ਤੇ ਸਿਆਸੀ ਰੰਜਿਸ਼ ਦਾ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਕੋਲ 100 ਰਜਿਸਟਰੀਆਂ ਕਿਵੇਂ ਆਈਆਂ ਕਿੱਥੋਂ ਆਈਆਂ, ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ। ਉਧਰ, ਵਿਜੀਲੈਂਸ ਦੇ ਐੱਸਐੱਸਪੀ ਰਵਿੰਦਰਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਨਪ੍ਰੀਤ ਕੋਲੋਂ ਪੁੱਛ ਪੜਤਾਲ ਕੀਤੀ ਹੈ, ਨਾਲ ਹੀ ਉਸ ਨੂੰ ਹੋਰ ਰਿਕਾਰਡ ਲੈ ਕੇ ਆਉਣ ਲਈ ਕਿਹਾ ਗਿਆ ਹੈ।

ਚੰਡੀਗੜ੍ਹ (ਕੁਲਦੀਪ ਸਿੰਘ): ਇਥੇ ਸਿਵਲ ਸਕੱਤਰੇਤ ਚੰਡੀਗੜ੍ਹ ਸਥਿਤ ਅਮਲਾ ਸ਼ਾਖਾ-1 ਅਤੇ ਡਾਇਰੈਕਟੋਰੇਟ ਦੇ ਸਟਾਫ਼ ਵਿਚਕਾਰ ਖਿੱਚੋਤਾਣ ਸ਼ੁਰੂ ਹੋ ਗਈ ਹੈ। ਇਸ ਦਾ ਕਾਰਨ ਸਾਬਕਾ ਮੰਤਰੀ ਦੇ ਕੇਸ ਨਾਲ ਜੁੜਿਆ ਪੁਰਾਣਾ ਰਿਕਾਰਡ ਨਾ ਮਿਲਣਾ ਹੈ।

ਸੂਤਰਾਂ ਦੀ ਮੰਨੀਏ ਤਾਂ ਪਿਛਲੇ ਕੁਝ ਮਹੀਨਿਆਂ ਤੋਂ ਡਾਇਰੈਕਟੋਰੇਟ ਦੇ ਕੁਝ ਕਰਮਚਾਰੀਆਂ ਨੂੰ ਸਿਵਲ ਸਕੱਤਰੇਤ ਸਥਿਤ ਅਮਲਾ ਸ਼ਾਖਾ-1 ਵਿੱਚ ਆਰਜ਼ੀ ਤੌਰ ’ਤੇ ਤਾਇਨਾਤ ਕੀਤਾ ਗਿਆ ਸੀ, ਹੁਣ ਜਦੋਂ ਸਾਬਕਾ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਵਿਜੀਲੈਂਸ ਨੂੰ ਰਿਕਾਰਡ ਲੱਭ ਕੇ ਦੇਣ ਦੀ ਜ਼ਿੰਮੇਵਾਰੀ ਡਾਇਰੈਕਟੋਰੇਟ ਦੇ ਕਰਮਚਾਰੀਆਂ ਜ਼ਿੰਮੇ ਲਾ ਦਿੱਤੀ ਗਈ ਜਦਕਿ ਅਸਲੀ ਡਿਊਟੀ ਅਮਲਾ ਸ਼ਾਖਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹੈ ਕਿਉਂਕਿ ਡਾਇਰੈਕਟਰਾਂ, ਡਿਪਟੀ ਡਾਇਰੈਕਟਰਾਂ ਨਾਲ ਸਬੰਧਤ ਰਿਕਾਰਡ ਅਮਲਾ ਸ਼ਾਖਾ ਕੋਲ ਹੀ ਹੁੰਦਾ ਹੈ।