ਟਿਊਨੀਸ਼ੀਆ ਦੇ ਪ੍ਰਸ਼ੰਸਕਾਂ ਨੇ ਫਰਾਂਸ ’ਤੇ ਜਿੱਤ ਦਾ ਮਨਾਇਆ ਜਸ਼ਨ

ਟਿਊਨੀਸ਼ੀਆ ਦੇ ਪ੍ਰਸ਼ੰਸਕਾਂ ਨੇ ਫਰਾਂਸ ’ਤੇ ਜਿੱਤ ਦਾ ਮਨਾਇਆ ਜਸ਼ਨ

ਟਿਊਨੀਸ਼ੀਆ/ ਦੋਹਾ: ਟਿਊਨੀਸ਼ੀਆ ਨੇ ਫੀਫਾ ਕਤਰ ਵਿਸ਼ਵ ਕੱਪ ’ਚ ਬੁੱਧਵਾਰ ਨੂੰ ਵੱਡਾ ਉਲਟ-ਫੇਰ ਕਰਦਿਆਂ ਫਰਾਂਸ ਨੂੰ 1-0 ਨਾਲ ਹਰਾ ਕੇ ਜਿੱਤ ਦਾ ਜਸ਼ਨ ਮਨਾਇਆ ਪਰ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਜਿਵੇਂ ਹੀ ਟੀਮ ਨੇ ਮੈਚ ਜਿੱਤਿਆ ਤਾਂ ਟਿਊਨੀਸ਼ੀਆ ’ਚ ਫੁੱਟਬਾਲ ਪ੍ਰਸ਼ੰਸਕਾਂ ਨੇ ਕਾਰਾਂ ਦੇ ਹਾਰਨ ਵਜਾਉਣੇ ਸ਼ੁਰੂ ਕਰ ਦਿੱਤੇ। ਕਤਰ ਵਿਸ਼ਵ ਕੱਪ ’ਚ ਇਹ ਤੀਜਾ ਵੱਡਾ ਉਲਟ-ਫੇਰ ਸੀ। ਇਸ ਤੋਂ ਪਹਿਲਾਂ ਸਾਊਦੀ ਅਰਬ ਨੇ ਅਰਜਨਟੀਨਾ ਨੂੰ ਹਰਾਇਆ ਸੀ। ਸਾਊਦੀ ਅਰਬ ਬੁੱਧਵਾਰ ਨੂੰ ਮੈਕਸਿਕੋ ਤੋਂ 1 ਦੇ ਮੁਕਾਬਲੇ ਦੋ ਗੋਲਾਂ ਨਾਲ ਹਾਰ ਗਿਆ ਅਤੇ ਉਹ ਨੌਕਆਊਟ ਦੌਰ ’ਚ ਦਾਖ਼ਲ ਹੋਣ ਤੋਂ ਖੁੰਝ ਗਿਆ। ਮੇਜ਼ਬਾਨ ਕਤਰ ਪਹਿਲਾਂ ਹੀ ਬਾਹਰ ਹੋ ਗਿਆ ਹੈ ਜਦਕਿ ਮੋਰੱਕੋ ਨੇ ਐਤਵਾਰ ਨੂੰ ਦੂਜੇ ਦਰਜੇ ਦੀ ਟੀਮ ਬੈਲਜੀਅਮ ਨੂੰ ਹਰਾਇਆ ਸੀ। ਟਿਊਨੀਸ਼ ਕੈਫੇ ’ਚ ਮੈਚ ਦੇਖ ਰਹੇ ਨੱਰੇਦੀਨ ਬੇਨ ਸਲੇਮ ਨੇ ਕਿਹਾ ਕਿ ਫਰਾਂਸ ’ਤੇ ਜਿੱਤ ਦਾ ਵਿਸ਼ੇਸ਼ ਸੁਆਦ ਆਇਆ। ਉਸ ਨੇ ਕਿਹਾ ਕਿ ਅਰਬ ਫੁੱਟਬਾਲ ਨੇ ਸਾਬਕਾ ਬਸਤੀਵਾਦੀ ਮੁਲਕਾਂ ਨੂੰ ਹਰਾ ਕੇ ਆਪਣੀ ਸ਼ਾਨ ਬਹਾਲ ਕੀਤੀ ਹੈ। ਜਿਵੇਂ ਹੀ ਮੈਚ ਖ਼ਤਮ ਹੋਇਆ ਤਾਂ ਲੋਕ ਝੰਡੇ ਲੈ ਕੇ ਕੇਂਦਰੀ ਹਬੀਬ ਬੋਰਗੁਇਬਾ ਅਵੈਨਿਊ ਪਹੁੰਚ ਗੲੇ ਜਿਥੇ ਅਕਸਰ ਸਿਆਸੀ ਪ੍ਰਦਰਸ਼ਨ ਹੁੰਦੇ ਹਨ। ਬੇਨ ਸਲੇਮ ਨੇ ਕਿਹਾ ਕਿ ਜਿੱਤ ਦੀ ਖੁਸ਼ੀ ਹੈ ਪਰ ਟੀਮ ਦੇ ਵਿਸ਼ਵ ਕੱਪ ਤੋਂ ਬਾਹਰ ਹੋਣ ਦਾ ਗਮ ਵੀ ਹੈ। ਕਤਰ ’ਚ ਵੀ ਸਾਊਦੀ ਪ੍ਰਸ਼ੰਸਕਾਂ ਨੇ ਟਿਊਨੀਸ਼ਿਆ ਦੀ ਜਿੱਤ ਦਾ ਜਸ਼ਨ ਮਨਾਇਆ। ਸਾਊਦੀ ਅਰਬ ਦੇ ਸਲੀਮ ਅਲ-ਹਾਰਬੀ ਨੇ ਕਿਹਾ ਕਿ ਅਰਬ ਖਿਡਾਰੀਆਂ ਨੇ ਦੁਨੀਆ ਦੇ ਬਿਹਤਰੀਨ ਫੁਟਬਾਲਰਾਂ ਖ਼ਿਲਾਫ਼ ਆਪਣੀ ਕਾਬਲੀਅਤ ਸਾਬਿਤ ਕਰ ਦਿੱਤੀ ਹੈ। ਉਸ ਨੇ ਆਸ ਜਤਾਈ ਕਿ ਅਰਬ ਅਤੇ ਏਸ਼ਿਆਈ ਟੀਮਾਂ ਭਵਿੱਖ ’ਚ ਫਾਈਨਲ ਦੌਰ ਤੱਕ ਪਹੁੰਚਣਗੀਆਂ।