ਟੀ-20 ਵਿਸ਼ਵ ਕੱਪ: ਸੂਰਿਆਕੁਮਾਰ, ਕੋਹਲੀ ਤੇ ਰੋਹਿਤ ਨੇ ਦਿਵਾਈ ਭਾਰਤ ਨੂੰ ਜਿੱਤ

ਟੀ-20 ਵਿਸ਼ਵ ਕੱਪ: ਸੂਰਿਆਕੁਮਾਰ, ਕੋਹਲੀ ਤੇ ਰੋਹਿਤ ਨੇ ਦਿਵਾਈ ਭਾਰਤ ਨੂੰ ਜਿੱਤ

ਸਿਡਨੀ- ਸੂਰਿਆਕੁਮਾਰ ਦੀਆਂ 25 ਗੇਂਦਾਂ ਵਿੱਚ ਨਾਬਾਦ 51 ਦੌੜਾਂ ਅਤੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਅਰਧ ਸੈਂਕੜਿਆਂ ਸਦਕਾ ਭਾਰਤ ਨੇ ਵੀਰਵਾਰ ਨੂੰ ਨੈਦਰਲੈਂਡ ਨੂੰ 56 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਪਿਛਲੇ ਮੈਚ ਵਿੱਚ ਪਾਕਿਸਤਾਨੀ ਟੀਮ ਨੂੰ ਹਰਾਉਣ ਵਾਲੀ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੋ ਵਿਕਟਾਂ ਗੁਆ ਕੇ 179 ਦੌੜਾਂ ਬਣਾਈਆਂ। ਦੂਜੇ ਪਾਸੇ, ਨੈਦਰਲੈਂਡ ਦੀ ਟੀਮ ਨੌਂ ਵਿਕਟਾਂ ਗੁਆ ਕੇ 123 ਦੌੜਾਂ ਹੀ ਬਣਾ ਸਕੀ।

ਕਪਤਾਨ ਰੋਹਿਤ ਨੇ 39 ਗੇਂਦਾਂ ਵਿੱਚ 53 ਦੌੜਾਂ ਬਣਾਈਆਂ। ਪਾਕਿਸਤਾਨ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕੋਹਲੀ ਨੇ 44 ਗੇਂਦਾ ਵਿੱਚ 62 (ਨਾਬਾਦ) ਦੌੜਾਂ ਬਣਾਈਆਂ। ਕੇ ਐੱਲ ਰਾਹੁਲ ਲਗਾਤਾਰ ਦੂਜੀ ਵਾਰ ਚੰਗਾ ਪ੍ਰਦਰਸ਼ਨ ਨਾ ਕਰ ਸਕੇ, ਉਹ 12 ਗੇਂਦਾਂ ਵਿੱਚ ਸਿਰਫ਼ ਨੌਂ ਦੌੜਾਂ ਹੀ ਬਣਾ ਸਕੇ। ਨੈਦਰਲੈਂਡ ਦੇ ਗੇਂਦਬਾਜ਼ਾਂ ਨੇ ਸ਼ੁਰੂਆਤ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਇੱਕ ਵਿਕਟ ਗੁਆ ਕੇ 32 ਦੌੜਾਂ ਹੀ ਬਣਾ ਸਕੀ। ਦਸ ਓਵਰਾਂ ਵਿੱਚ ਭਾਰਤ ਨੇ ਇੱਕ ਵਿਕਟ ਗੁਆ ਕੇ 67 ਦੌੜਾਂ ਬਣਾਈਆਂ ਸਨ। ਇਸ ਮਗਰੋਂ ਸੂਰਿਆ ਨੇ ਆ ਕੇ ਨੈਦਰਲੈਂਡ ਦੇ ਗੇਂਦਬਾਜ਼ਾਂ ਦੀ ਪਕੜ ਢਿੱਲੀ ਕਰਦਿਆਂ ਵਿਸ਼ਵ ਕੱਪ ਵਿੱਚ ਪਹਿਲਾ ਅਰਧ ਸੈਂਕੜਾ ਬਣਾਇਆ। ਉਸ ਨੇ ਸਾਰੀ ਪਾਰੀ ਵਿੱਚ ਸੱਤ ਚੌਕੇ ਅਤੇ ਇੱਕ ਛੱਕਾ ਲਾਇਆ। ਭਾਰਤ ਦਾ ਅਗਲਾ ਮੁਕਾਬਲਾ ਹੁਣ 30 ਅਕਤੂਬਰ ਨੂੰ ਦੱਖਣੀ ਅਫਰੀਕਾ ਨਾਲ ਹੋਵੇਗਾ।