ਟੀ-20 ਵਿਸ਼ਵ ਕੱਪ -ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ

ਟੀ-20 ਵਿਸ਼ਵ ਕੱਪ -ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ

ਪਰਥ- ਦੱਖਣੀ ਅਫ਼ਰੀਕਾ ਨੇ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਸੁਪਰ 12 ਦੇ ਗਰੁੱਪ ਬੀ ਮੁਕਾਬਲੇ ਵਿੱਚ ਭਾਰਤ ਨੂੰ ਅੱਜ ਪੰਜ ਵਿਕਟਾਂ ਦੀ ਸ਼ਿਕਸਤ ਦਿੱਤੀ। ਅਫਰੀਕੀ ਟੀਮ ਦੀ ਜਿੱਤ ਵਿਚ ਡੇਵਿਡ ਮਿੱਲਰ(ਨਾਬਾਦ 56) ਤੇ ਏਡਨ ਮਾਰਕਰਾਮ(52) ਦੀ ਸ਼ਾਨਦਾਰ ਬੱਲੇਬਾਜ਼ੀ ਤੇ ਗੇਂਦਬਾਜ਼ ਲੁੰਗੀ ਨਗਿਦੀ ਵੱਲੋਂ 29 ਦੌੜਾਂ ਬਦਲੇ ਲਈਆਂ 4 ਵਿਕਟਾਂ ਦਾ ਅਹਿਮ ਯੋਗਦਾਨ ਰਿਹਾ। ਇਸ ਜਿੱਤ ਨਾਲ ਦੱਖਣ ਅਫ਼ਰੀਕੀ ਟੀਮ ਤਿੰਨ ਮੈਚਾਂ ਵਿੱਚ ਪੰਜ ਅੰਕਾਂ ਨਾਲ ਗਰੁੱਪ ਬੀ ਵਿੱਚ ਸਿਖਰ ’ਤੇ ਪੁੱਜ ਗਈ ਹੈ। ਭਾਰਤ ਤੇ ਬੰਗਲਾਦੇਸ਼ ਚਾਰ-ਚਾਰ ਅੰਕਾਂ ਨਾਲ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਹਨ। ਅਫ਼ਰੀਕੀ ਟੀਮ ਦੀ ਜਿੱਤ ਨਾਲ ਪਾਕਿਸਤਾਨ ਲਈ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਪੁੱਜਣ ਦੇ ਰਾਹ ਲਗਪਗ ਬੰਦ ਹੋ ਗਏ ਹਨ। ਭਾਰਤ ਆਪਣੇ ਅਗਲੇ ਮੁਕਾਬਲੇ 2 ਨਵੰਬਰ ਨੂੰ ਬੰਗਲਾਦੇਸ਼ ਤੇ 6 ਨਵੰਬਰ ਨੂੰ ਜ਼ਿੰਬਾਬਵੇ ਖਿਲਾਫ਼ ਖੇਡੇੇਗਾ। ਭਾਰਤ ਨੂੰ ਸੈਮੀ ਫਾਈਨਲ ਦਾ ਟਿਕਟ ਕਟਾਉਣ ਲਈ ਇਕ ਹੋਰ ਮੈਚ ਜਿੱਤਣ ਦੀ ਲੋੜ ਹੈ। ਇਸ ਦੌਰਾਨ ਗਰੁੱਪ ਬੀ ਦੇ ਦੋ ਹੋਰਨਾਂ ਮੁਕਾਬਲਿਆਂ ਵਿੱਚ ਪਾਕਿਸਤਾਨ ਨੇ ਨੈਦਰਲੈਂਡਜ਼ ਅਤੇ ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ ਸ਼ਿਕਸਤ ਦਿੱਤੀ।

ਦੱਖਣੀ ਅਫਰੀਕਾ ਨੇ ਭਾਰਤ ਵੱਲੋੋਂ ਦਿੱਤੇ 134 ਦੌੜਾਂ ਦੇ ਟੀਚੇ ਨੂੰ 19.4 ਓਵਰਾਂ ਵਿੱਚ ਪੂਰਾ ਕਰ ਲਿਆ। ਟੀਮ ਲਈ ਡੇਵਿਡ ਮਿੱਲਰ ਨੇ ਨਾਬਾਦ 56 ਦੌੜਾਂ ਤੇ ਏਡਨ ਮਾਰਕਰਾਮ ਨੇ 52 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਸੂਰਿਆਕੁਮਾਰ ਯਾਦਵ ਦੀ 40 ਗੇਂਦਾਂ ’ਤੇ 68 ਦੌੜਾਂ ਦੀ ਪਾਰੀ ਸਦਕਾ ਭਾਰਤ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦਿਆਂ 9 ਵਿਕਟਾਂ ਦੇ ਨੁਕਸਾਨ ਨਾਲ 133 ਦੌੜਾਂ ਬਣਾਈਆਂ ਸਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਅਫਰੀਕੀ ਟੀਮ ਲਈ ਲੁੰਗੀ ਨਗਿਦੀ 29 ਦੌੜਾਂ ਬਦਲੇ ਚਾਰ ਵਿਕਟਾਂ ਨਾਲ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। ਉਸ ਨੇ ਰੋਹਿਤ ਸ਼ਰਮਾ(15), ਲੋਕੇਸ਼ ਰਾਹੁਲ(9), ਵਿਰਾਟ ਕੋਹਲੀ(12) ਤੇ ਹਾਰਦਿਕ ਪੰਡਿਆ(2) ਦੇ ਵਿਕਟ ਲਏ। ਵੇਨ ਪਾਰਨੈੱਲ ਨੇ 15 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਭਾਰਤ ਲਈ ਅਰਸ਼ਦੀਪ ਸਿੰਘ ਨੇ 25 ਦੌੜਾਂ ਬਦਲੇ 2 ਵਿਕਟ ਲਏ।