ਟਰੰਪ ਨੇ ਦਿੱਤੀ ਗ੍ਰਿਫ਼ਤਾਰੀ

ਟਰੰਪ ਨੇ ਦਿੱਤੀ ਗ੍ਰਿਫ਼ਤਾਰੀ

ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੇਨਲਡ ਟਰੰਪ ਨੇ 2020 ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਹੋਈਆਂ ਚੋਣਾਂ ਵਿਚ ਜੌਰਜੀਆ ’ਚ ਆਪਣੀ ਹਾਰ ਨੂੰ ਪਲਟਾਉਣ ਦੀਆਂ ਗੈਰਕਾਨੂੰਨੀ ਕੋਸ਼ਿਸ਼ਾਂ ਦੇ ਦੋਸ਼ਾਂ ਨਾਲ ਜੁੜੇ ਮਾਮਲੇ ਵਿਚ ਵੀਰਵਾਰ ਨੂੰ ਫੁਲਟਨ ਕਾਊਂਟੀ ਜੇਲ੍ਹ ਵਿਚ ਆਤਮ ਸਮਰਪਣ ਕਰ ਦਿੱਤਾ। ਟਰੰਪ (77) ਨੇ ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਵਿਚ 22 ਮਿੰਟ ਬਿਤਾਏ ਤੇ ਇਸੇ ਦੌਰਾਨ ਪੁਲੀਸ ਨੇ ਉਨ੍ਹਾਂ ਦਾ ‘ਮਗ ਸ਼ੌਟ’ (ਗ੍ਰਿਫ਼ਤਾਰੀ ਤੋਂ ਬਾਅਦ ਕੈਦੀ ਦੇ ਰੂਪ ਵਿਚ ਲਈ ਜਾਣ ਵਾਲੀ ਫੋਟੋ) ਵੀ ਜਾਰੀ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤੀ ਬੌਂਡ ਭਰਨ ’ਤੇ ਰਿਹਾਅ ਕਰ ਦਿੱਤਾ ਗਿਆ। ਇਹ ਅਮਰੀਕਾ ਦੇ ਕਿਸੇ ਸਾਬਕਾ ਰਾਸ਼ਟਰਪਤੀ ਦਾ ਪਹਿਲਾ ‘ਮਗ ਸ਼ੌਟ’ ਹੈ। ਇਸ ਤੋਂ ਪਹਿਲਾਂ ਐਟਲਾਂਟਾ ਹਵਾਈ ਅੱਡੇ ਤੋਂ ਵਾਹਨਾਂ ਦਾ ਇਕ ਵੱਡਾ ਕਾਫ਼ਲਾ ਤੇ ਪੁਲੀਸ ਮੁਲਾਜ਼ਮ ਟਰੰਪ ਨੂੰ ਜੇਲ੍ਹ ਤੱਕ ਲੈ ਕੇ ਗਏ। ਜੌਰਜੀਆ ਵਿਚ ਟਰੰਪ ਦੀ ਇਹ ਗ੍ਰਿਫ਼ਤਾਰੀ ਇਸ ਸਾਲ ਦੀ ਉਨ੍ਹਾਂ ਦੀ ਚੌਥੀ ਗ੍ਰਿਫ਼ਤਾਰੀ ਹੈ। ਫੈਡਰਲ ਤੇ ਸੂਬਾਈ ਅਧਿਕਾਰੀਆਂ ਨੇ ਉਨ੍ਹਾਂ ਵਿਰੁੱਧ ਕਈ ਅਪਰਾਧਕ ਮਾਮਲੇ ਦਰਜ ਕੀਤੇ ਸਨ। ਸਾਰੇ ਮਾਮਲਿਆਂ ਵਿਚ ਟਰੰਪ ਨੇ ਸਮਰਪਣ ਕੀਤਾ ਹੈ। ਪਰ ‘ਮਗ ਸ਼ੌਟ’ ਪਹਿਲੀ ਵਾਰ ਰਿਲੀਜ਼ ਕੀਤਾ ਗਿਆ ਹੈ।