ਟਰੰਪ ਜਿਨਸੀ ਸੋਸ਼ਣ ਤੇ ਮਾਣਹਾਨੀ ਦਾ ਦੋਸ਼ੀ ਕਰਾਰ, 50 ਲੱਖ ਡਾਲਰ ਜੁਰਮਾਨਾ ਕੀਤਾ

ਟਰੰਪ ਜਿਨਸੀ ਸੋਸ਼ਣ ਤੇ ਮਾਣਹਾਨੀ ਦਾ ਦੋਸ਼ੀ ਕਰਾਰ, 50 ਲੱਖ ਡਾਲਰ ਜੁਰਮਾਨਾ ਕੀਤਾ

ਵਾਸ਼ਿੰਗਟਨ : ਅਮਰੀਕਾ ਦੇ ਨਿਊਯਾਰਕ ਦੀ ਇੱਕ ਅਦਾਲਤ ਤੋਂ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ਬਰਦਸਤ ਝਟਕਾ ਲੱਗਾ ਹੈ। ਅਦਾਲਤ ਨੇ ਟਰੰਪ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਹੈ। ਉਸ ’ਤੇ ਜਿਨਸੀ ਸ਼ੋਸ਼ਣ ਅਤੇ ਮਾਣਹਾਨੀ ਦੇ ਮਾਮਲੇ ਵਿੱਚ 50 ਲੱਖ ਡਾਲਰ ਜੁਰਮਾਨਾ ਲਗਾਇਆ ਗਿਆ ਹੈ। ਭਾਰਤੀ ਰੁਪਿਆਂ ਵਿਚ ਇਹ ਰਾਸ਼ੀ 41 ਕਰੋੜ ਰੁਪਏ ਬਣਦੀ ਹੈ।
ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਟਰੰਪ 1990 ਦੇ ਦਹਾਕੇ ਵਿਚ ਇਕ ਮੈਗਜ਼ੀਨ ਲੇਖਕਾ ਈ ਜੀਨ ਕੈਰੋਲ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਹਨ। ਟਰੰਪ ਨੇ ਕਈ ਮੌਕਿਆਂ ’ਤੇ ਕੈਰੋਲ ਨੂੰ ਝੂਠਾ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਅਦਾਲਤ ਨੇ ਟਰੰਪ ਨੂੰ ਦੋਸ਼ੀ ਠਹਿਰਾਉਂਦੇ ਹੋਏ ਕੈਰੋਲ ਨੂੰ 50 ਲੱਖ ਡਾਲਰ ਹਰਜਾਨੇ ਵਜੋਂ ਦੇਣ ਦਾ ਫ਼ੈਸਲਾ ਸੁਣਾਇਆ ਹੈ। ਹਾਲਾਂਕਿ ਅਦਾਲਤ ਨੇ ਟਰੰਪ ਨੂੰ ਡਿਪਾਰਟਮੈਂਟ ਸਟੋਰ ਵਿੱਚ ਕੈਰੋਲ ਨਾਲ ਬਲਾਤਕਾਰ ਕਰਨ ਲਈ ਦੋਸ਼ੀ ਨਹੀਂ ਪਾਇਆ। ਜਿਊਰੀ ਨੇ ਕੈਰੋਲ ਦੇ ਬਲਾਤਕਾਰ ਦੇ ਦੋਸ਼ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਕੇਸ ਸਿਵਲ ਅਦਾਲਤ ਵਿੱਚ ਲਿਆਂਦਾ ਗਿਆ ਸੀ, ਨਾ ਕਿ ਫੌਜਦਾਰੀ ਅਦਾਲਤ ਵਿੱਚ। ਸਾਬਕਾ ਰਾਸ਼ਟਰਪਤੀ ਟਰੰਪ ਨੇ ਅਦਾਲਤ ਦੇ ਇਸ ਫ਼ੈਸਲੇ ਨੂੰ ਜਨਤਕ ਤੌਰ ’ਤੇ ਅਪਮਾਨਜਨਕ ਅਤੇ ਆਪਣੀ ਮਾਣਹਾਨੀ ਦਾ ਕਾਰਨ ਦੱਸਿਆ ਹੈ। ਦੱਸ ਦੇਈਏ ਕਿ ਟਰੰਪ ਖ਼ਿਲਾਫ਼ ਇਸ ਮਾਮਲੇ ਦੀ ਸੁਣਵਾਈ 25 ਅਪ੍ਰੈਲ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਨੌਂ ਮੈਂਬਰਾਂ ਦੀ ਜਿਊਰੀ ਨੇ ਟਰੰਪ ਨੂੰ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਹੈ।
ਟਰੰਪ ਨੇ ਮਾਮਲੇ ਦੀ ਸੁਣਵਾਈ ਦੌਰਾਨ ਪੀੜਤਾ ਕੈਰੋਲ ਨੂੰ ਕਈ ਮੌਕਿਆਂ ’ਤੇ ਬਦਨਾਮ ਕੀਤਾ ਸੀ। ਉਸ ਨੇ ਕੈਰੋਲ ਦੇ ਦੋਸ਼ਾਂ ਨੂੰ ਮਨਘੜਤ ਕਹਾਣੀ ਦੱਸਿਆ। ਕੈਰੋਲ ਨੇ ਦੋਸ਼ ਲਾਇਆ ਹੈ ਕਿ ਟਰੰਪ ਨੇ 1996 ਵਿੱਚ ਮੈਨਹਟਨ ਦੇ ਇੱਕ ਡਿਪਾਰਟਮੈਂਟ ਸਟੋਰ ਦੇ ਡਰੈਸਿੰਗ ਰੂਮ ਵਿੱਚ ਉਸ ਨਾਲ ਬਲਾਤਕਾਰ ਕੀਤਾ ਸੀ। ਕੈਰੋਲ ਨੇ ਸਭ ਤੋਂ ਪਹਿਲਾਂ 2019 ਵਿੱਚ ਇੱਕ ਕਿਤਾਬ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਸੀ। ਦੱਸਣਯੋਗ ਹੈ ਕਿ ਪਿਛਲੇ ਕੁਝ ਸਾਲਾਂ ’ਚ ਇਕ ਦਰਜਨ ਤੋਂ ਵੱਧ ਔਰਤਾਂ ਨੇ ਟਰੰਪ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਇਸ ’ਚ ਪੋਰਨ ਸਟਾਰ ਸਟੋਰਮੀ ਡੇਨੀਅਲਸ ਦੇ ਮਾਮਲੇ ’ਚ ਟਰੰਪ ਨੂੰ ਕਾਫੀ ਨਰਾਜ਼ਗੀ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਜਿਨਸੀ ਸ਼ੋਸ਼ਣ ਦੇ ਇਨ੍ਹਾਂ ਮਾਮਲਿਆਂ ਕਾਰਨ ਟਰੰਪ ਦੀ ਰਾਸ਼ਟਰਪਤੀ ਚੋਣ ਲੜਨ ਦੀ ਯੋਜਨਾ ਨੂੰ ਝਟਕਾ ਲੱਗ ਸਕਦਾ ਹੈ।