ਟਾਈਟਲਰ ਨੂੰ ਜ਼ਮਾਨਤ: ਦਿੱਲੀ ਕਮੇਟੀ ਨੇ ਨਿਰਾਸ਼ਾ ਪ੍ਰਗਟਾਈ

ਟਾਈਟਲਰ ਨੂੰ ਜ਼ਮਾਨਤ: ਦਿੱਲੀ ਕਮੇਟੀ ਨੇ ਨਿਰਾਸ਼ਾ ਪ੍ਰਗਟਾਈ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦਿੱਲੀ ਦੀ ਅਦਾਲਤ ਵੱਲੋਂ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਜ਼ਮਾਨਤ ਦੇਣ ਦੇ ਫ਼ੈਸਲੇ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਬੇ ਸਮੇਂ ਤੋਂ ਇਸ ਮਾਮਲੇ ਦੀ ਪੈਰਵੀ ਕਰ ਰਹੀ ਸੀ।

ਉਨ੍ਹਾਂ ਕਿਹਾ ਇਸ ਤੋਂ ਪਹਿਲੀ ਸੁਣਵਾਈ ਦੌਰਾਨ ਜਿਹੋ-ਜਿਹੀਆਂ ਮਜ਼ਬੂਤ ਦਲੀਲਾਂ ਪੇਸ਼ ਕੀਤੀਆਂ ਗਈਆਂ ਸਨ, ਉਨ੍ਹਾਂ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੇ ਫ਼ੈਸਲੇ ਦੀ ਉਮੀਦ ਨਹੀਂ ਸੀ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਸਾਰੀ ਤਾਕਤ ਝੋਕ ਦਿੱਤੀ ਗਈ ਸੀ ਅਤੇ 39 ਸਾਲਾਂ ਬਾਅਦ ਸਿੱਖ ਕੌਮ ਨੂੰ ਇਨਸਾਫ ਮਿਲਣ ਦੀ ਆਸ ਬੱਝੀ ਸੀ। ਉਨ੍ਹਾਂ ਕਿਹਾ ਕਿ ਧਾਰਾ 164 ਤਹਿਤ ਬਿਆਨ ਦਰਜ਼ ਹੋ ਚੁੱਕੇ ਸਨ ਤੇ ਗਵਾਹ ਮੌਜੂਦ ਹਨ। ਉਧਰ, ਵਿਰੋਧੀ ਆਗੂ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸੀਬੀਆਈ ਦੀ ਢਿੱਲ ਤੇ ਦਿੱਲੀ ਕਮੇਟੀ ਦੀ ਕੋਝੀ ਸਿਆਸਤ ਕਾਰਨ ਟਾਈਟਲਰ ਨੂੰ ਇਹ ਮੌਕਾ ਮਿਲਿਆ ਹੈ।

ਪੀੜਤਾਂ ਨੂੰ ਇਨਸਾਫ਼ ਵਿੱਚ ਹੋਰ ਦੇਰੀ ਦਾ ਖ਼ਦਸ਼ਾ

ਸਿੱਖ ਕਤਲੇਆਮ ਦੇ ਪੀੜਤਾਂ ਨੇ ਵੀ ਨਿਰਾਸ਼ਾ ਜ਼ਾਹਿਰ ਕੀਤੀ ਹੈ। ਅੱਜ ਅਦਾਲਤ ਵਿੱਚ ਸੁਣਵਾਈ ਦੌਰਾਨ ਪੀੜਤ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਉਨ੍ਹਾਂ ਵਿੱਚੋਂ ਕਈਆਂ ਨੇ ਕਿਹਾ ਇਨਸਾਫ਼ ਲੈਣ ਲਈ ਹੋਰ ਦੇਰੀ ਹੋ ਸਕਦੀ ਹੈ। ਦਿੱਲੀ ਕਮੇਟੀ ਦੇ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਕਿਹਾ ਕਿ ਹਾਈ ਕੋਰਟ ਵਿਚ ਜ਼ਮਾਨਤ ਖ਼ਿਲਾਫ਼ ਅਪੀਲ ਦਾਇਰ ਕੀਤੀ ਜਾਵੇਗੀ। ਭਲਕੇ ਵੀ ਇਸੇ ਅਦਾਲਤ ’ਚ ਟਾਈਟਲਰ ਦੀ ਪੇਸ਼ੀ ਹੋਣੀ ਹੈ। ਉਨ੍ਹਾਂ ਕਿਹਾ ਕਿ 5 ਅਗਸਤ ਨੂੰ ਅਦਾਲਤ ਸਾਹਮਣੇ ਧਰਨਾ ਦਿੱਤਾ ਜਾਵੇਗਾ ਤੇ ਟਾਈਟਲਰ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾਵੇਗੀ।