ਟੀ-20 ਵਿਸ਼ਵ ਕੱਪ: ਸੈਮੀ-ਫਾਈਨਲ ਵਿੱਚ ਭਾਰਤ ਦੀ ਸ਼ਰਮਨਾਕ ਹਾਰ

ਟੀ-20 ਵਿਸ਼ਵ ਕੱਪ: ਸੈਮੀ-ਫਾਈਨਲ ਵਿੱਚ ਭਾਰਤ ਦੀ ਸ਼ਰਮਨਾਕ ਹਾਰ

ਡੀਲੇਡ- ਇੰਗਲੈਂਡ ਅੱਜ ਇਥੇ ਕਪਤਾਨ ਜੋਸ ਬਟਲਰ ਤੇ ਐਲਕਸ ਹੇਲਸ ਦੀ ਸਲਾਮੀ ਜੋੜੀ ਵੱਲੋਂ ਵਿਖਾਈ ਸ਼ਾਨਦਾਰ ਖੇਡ ਸਦਕਾ ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀ ਫਾਈਨਲ ਵਿੱਚ ਭਾਰਤ ਨੂੰ ਦਸ ਵਿਕਟਾਂ ਦੀ ਕਰਾਰੀ ਸ਼ਿਕਸਤ ਦੇ ਕੇ ਫਾਈਨਲ ਵਿੱਚ ਪੁੱਜ ਗਿਆ, ਜਿੱਥੇ ਉਸ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਦੋਵਾਂ ਇੰਗਲਿਸ਼ ਬੱਲੇਬਾਜ਼ਾਂ ਨੇ ਭਾਰਤੀ ਗੇਂਦਬਾਜ਼ਾਂ ਨੂੰ ਜੰਮ ਕੇ ਕੁੱਟਿਆ ਤੇ ਮੈਦਾਨ ਦੇ ਹਰ ਕੋਨੇ ’ਚ ਸ਼ਾਟ ਜੜੇ। ਇੰਗਲੈਂਡ ਨੇ ਭਾਰਤ ਵੱਲੋਂ ਦਿੱਤੇ 169 ਦੌੜਾਂ ਦੇ ਟੀਚੇ ਨੂੰ 16 ਓਵਰਾਂ ਵਿੱਚ ਪੂਰਾ ਕਰ ਲਿਆ। ਬਟਲਰ ਨੇ ਨਾਬਾਦ 80 ਤੇ ਹੇਲਸ ਨੇ ਨਾਬਾਦ 86 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਹਾਰਦਿਕ ਪੰਡਿਆ ਦੀਆਂ 33 ਗੇਂਦਾਂ ’ਤੇ 68 ਤੇਜ਼ਤਰਾਰ ਦੌੜਾਂ ਦੀ ਬਦੌਲਤ ਭਾਰਤ ਨੇ ਇੰਗਲੈਂਡ ਦੇ ਸੱਦੇ ’ਤੇ ਬੱਲੇਬਾਜ਼ੀ ਕਰਦਿਆਂ 168 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 40 ਗੇਂਦਾਂ ’ਤੇ 50 ਦੌੜਾਂ ਬਣਾਈਆਂ। ਭਾਰਤ ਨੇ ਪਾਵਰਪਲੇਅ ਦੇ 6 ਓਵਰਾਂ ਵਿੱਚ ਰੱਖਿਆਤਮਕ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਮਹਿਜ਼ 38 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ ਨੇ 28 ਗੇਂਦਾਂ ’ਤੇ 27 ਦੌੜਾਂ ਬਣਾਈਆਂ ਤੇ ਟੀਮ ਨੇ ਪਹਿਲੇ 10 ਓਵਰਾਂ ਵਿਚ 62 ਦੌੜਾਂ ਜੋੜੀਆਂ। ਭਾਰਤੀ ਬੱਲੇਬਾਜ਼ਾਂ ਨੇ ਆਪਣੀ ਪਾਰੀ ਦੌਰਾਨ 42 ਡਾਟ ਗੇਂਦਾਂ (ਸੱਤ ਮੇਡਨ ਓਵਰ) ਖੇਡੀਆਂ। ਸੈਮੀਫਾਈਨਲ ਵਿੱਚ ਭਾਰਤ ਜਿਹੀ ਤਜਰਬੇਕਾਰ ਟੀਮ ਤੋਂ ਅਜਿਹੀ ਆਸ ਨਹੀਂ ਕੀਤੀ ਜਾ ਸਕਦੀ। ਉਧਰ ਇੰਗਲੈਂਡ ਦਾ ਸਿਖਰਲਾ ਬੱਲੇਬਾਜ਼ੀ ਕ੍ਰਮ ਜੋ ਲੀਗ ਸਟੇਜ ’ਚ ਡਾਂਵਾਡੋਲ ਨਜ਼ਰ ਆਉਂਦਾ ਸੀ, ਨੇ ਅੱਜ ਪਹਿਲੇ 6 ਓਵਰਾਂ ਵਿੱਚ 63 ਦੌੜਾਂ ਬਣਾਈਆਂ। ਹੇਲਸ ਨੇ 47 ਗੇਂਦਾਂ ਦੀ ਪਾਰੀ ਵਿੱਚ 7 ਛੱਕੇ ਜੜੇ। ਭਾਰਤੀ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਤੇ ਅਰਸ਼ਦੀਪ ਸਿੰਘ ਨੂੰ ਬਹੁਤਾ ਸਵਿੰਗ ਨਹੀਂ ਮਿਲਿਆ। ਮੈਚ ਵਿੱਚ ਯੁਜ਼ਵੇਂਦਰ ਚਾਹਲ ਦੀ ਥਾਂ ਅਕਸ਼ਰ ਪਟੇਲ (ਚਾਰ ਓਵਰਾਂ ’ਚ 30 ਦੌੜਾਂ) ਤੇ ਰਵੀਚੰਦਰਨ ਅਸ਼ਵਿਨ (2 ਓਵਰ 27 ਦੌੜਾਂ) ਨੂੰ ਖਿਡਾਉਣ ਦਾ ਟੀਮ ਮੈਨੇਜਮੈਂਟ ਦਾ ਫੈਸਲਾ ਗ਼ਲਤ ਸਾਬਤ ਹੋਇਆ। ਮੁਹੰਮਦ ਸ਼ਾਮੀ ਨੇ 3 ਓਵਰਾਂ ’ਚ 39 ਦੌੜਾਂ ਦਿੱਤੀਆਂ।