ਟੇਲਾਂ ’ਤੇ ਪੁੱਜੇ ਤਮਗ਼ੇ

ਟੇਲਾਂ ’ਤੇ ਪੁੱਜੇ ਤਮਗ਼ੇ

ਨਵਦੀਪ ਸਿੰਘ ਗਿੱਲ

ਹਾਂਗਜ਼ੂ ਵਿਖੇ ਏਸ਼ਿਆਈ ਖੇਡਾਂ ਪੂਰੇ ਜ਼ੋਬਨ ’ਤੇ ਹਨ ਅਤੇ ਭਾਰਤੀ ਖੇਡ ਦਲ ਲਗਾਤਾਰ ਬਿਹਤਰ ਪ੍ਰਦਰਸ਼ਨ ਕਰਦਾ ਹੋਇਆ ਤਮਗ਼ੇ ਜਿੱਤ ਰਿਹਾ ਹੈ। ਰੋਇੰਗ ਖੇਡ ਵਿੱਚ ਪਿਛਲੇ ਕੁਝ ਸਾਲਾਂ ਤੋਂ ਭਾਰਤੀ ਖਿਡਾਰੀ ਚੰਗਾ ਕਰਦੇ ਨਜ਼ਰ ਆ ਰਹੇ ਹਨ। ਇਸ ਵਾਰ ਵੀ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗ਼ਿਆਂ ਨਾਲ ਕੁੱਲ ਪੰਜ ਤਮਗ਼ੇ ਜਿੱਤੇ ਹਨ। ਇਸ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਵੀ ਅਹਿਮ ਯੋਗਦਾਨ ਹੈ। ਖ਼ਾਸ ਗੱਲ ਹੈ ਕਿ ਪੰਜਾਬ ਦੇ ਖਿਡਾਰੀ ਦੱਖਣੀ ਮਾਲਵਾ ਨਾਲ ਸਬੰਧਤ ਹਨ। ਜਿਸ ਖੇਤਰ ਨੂੰ ਟੇਲਾਂ ਦਾ ਇਲਾਕਾ ਕਹਿੰਦੇ ਹਨ ਜਿੱਥੇ ਪਾਣੀ ਦੀ ਘਾਟ ਰਹੀ ਹੈ, ਉੱਥੋਂ ਦੇ ਵਸਨੀਕ ਪਾਣੀ ਵਾਲੀ ਖੇਡ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।
ਪਿਛਲੇ ਕੁਝ ਅਰਸੇਂ ਤੋਂ ਮਾਨਸਾ ਰੋਇੰਗ ਖੇਡ ਵਿੱਚ ਪੰਜਾਬ ਦੀ ਅਗਵਾਈ ਕਰ ਰਿਹਾ ਹੈ। ਮਾਨਸਾ ਦੇ ਸਵਰਨ ਸਿੰਘ ਵਿਰਕ ਨੇ 2014 ਵਿੱਚ ਏਸ਼ਿਆਈ ਖੇਡਾਂ ਵਿੱਚ ਚਾਂਦੀ ਅਤੇ 2018 ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਸੀ। ਹੁਣ ਸੰਗਰੂਰ ਤੇ ਬਠਿੰਡਾ ਦੇ ਰੋਇੰਗ ਖਿਡਾਰੀ ਵੀ ਅੱਗੇ ਆ ਰਹੇ ਹਨ। ਪਿਛਲੇ ਸਮੇਂ ਵਿੱਚ ਫਿਰੋਜ਼ਪੁਰ ਤੇ ਮੋਗਾ ਦੇ ਖਿਡਾਰੀਆਂ ਨੇ ਵੀ ਚੰਗਾ ਪ੍ਰਦਰਸ਼ਨ ਦਿਖਾਇਆ। ਟੇਲਾਂ ਦੀ ਧਰਤੀ ਦੇ ਜਾਇਆਂ ਵੱਲੋਂ ਇਸ ਖੇਡ ਵਿੱਚ ਅੱਗੇ ਆਉਣਾ ਸਿੱਧ ਕਰਦਾ ਹੈ ਕਿ ਇਨ੍ਹਾਂ ਖਿਡਾਰੀਆਂ ਵਿੱਚ ਹੁਨਰ ਅਤੇ ਸਮਰੱਥਾ ਦੀ ਕੋਈ ਘਾਟ ਨਹੀਂ, ਬਸ ਲੋੜ ਹੈ ਉਨ੍ਹਾਂ ਨੂੰ ਮੌਕਾ ਦੇਣ ਦੀ। ਰੋਇੰਗ ਖਿਡਾਰੀ ਜ਼ਿਆਦਾਤਰ ਭਾਰਤੀ ਸੈਨਾ ਦੇ ਜਵਾਨ ਹਨ। ਇਸ ਵਾਰ ਪੰਜਾਬ ਦੇ ਖੇਡ ਵਿਭਾਗ ਵੱਲੋਂ ਰੂਪਨਗਰ ਵਿਖੇ ਚਲਾਏ ਜਾ ਰਹੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਰੋਇੰਗ ਸੈਂਟਰ ਵੱਲੋਂ ਚੰਗੇ ਨਤੀਜੇ ਦਿੱਤੇ ਜਾ ਰਹੇ ਹਨ। ਹਾਂਗਜ਼ੂ ਵਿਖੇ ਸੰਗਰੂਰ ਜ਼ਿਲ੍ਹੇ ਦੇ ਧੂਰੀ ਨੇੜਲੇ ਪਿੰਡ ਕਲੇਰਾਂ ਦੇ ਜਸਵਿੰਦਰ ਸਿੰਘ ਨੇ ਪੁਰਸ਼ਾਂ ਦੇ ਕੌਕਸਡ 8 ਵਿੱਚ ਚਾਂਦੀ ਤੇ ਕੌਕਸਡ 4 ਵਿੱਚ ਕਾਂਸੀ ਦਾ ਤਮਗ਼ਾ, ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਨੇੜਲੇ ਪਿੰਡ ਨੰਗਲਾ ਦੇ ਚਰਨਜੀਤ ਸਿੰਘ ਨੇ ਕੌਕਸਡ 8 ਵਿੱਚ ਚਾਂਦੀ ਅਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਦੇ ਸੁਖਮੀਤ ਸਿੰਘ ਸਮਾਘ ਤੇ ਫੱਤਾ ਮਾਲੋਕਾ ਦੇ ਸਤਨਾਮ ਸਿੰਘ ਨੇ ਪੁਰਸ਼ਾਂ ਦੀ ਕੁਆਡਰੱਪਲ ਸਕੱਲਜ਼ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।ਜਸਵਿੰਦਰ ਸਿੰਘ ਸਾਧਾਰਨ ਖੇਤੀਬਾੜੀ ਪਰਿਵਾਰ ਵਿੱਚ ਜਨਮਿਆ ਜਿਸ ਨੇ ਛੋਟੇ ਹੁੰਦਿਆਂ ਆਪਣੇ ਪਿਤਾ ਜਗਦੇਵ ਸਿੰਘ ਨਾਲ ਖੇਤੀ ਅਤੇ ਡੇਅਰੀ ਦੇ ਕੰਮ ਵਿੱਚ ਹੱਥ ਵੰਡਾਇਆ। ਇਸੇ ਕੰਮ ਨੇ ਉਸ ਨੂੰ ਤਾਕਤ ਦਿੱਤੀ ਅਤੇ 2017 ਵਿੱਚ ਸੈਨਾ ਵਿੱਚ ਭਰਤੀ ਹੋਣ ਤੋਂ ਬਾਅਦ 2018 ਵਿੱਚ ਰੋਇੰਗ ਖੇਡ ਦੀ ਸ਼ੁਰੂਆਤ ਕੀਤੀ। 2019 ਵਿੱਚ ਉਸ ਨੇ ਪਹਿਲੀ ਵਾਰ ਆਰਮੀ ਦੀ ਰੋਇੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਫੇਰ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। 2022 ਵਿੱਚ ਜਸਵਿੰਦਰ ਸਿੰਘ ਨੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਦੋ ਵਿਸ਼ਵ ਕੱਪ ਮੁਕਾਬਲੇ ਖੇਡੇ ਅਤੇ ਇੱਕ ਵਿੱਚ ਪੰਜਵੀਂ ਅਤੇ ਦੂਜੇ ਵਿੱਚ ਨੌਵੀਂ ਪੁਜੀਸ਼ਨ ਆਈ। ਗੁਜਰਾਤ ਵਿਖੇ ਹੋਈਆਂ ਕੌਮੀ ਖੇਡਾਂ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। 2022 ਵਿੱਚ ਹੀ ਉਸ ਨੇ ਆਪਣਾ ਪਹਿਲਾ ਕੌਮਾਂਤਰੀ ਤਮਗ਼ਾ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਵਿੱਚ ਜਿੱਤਿਆ ਜਿੱਥੇ ਉਸ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਇਸ ਸਾਲ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਦੋ ਸੋਨੇ ਅਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ। 25 ਵਰ੍ਹਿਆਂ ਦੇ ਜਸਵਿੰਦਰ ਨੇ ਹੁਣ ਏਸ਼ਿਆਈ ਖੇਡਾਂ ਵਿੱਚ ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਿਆ ਹੈ।
ਬਠਿੰਡਾ ਜ਼ਿਲ੍ਹੇ ਦੇ ਨੰਗਲਾ ਪਿੰਡ ਦੇ ਚਰਨਜੀਤ ਸਿੰਘ ਦੀ ਕਹਾਣੀ ਵੀ ਜਸਵਿੰਦਰ ਸਿੰਘ ਨਾਲ ਮਿਲਦੀ ਜੁਲਦੀ ਹੈ। ਭਾਰਤੀ ਸੈਨਾ ਵਿੱਚ 2016 ਵਿੱਚ ਭਰਤੀ ਹੋਏ ਚਰਨਜੀਤ ਨੇ 2017 ਵਿੱਚ ਆਪਣੀ ਖੇਡ ਸ਼ੁਰੂ ਕਰਨ ਦੇ ਪਹਿਲੇ ਹੀ ਸਾਲ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਵਿੱਚ ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਿਆ। ਉਸ ਤੋਂ ਬਾਅਦ ਹੁਣ ਤੱਕ ਉਸ ਨੇ ਕੌਮੀ ਪੱਧਰ ’ਤੇ ਨੈਸ਼ਨਲ ਚੈਂਪੀਅਨਸ਼ਿਪਾਂ ਵਿੱਚ ਚਾਰ ਸੋਨੇ, ਪੰਜ ਚਾਂਦੀ ਤੇ ਇੱਕ ਕਾਂਸੀ ਦਾ ਤਮਗ਼ਾ ਅਤੇ ਕੌਮੀ ਖੇਡਾਂ ਵਿੱਚ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ। ਕੌਮਾਂਤਰੀ ਪੱਧਰ ’ਤੇ ਚਰਨਜੀਤ ਸਿੰਘ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਇੱਕ ਵਾਰ ਸੋਨੇ ਅਤੇ ਦੋ ਵਾਰ ਚਾਂਦੀ ਦਾ ਤਮਗ਼ਾ ਜਿੱਤਿਆ। ਦੋ ਵਿਸ਼ਵ ਕੱਪ ਮੁਕਾਬਲੇ ਖੇਡੇ ਅਤੇ ਇੱਕ ਵਾਰ ਪੰਜਵਾਂ ਤੇ ਦੂਜੀ ਵਾਰ 13ਵਾਂ ਸਥਾਨ ਹਾਸਲ ਕੀਤਾ। ਹੁਣ ਏਸ਼ਿਆਈ ਖੇਡਾਂ ਵਿੱਚ ਉਸ ਨੇ ਚਾਂਦੀ ਦਾ ਤਮਗ਼ਾ ਜਿੱਤਿਆ।


ਮਾਨਸਾ ਦਾ ਸੁਖਮੀਤ ਸਿੰਘ ਸਮਾਘ ਪਹਿਲੀ ਵਾਰ ਸੁਰਖੀਆਂ ਵਿੱਚ ਪਿਛਲੀਆਂ ਏਸ਼ਿਆਈ ਖੇਡਾਂ ਵਿੱਚ ਆਇਆ ਸੀ ਜਦੋਂ ਉਸ ਨੇ ਆਪਣੇ ਹੀ ਜ਼ਿਲ੍ਹੇ ਦੇ ਸੀਨੀਅਰ ਸਾਥੀ ਸਵਰਨ ਸਿੰਘ ਵਿਰਕ ਨਾਲ ਮਿਲ ਕੇ ਜਕਾਰਤਾ ਵਿਖੇ 2018 ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਸੀ। 9 ਅਗਸਤ 1994 ਨੂੰ ਜਨਮੇ ਸੁਖਮੀਤ ਨੇ 2015 ਵਿੱਚ ਰੁੜਕੀ ਵਿਖੇ ਸੈਨਾ ਦੇ ਬੰਗਾਲ ਇੰਜਨੀਅਰਿੰਗ ਸੈਂਟਰ ਵਿੱਚ ਰੋਇੰਗ ਖੇਡ ਦੀ ਸ਼ੁਰੂਆਤ ਕੀਤੀ ਸੀ। ਸੁਖਮੀਤ ਨੇ ਹੁਣ ਤੱਕ ਕੌਮੀ ਪੱਧਰ ਉਤੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਚਾਰ ਸੋਨੇ ਅਤੇ ਪੰਜ ਚਾਂਦੀ ਦੇ ਤਮਗ਼ੇ ਜਿੱਤੇ ਹਨ। ਕੌਮਾਂਤਰੀ ਪੱਧਰ ’ਤੇ ਸੁਖਮੀਤ ਨੇ ਏਸ਼ੀਅਨ ਗੇਮਜ਼ ਦੇ ਸੋਨ ਤਮਗ਼ੇ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪਾਂ ਵਿੱਚ ਤਿੰਨ ਚਾਂਦੀ ਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਹੁਣ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ ਉਸ ਨੇ ਲਗਾਤਾਰ ਦੂਜੀ ਵਾਰ ਏਸ਼ਿਆਈ ਖੇਡਾਂ ਦੀ ਤਮਗ਼ਾ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ।

ਰੋਇੰਗ ਵਿੱਚ ਤਮਗ਼ੇ ਜਿੱਤਣ ਵਾਲਾ ਚੌਥਾ ਪੰਜਾਬੀ ਖਿਡਾਰੀ ਭਾਰਤੀ ਜਲ ਸੈਨਾ ਦਾ ਜਵਾਨ ਸਤਨਾਮ ਸਿੰਘ ਹੈ। ਜਲ ਸੈਨਾ ਵਿੱਚ ਭਰਤੀ ਹੋਣ ਤੋਂ ਪਹਿਲਾਂ ਉਸ ਨੇ 2017 ਵਿੱਚ ਜੂਨੀਅਰ ਨੈਸ਼ਨਲ ਵਿੱਚ ਚੌਥਾ ਸਥਾਨ ਹਾਸਲ ਕੀਤਾ। 2018 ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਯੂਥ ਓਲੰਪਿਕਸ ਵਿੱਚ ਅੱਠਵਾਂ ਸਥਾਨ ਹਾਸਲ ਕੀਤਾ। ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਕੌਮੀ ਪੱਧਰ ’ਤੇ ਉਸ ਨੇ ਨੈਸ਼ਨਲ ਖੇਡਾਂ ਵਿੱਚ ਚਾਂਦੀ ਦੇ ਤਮਗ਼ੇ ਸਮੇਤ ਇੱਕ ਸੋਨੇ, ਦੋ ਚਾਂਦੀ ਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਿਆ। ਦੋ ਵਾਰ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਹੁਣ ਏਸ਼ਿਆਈ ਖੇਡਾਂ ਵਿੱਚ ਕਾਂਸੀ ਦੇ ਤਮਗ਼ੇ ਨਾਲ ਸਤਨਾਮ ਸਿੰਘ ਨੇ ਆਪਣਾ ਪਹਿਲਾ ਕੌਮਾਂਤਰੀ ਤਮਗ਼ਾ ਜਿੱਤਿਆ ਹੈ।