ਟਾਂਗਾ ਚੱਲਿਆ ਏ ਸ਼ਹਿਰ ਕੁਰਾਲੀ…

ਟਾਂਗਾ ਚੱਲਿਆ ਏ ਸ਼ਹਿਰ ਕੁਰਾਲੀ…

ਬਹਾਦਰ ਸਿੰਘ ਗੋਸਲ

ਪਿਛਲੇ ਕੁਝ ਦਹਾਕਿਆਂ ਵਿੱਚ ਸਮੇਂ ਨੇ ਕੁਝ ਜ਼ਿਆਦਾ ਹੀ ਰਫ਼ਤਾਰ ਫੜ ਲਈ ਹੈ। ਅਸੀਂ ਵਿਕਾਸ ਦੇ ਨਾਂ ’ਤੇ ਅੱਗੇ ਨਿਕਲਣ ਦਾ ਯਤਨ ਕਰਦੇ ਹਾਂ, ਪਰ ਸਾਡੇ ਬਜ਼ੁਰਗਾਂ ਦੀਆਂ ਪਾਈਆਂ ਅਨੰਦਮਈ ਪਿਰਤਾਂ ਸਾਡੇ ਕੋਲੋਂ ਦੂਰ ਚਲੀਆਂ ਜਾਂਦੀਆਂ ਹਨ। ਇਹ ਕੋਈ ਇੱਕ ਖੇਤਰ ਵਿੱਚ ਨਹੀਂ ਸਗੋਂ ਜੀਵਨ ਦੇ ਹਰ ਖੇਤਰ ਅਤੇ ਹਰ ਪਹਿਲੂ ਵਿੱਚ ਵਾਪਰਦਾ ਹੈ। ਜੇ ਅਸੀਂ ਆਵਾਜਾਈ ਦੇ ਸਾਧਨਾਂ ਦੀ ਹੀ ਗੱਲ ਕਰ ਲਈਏ ਤਾਂ ਅੱਜ ਮਨੁੱਖ ਕਾਰਾਂ, ਮੋਟਰਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਦੀ ਮਦਦ ਨਾਲ ਕਿਤੇ ਤੋਂ ਕਿਤੇ ਪਹੁੰਚ ਜਾਂਦਾ ਹੈ। ਰਾਕਟਾਂ ਦੀ ਮਦਦ ਨਾਲ ਦੂਜੇ ਗ੍ਰਹਿਆਂ ਜਾਂ ਦੂਜੀਆਂ ਧਰਤੀਆਂ ’ਤੇ ਪਹੁੰਚਣ ਦੀ ਦਲੇਰੀ ਕਾਰਨ ਲੱਗਾ ਹੈ।

ਜੇ ਅਸੀਂ ਕੁਝ ਦਹਾਕੇ ਦੇ ਪਹਿਲੇ ਪੰਜਾਬ ਦੀ ਗੱਲ ਕਰੀਏ ਤਾਂ ਅਜਿਹੇ ਤੇਜ਼ ਰਫ਼ਤਾਰ ਆਵਾਜਾਈ ਦੇ ਸਾਧਨ ਨਹੀਂ ਸਨ। ਕਾਰਾਂ, ਮੋਟਰਾਂ ਦੀ ਗੱਲ ਦੂਰ ਲੋਕਾਂ ਕੋਲ ਸਾਈਕਲ ਵੀ ਨਹੀਂ ਸਨ ਹੁੰਦੇ। ਆਉਣ-ਜਾਣ ਲਈ ਜਾਨਵਰਾਂ ਦੀ ਵਰਤੋਂ ਜਾਂ ਫਿਰ ਪੈਦਲ ਹੀ ਚੱਲਣਾ ਪੈਂਦਾ ਸੀ, ਪਰ ਪੰਜਾਬੀਆਂ ਨੇ ਤਾਂ ਉਸ ਸਮੇਂ ਨੂੰ ਵੀ ਆਪਣੇ ਲਈ ਮਸਤੀ ਭਰਿਆ ਅਤੇ ਦਿਲਚਸਪ ਬਣਾ ਲਿਆ ਸੀ ਜਿਸ ਕਾਰਨ ਪੰਜਾਬੀ ਸੱਭਿਆਚਾਰ ਨੇ ਵੀ ਅਥਾਹ ਰੰਗ ਬਿਖੇਰੇ। ਆਉਣ ਜਾਣ ਲਈ ਘੋੜੇ ਅਤੇ ਬੋਤਿਆਂ ਦੀ ਸਹਾਇਤਾ ਨਾਲ ਪੰਜਾਬੀਆਂ ਨੇ ਤਾਂ ਨਵਾਂ ਹੀ ਰੰਗ ਬੰਨ੍ਹ ਰੱਖਿਆ ਸੀ। ਬੋਤੇ ਦੀ ਸਵਾਰੀ ਨੂੰ ਤਾਂ ਉਸ ਨੇ ਆਪਣੇ ਸਹੁਰੇ ਜਾਣ ਦੀ ਸ਼ਾਨ ਦੀ ਬਣਾ ਲਿਆ ਸੀ, ਪਰ ਘੋੜੇ ਨੂੰ ਜ਼ਿਆਦਾਤਰ ਉਹ ਟਾਂਗੇ ਦੀ ਸਵਾਰੀ ਜਾਂ ਆਪਣੀ ਵਿਅਕਤੀਗਤ ਸਵਾਰੀ ਲਈ ਹੀ ਵਰਤਦਾ ਸੀ। ਹਾਂ, ਕਈ ਵਾਰ ਬਲਦਾਂ ਵਾਲੇ ਗੱਡੇ ਜਾਂ ਰੱਥ ਵੀ ਉਸ ਦੀ ਸਵਾਰੀ ਦਾ ਚੰਗੇਰਾ ਸਾਧਨ ਬਣਦੇ।

ਇਹ ਗੱਲ ਉਨ੍ਹਾਂ ਦਿਨਾਂ ਹੀ ਹੈ ਜਦੋਂ ਪੰਜਾਬ ਦੇ ਪਿੰਡਾਂ ਦੀਆਂ ਸਭ ਸੜਕਾਂ ਕੱਚੀਆਂ, ਧੂੜ-ਭਰੀਆਂ ਅਤੇ ਟੇਢੀਆਂ-ਮੇਢੀਆਂ ਹੁੰਦੀਆਂ ਸਨ। ਕੱਚੇ ਰਸਤਿਆਂ ’ਤੇ ਟਾਂਗੇ ਦੀ ਸਵਾਰੀ ਹੀ ਆਮ ਮਿਲਦੀ ਸੀ। ਟਾਂਗਾ ਵੀ ਕਮਾਲ ਦਾ ਹੁੰਦਾ ਸੀ। 8-10 ਸਵਾਰੀਆਂ ਆਰਾਮ ਨਾਲ ਬਿਠਾ ਕੇ ਘੋੜੇ ਨੂੰ ਪੁਚਕਾਰ ਕੇ ਧੂੜ ਉਠਾਉਂਦਾ ਚਲਾ ਜਾਂਦਾ ਸੀ। ਕਿਸੇ ਸ਼ਹਿਰ ਤੋਂ ਪਿੰਡਾਂ ਵਿੱਚ ਜਾਣਾ ਜਾਂ ਪਿੰਡ ਵਾਸੀਆਂ ਵੱਲੋਂ ਸ਼ਹਿਰ ਲੋੜੀਂਦੀਆਂ ਵਸਤੂਆਂ ਖਰੀਦਣ ਜਾਣਾ, ਇਹ ਟਾਂਗਾ ਹੀ ਕਾਰਗਰ ਸਿੱਧ ਹੁੰਦਾ ਸੀ। ਟਾਂਗੇ ਵਾਲੇ ਸਵਾਰੀ ਦੇ ਥੋੜ੍ਹੇ-ਬਹੁਤੇ ਪੈਸੇ ਲੈ ਆਪਣੇ ਅੱਡੇ ਤੋਂ ਚਾਲੇ ਪਾਉਂਦੇ ਅਤੇ ਰਾਹ ਵਿੱਚ ਤੁਰੀਆਂ ਜਾਂਦੀਆਂ ਸਵਾਰੀਆਂ ਨੂੰ ਬਿਠਾਉਂਦੇ ਰਹਿੰਦੇ।

ਇਸ ਤਰ੍ਹਾਂ ਭਾਵੇਂ ਟਾਂਗੇ ਵਾਲੇ ਨੂੰ ਵੀ ਚੰਗਾ ਰੁਜ਼ਗਾਰ ਮਿਲਿਆ ਹੋਇਆ ਸੀ, ਪਰ ਉਸ ਨੂੰ ਆਪਣੀ ਦਿਹਾੜੀ ਵਿੱਚੋਂ ਘੋੜੇ ਦੀ ਵੀ ਸੇਵਾ ਕਰਨੀ ਪੈਂਦੀ ਸੀ। ਨਿੱਤ ਨਿੱਤ ਘੋੜੇ ਤੋਂ ਕੰਮ ਲੈਣ ਲਈ ਉਸ ਨੂੰ ਤੰਦਰੁਸਤ ਅਤੇ ਤਕੜਾ ਰੱਖਣਾ ਪੈਂਦਾ ਸੀ। ਟਾਂਗੇ ਵਾਲਿਆਂ ਨੂੰ ਚੰਗਾ ਰੁਜ਼ਗਾਰ ਮਿਲਣ ਦੇ ਨਾਲ-ਨਾਲ ਜਿੱਥੇ ਲੋਕਾਂ ਨੂੰ ਚੰਗੀ ਸਹੂਲਤ ਮਿਲ ਜਾਂਦੀ ਸੀ, ਉੱਥੇ ਉਹ ਟਾਂਗਾ ਸਾਡੇ ਪੰਜਾਬੀ ਸੱਭਿਆਚਾਰ ਦੀ ਅਜਿਹੀ ਕੜੀ ਬਣਦਾ ਸੀ ਕਿ ਟਾਂਗਾ ਸ਼ਬਦ ਹਰ, ਬੱਚੇ, ਬੁੱਢੇ ਦੀ ਜ਼ੁਬਾਨ ’ਤੇ ਹੁੰਦਾ ਸੀ। ਕੱਚੀਆਂ ਸੜਕਾਂ ’ਤੇ ਦੌੜੇ ਜਾਂਦੇ ਟਾਂਗਿਆਂ ਨੂੰ ਦੇਖ ਸਾਡੇ ਸਾਹਿਤਕਾਰਾਂ, ਗੀਤਕਾਰਾਂ ਅਤੇ ਕਵੀਆਂ ਨੂੰ ਤਾਂ ਨਵਾਂ-ਨਵਾਂ ਕੁਝ ਲਿਖਣ ਨੂੰ ਮਿਲ ਜਾਂਦਾ। ਇਹੀ ਕਾਰਨ ਸੀ ਪੰਜਾਬੀ ਸੱਭਿਆਚਾਰ ਵਿੱਚ ਟਾਂਗੇ ਨੇ ਆਪਣੀ ਅਹਿਮ ਥਾਂ ਬਣਾ ਲਈ ਸੀ ਅਤੇ ਕਿਸੇ ਗੀਤਕਾਰ ਨੇ ਤਾਂ ਲਿਖ ਹੀ ਦਿੱਤਾ ਸੀ:

ਟਾਂਗਾ ਚੱਲਿਆ ਏ ਸ਼ਹਿਰ ਕੁਰਾਲੀ,

ਬਹਿ ਬਿੱਲੋ ਛਾਲ ਮਾਰ ਕੇ।

ਤਾਂ ਇਸ ਤਰ੍ਹਾਂ ਟਾਂਗੇ ਵਾਲੇ ਦੀ ਮਨਚਲੀ ਆਵਾਜ਼ ਦਾ ਜਵਾਬ ਵੀ ਕੋਈ ਮੁਟਿਆਰ ਟਾਂਗੇ ’ਤੇ ਚੜ੍ਹਨ ਨੂੰ ਮੁਸ਼ਕਿਲ ਸਮਝਦੀ ਹੋਈ ਕਹਿ ਹੀ ਦਿੰਦੀ:

ਗੋਰੀ ਫੁੱਟ ਵਰਗੀ,

ਲੱਤ ਟੁੱਟ ਜੁ ਝਾਂਜਰਾਂ ਵਾਲੀ।

ਕਹਿਣ ਦਾ ਭਾਵ ਕਿ ਇਸ ਗੀਤ ਨੇ ਪੂਰੇ ਪੰਜਾਬ ਵਿੱਚ ਟਾਂਗੇ ਦੀ ਮਸ਼ਹੂਰੀ ਹੀ ਨਹੀਂ ਕੀਤੀ ਸਗੋਂ ਟਾਂਗੇ ਨੂੰ ਪੰਜਾਬੀ ਸੱਭਿਆਚਾਰ ਦੀ ਨਵੀਂ ਕੜੀ ਵਿੱਚ ਜੋੜ ਦਿੱਤਾ। ਇਹੀ ਕਾਰਨ ਸੀ ਕਿ ਟਾਂਗਾ ਪੰਜਾਬੀ ਪੇਂਡੂ ਖੇਤਰਾਂ ਵਿੱਚ ਬਹੁਤ ਹਰਮਨ ਪਿਆਰਾ ਬਣ ਗਿਆ ਅਤੇ ਹਰ ਕੋਈ ਟਾਂਗੇ ਦੀ ਗੱਲ ਸੁਣ ਕੇ ਚੁਕੰਨਾ ਹੋ ਜਾਂਦਾ ਸੀ। ਕਿਸੇ ਬਾਲ-ਕਵੀ ਨੇ ਵੀ ਆਪਣੀ ਬਾਲ ਕਵਿਤਾ ਵਿੱਚ ਟਾਂਗੇ ਦੀ ਬਹੁਤ ਪ੍ਰਸੰਸਾ ਕਰ ਦਿੱਤੀ :

ਕੱਲ੍ਹ ਸ਼ਹਿਰੋਂ, ਮੇਰੀ ਵੱਡੀ ਤਾਈ,

ਟਾਂਗੇ ਵਿੱਚ ਬੈਠ ਕੇ ਆਈ।

ਟਾਂਗਾ ਨਵਾਂ ਨਕੌਰ ਸੀ ਲੱਗਦਾ,

ਅੱਗੇ ਸੋਹਣਾ ਘੋੜਾ ਭੱਜਦਾ।

ਟਾਂਗੇ ਦੇ ਵਿਲੱਖਣ ਜਿਹੇ ਰੂਪ ਨੂੰ ਦੇਖ ਕੇ ਸ਼ਹਿਰਾਂ ਦੇ ਨਾਲ ਲੱਗਦੇ ਪਿੰਡਾਂ ਦੀਆਂ ਮੁਟਿਆਰਾਂ ਇਕੱਠੀਆਂ ਹੋ ਕੇ ਜਦੋਂ ਸ਼ਹਿਰ ਨੂੰ ਜਾਂਦੀਆਂ ਤਾਂ ਉਹ ਖੂਬ ਸੱਭਿਆਚਾਰਕ ਰੰਗ ਬਿਖੇਰਦੀਆਂ। ਖਾਸ ਕਰਕੇ ਸ਼ਹਿਰ ਪਟਿਆਲੇ ਦੇ ਨੇੜੇ ਦੇ ਪਿੰਡਾਂ ਦੀਆਂ ਮੁਟਿਆਰਾਂ ਤਾਂ ਆਪਣੀ ਸ਼ੌਕੀਨੀ ਨੂੰ ਚਾਰ ਚੰਨ ਲਗਾਉਣ ਲਈ ਡੋਰੀਏ, ਪਰਾਂਦੇ, ਨਾਲੇ, ਵੰਗਾਂ ਅਤੇ ਫੁਲਕਾਰੀਆਂ ਖਰੀਦਣ ਲਈ ਪਟਿਆਲੇ ਸ਼ਹਿਰ ਦੇ ਚੱਕਰ ਲਗਾਉਂਦੀਆਂ ਤਾਂ ਹੀ ਪੰਜਾਬੀ ਦੀ ਇਹ ਬੋਲੀ, ਪੰਜਾਬੀਆਂ ਦੇ ਸਿਰ ਚੜ੍ਹ ਬੋਲੀ:

ਟਾਂਗਾ ਕਰਕੇ ਕੁਝ ਮੁਟਿਆਰਾਂ,

ਵਿੱਚ ਸ਼ਹਿਰ ਪਟਿਆਲੇ ਵੜੀਆਂ,

ਸੈਰ-ਸਪਾਟਾ, ਘੁੰਮਣਾ ਫਿਰਨਾ,

ਵਾਂਗ ਮੌਜੀਆਂ ਚੜ੍ਹੀਆਂ।

ਬਾਣੀਏ ਦੇਖ ਕੇ ਮੋਹਿਤ ਹੋ ਗਏ,

ਮੁਫ਼ਤ ਤੋਲਦੇ ਧੜੀਆਂ

ਬਈ ਬਾਣੀਏ ਹਾਕਾਂ ਮਾਰਦੇ,

ਮੁਟਿਆਰਾਂ ਨਾ ਖੜ੍ਹੀਆਂ।

ਇੱਥੇ ਹੀ ਬਸ ਨਹੀਂ ਟਾਂਗਾ ਪੰਜਾਬੀ, ਹਿੰਦੀ ਫਿਲਮਾਂ ਵਿੱਚ ਵੀ ਅਹਿਮ ਕੜੀ ਬਣ ਗਿਆ। ਕਿੰਨੇ ਹੀ ਸੋਹਣੇ ਫਿਲਮੀ ਦ੍ਰਿਸ਼ ਜਾਂ ਗੀਤ ਟਾਂਗੇ ਉੱਤੇ ਫਿਲਮਾਏ ਗਏ ਜਿਸ ਤਰ੍ਹਾਂ ਮਸ਼ਹੂਰ ਫਿਲਮ ‘ਜੀਤ’ ਵਿੱਚ ਹੀਰੋਇਨ ਟਾਂਗੇ ਵਾਲੇ ਨੂੰ ਪ੍ਰੀਤ ਨਗਰ ਜਾਣ ਲਈ ਪੁੱਛਦੀ ਹੈ:

ਦੱਸੀਂ ਵੇ ਟਾਂਗੇ ਵਾਲਿਆ,

ਕੀ ਪ੍ਰੀਤ ਨਗਰ ਤੂੰ ਜਾਏਗਾ?

ਸੱਚ ਵਿੱਚ ਹੀ ਟਾਂਗਿਆਂ ’ਤੇ ਫਿਲਮਾਏ ਗਏ ਗੀਤਾਂ ਜਾਂ ਦ੍ਰਿਸ਼ਾਂ ਨੇ ਉਨ੍ਹਾਂ ਫਿਲਮਾਂ ਵਿੱਚ ਜਾਨ ਹੀ ਪਾ ਦਿੱਤੀ ਅਤੇ ਦਰਸ਼ਕਾਂ ਦੇ ਮਨ ਨੂੰ ਮੋਹ ਕੇ ਰੱਖ ਦਿੱਤਾ। ਜਿਸ ਤਰ੍ਹਾਂ ਹਿੰਦੀ ਦੀ ਮਸ਼ਹੂਰ ਫਿਲਮ ‘ਸ਼ੋਲੇ’ ਵਿੱਚ ਹੀਰੋਇਨ ਹੇਮਾ ਮਾਲਿਨੀ ਟਾਂਗਾ ਚਲਾਉਂਦੀ ਹੈ ਅਤੇ ਰੇਲਵੇ ਸਟੇਨ ਤੋਂ ਫਿਲਮ ਦੇ ਮੁੱਖ ਪਾਤਰਾਂ ਨੂੰ ਟਾਂਗੇ ਵਿੱਚ ਬਿਠਾ ਕੇ ਲਿਜਾਣ ਸਮੇਂ ਆਪਣੇ ਟਾਂਗੇ ਅਤੇ ਘੋੜੀ ਦੀਆਂ ਸਿਫਤਾਂ ਕਰਦੀ ਫਿਲਮ ਨੂੰ ਚਾਰ ਚੰਨ ਲਗਾ ਦਿੰਦੀ ਹੈ ਅਤੇ ਦਰਸ਼ਕ ਟਾਂਗੇ ਵਾਲੇ ਦ੍ਰਿਸ਼ ਨੂੰ ਕਦੇ ਵੀ ਨਹੀਂ ਭੁੱਲਦੇ।

ਅੱਜ ਭਾਵੇਂ ਸਾਨੂੰ ਆਉਣ ਜਾਣ ਲਈ ਬਹੁਤ ਆਰਾਮਦਾਇਕ ਅਤੇ ਤੇਜ਼ ਸੁਵਿਧਾਵਾਂ ਮਿਲ ਗਈਆਂ ਹਨ ਅਤੇ ਅਸੀਂ ਬੜੇ ਸੁੱਖ ਨਾਲ ਇੱਕ ਥਾਂ ਤੋਂ ਦੂਜੀ ਥਾਂ ਆ-ਜਾ ਸਕਦੇ ਹਾਂ। ਵਿਗਿਆਨ ਦੀ ਤਰੱਕੀ ਨੇ ਅਨੇਕ ਕਿਸਮ ਦੇ ਆਵਾਜਾਈ ਦੇ ਨਵੇਂ ਸਾਧਨ ਬਣਾ ਦਿੱਤੇ ਹਨ, ਪਰ ਉਹ ਟਾਂਗਾ ਤਾਂ ਪੰਜਾਬੀ ਸੱਭਿਆਚਾਰ ਦੀ ਜ਼ਿੰਦ-ਜਾਨ ਸੀ ਜੋ ਭੁਲਾਇਆ ਵੀ ਨਹੀਂ ਭੁੱਲਦਾ। ਉਹ ਵੀ ਕਿਸੇ ਮਨੁੱਖੀ ਦਿਮਾਗ਼ ਦੀ ਕਾਢ ਦਾ ਨਤੀਜਾ ਸੀ ਜੋ ਮਨੁੱਖ ਅਤੇ ਜਾਨਵਰ ਦੇ ਆਪਸੀ ਪਿਆਰ ਦੀ ਕਹਾਣੀ ਵੀ ਘੜਦਾ ਸੀ, ਪਰ ਕਵੀ ਅਨੁਸਾਰ ਘੋੜਾ ਵੀ ਸੇਵਾ ਕਮਾ ਲੈਂਦਾ ਸੀ:

ਕੰਮ ਪੂ ਤੋਂ ਲੈਣਾ ਔਖਾ,

ਪਰ ਘੋੜੇ ਖੂਬ ਸੇਵ ਕਮਾਈ।

ਅੱਜ ਘਰ ਘਰ ਭਾਵੇਂ ਕਾਰਾਂ ਖੜ੍ਹੀਆਂ,

‘ਗੋਸਲ’ ਨੂੰ ਯਾਦ ਟਾਂਗੇ ਦੀ ਆਈ।

ਪਰ ਟਾਂਗੇ ਦੇ ਅਨੇਕਾਂ ਗੁਣਾਂ ਦੇ ਬਾਵਜੂਦ ਅਤੇ ਸਾਡੇ ਵਿਰਸੇ ਦੀ ਅਮੁੱਲ ਯਾਦ ਹੁੰਦੇ ਹੋਏ ਵੀ ਅੱਜ ਟਾਂਗੇ ਅਲੋਪ ਹੋ ਗਏ ਹਨ। ਪੰਜਾਬ ਦੇ ਕਿਸੇ ਵੀ ਖੇਤਰ ਵਿੱਚ ਟਾਂਗੇ ਦੇਖਣ ਨੂੰ ਨਹੀਂ ਮਿਲਦੇ ਭਾਵੇਂ ਹਰ ਪਾਸੇ ਪੱਕੀਆਂ ਸੜਕਾਂ ਹੋਣ ਦੇ ਕਾਰਟ ਟਾਂਗਿਆਂ ਦਾ ਚਲਣਾ ਵੀ ਆਸਾਨ ਹੋ ਗਿਆ ਹੈ।

ਸੰਪਰਕ: 98764-52223