ਟੈਂਡਰ ਘੁਟਾਲਾ: ਆਸ਼ੂ ਦੀ ਜ਼ਮਾਨਤ ਅਰਜ਼ੀ ਰੱਦ

ਸਾਬਕਾ ਮੰਤਰੀ ਦੇ ਪੀਏ ਇੰਦਰਜੀਤ ਇੰਦੀ ਦੀ ਵੀ ਜ਼ਮਾਨਤ ਅਰਜ਼ੀ ਰੱਦ

ਲੁਧਿਆਣਾ- ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਅੱਜ ਲੁਧਿਆਣਾ ਦੀ ਇੱਕ ਅਦਾਲਤ ਨੇ ਸਾਬਕਾ ਮੰਤਰੀ ਆਸ਼ੂ ਅਤੇ ਉਨ੍ਹਾਂ ਦੇ ਪੀਏ ਇੰਦਰਜੀਤ ਇੰਦੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਫਿਲਹਾਲ ਮੁਲਜ਼ਮ ਇੰਦੀ ਹਾਲੇ ਤੱਕ ਵਿਜੀਲੈਂਸ ਦੇ ਹੱਥ ਨਹੀਂ ਆਇਆ। ਉਂਜ ਉਸ ਨੂੰ ਕੇਸ ਵਿੱਚ ਨਾਮਜ਼ਦ ਕਰ ਦਿੱਤਾ ਸੀ, ਪਰ ਉਦੋਂ ਤੋਂ ਹੀ ਉਹ ਫ਼ਰਾਰ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧ ਵਿੱਚ ਅਦਾਲਤ ਨੇ 7 ਸਤੰਬਰ ਨੂੰ ਬਹਿਸ ਸੁਣਨ ਤੋਂ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਜਾਣਕਾਰੀ ਅਨੁਸਾਰ ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ਮਾਮਲੇ ’ਚ ਵਿਜੀਲੈਂਸ ਵੱਲੋਂ ਠੇਕੇਦਾਰ ਤੇਲੂ ਰਾਮ ਨੂੰ ਕਾਬੂ ਕੀਤਾ ਗਿਆ ਸੀ। ਇਸ ਤੋਂ ਬਾਅਦ 22 ਅਗਸਤ ਦੀ ਸ਼ਾਮ ਨੂੰ ਵਿਜੀਲੈਂਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਕਾਬੂ ਕਰ ਲਿਆ ਸੀ। ਉਨ੍ਹਾਂ ਤੋਂ ਪੁਲੀਸ ਨੇ ਕਰੀਬ ਅੱਠ ਦਿਨ ਪੁੱਛ-ਪੜਤਾਲ ਕੀਤੀ। ਉਪਰੰਤ ਅਦਾਲਤ ਨੇ ਆਸ਼ੂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਸੀ। ਵਿਜੀਲੈਂਸ ਨੇ ਦਾਅਵਾ ਕੀਤੀ ਸੀ ਕਿ ਪੁੱਛ- ਪੜਤਾਲ ਦੌਰਾਨ ਠੇਕੇਦਾਰ ਤੇਲੂ ਰਾਮ ਨੇ ਮੰਨਿਆ ਹੈ ਕਿ ਮੰਤਰੀ ਆਸ਼ੂ ਦੇ ਵਿਭਾਗ ਦੇ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਤੇ ਪੰਕਜ ਮੀਨੂੰ ਮਲਹੋਤਰਾ ਨੇ ਉਨ੍ਹਾਂ ਦੇ ਨਾਮ ’ਤੇ ਰਿਸ਼ਵਤ ਲਈ ਸੀ।

ਤਿੰਨ ਪੁਲੀਸ ਮੁਲਾਜ਼ਮਾਂ ’ਤੇ ਰਿਸ਼ਵਤਖੋਰੀ ਦਾ ਕੇਸ ਦਰਜ

ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਦੋ ਸਹਾਇਕ ਸਬ-ਇੰਸਪੈਕਟਰਾਂ ਤੇ ਇੱਕ ਮਹਿਲਾ ਪੁਲੀਸ ਮੁਲਾਜ਼ਮ ਖ਼ਿਲਾਫ਼ ਰਿਸ਼ਵਤਖੋਰੀ ਦਾ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਵਿਜੀਲੈਂਸ ਨੇ ਮਹਿਲਾ ਪੁਲੀਸ ਮੁਲਾਜ਼ਮ ਤੇ ਇੱਕ ਏਐੱਸਆਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਏਐੱਸਆਈ ਨਸੀਬ ਸਿੰਘ, ਏਐੱਸਆਈ ਤਜਿੰਦਰ ਸਿੰਘ ਤੇ ਮਹਿਲਾ ਪੀਐੱਚਜੀ ਜੋਤੀ ਖ਼ਿਲਾਫ਼ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ-5 ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਕੇਸ ਦਰਜ ਕੀਤਾ ਹੈ।