ਟਰੰਪ ਖ਼ਿਲਾਫ਼ ਚੱਲੇਗਾ ਅਪਰਾਧਕ ਮੁਕੱਦਮਾ

ਟਰੰਪ ਖ਼ਿਲਾਫ਼ ਚੱਲੇਗਾ ਅਪਰਾਧਕ ਮੁਕੱਦਮਾ

ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਅਮਰੀਕਾ ਦੇ ਪਹਿਲੇ ਸਾਬਕਾ ਰਾਸ਼ਟਰਪਤੀ
ਨਿਊਯਾਰਕ- ਅਮਰੀਕਾ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਪ੍ਰਚਾਰ ਦੌਰਾਨ 2016 ਵਿਚ ਇਕ ਪੋਰਨ ਸਟਾਰ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦੇ ਮਾਮਲੇ ਵਿਚ ਮੈਨਹੱਟਨ ਗਰੈਂਡ ਜਿਊਰੀ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਅਪਰਾਧਕ ਦੋਸ਼ ਤੈਅ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਟਰੰਪ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਦੇਸ਼ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਬਣ ਗਏ ਹਨ। ਇਸ ਫ਼ੈਸਲੇ ਨਾਲ 2024 ਵਿਚ ਮੁੜ ਤੋਂ ਰਾਸ਼ਟਰਪਤੀ ਬਣਨ ਦੀਆਂ ਉਨ੍ਹਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਮਾਮਲੇ ਦੀ ਜਾਂਚ ਕਰ ਰਹੇ ਮੈਨਹੱਟਨ ਜ਼ਿਲ੍ਹਾ ਅਟਾਰਨੀ ਐਲਵਿਨ ਬਰੈਗ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਕੁਝ ਅਨਿਸ਼ਚਿਤ ਦੋਸ਼ਾਂ ਦੇ ਅਧਾਰ ਉਤੇ ਟਰੰਪ ਦੇ ‘ਆਤਮ ਸਮਰਪਣ ਸਬੰਧੀ ਤਾਲਮੇਲ’ ਲਈ ਵੀਰਵਾਰ ਉਨ੍ਹਾਂ ਦੇ ਵਕੀਲਾਂ ਨਾਲ ਸੰਪਰਕ ਕੀਤਾ ਸੀ। ਬਰੈਗ ਦੇ ਬੁਲਾਰੇ ਨੇ ਦੱਸਿਆ ਕਿ ਸੁਣਵਾਈ ਦੀ ਤਰੀਕ ਤੈਅ ਹੋਣ ਤੋਂ ਬਾਅਦ ਹੋਰ ਜਾਣਕਾਰੀ ਦਿੱਤੀ ਜਾਵੇਗੀ। ‘ਦਿ ਨਿਊਯਾਰਕ ਟਾਈਮਜ਼’ ਦੀ ਖ਼ਬਰ ਮੁਤਾਬਕ ਇਸ ਮਾਮਲੇ ਵਿਚ ਜਾਣਕਾਰੀ ਰੱਖਣ ਵਾਲੇ ਪੰਜ ਅਧਿਕਾਰੀਆਂ ਨੇ ਦੱਸਿਆ ਕਿ ਗਰੈਂਡ ਜਿਊਰੀ ਨੇ ਇਕ ਪੋਰਨ ਸਟਾਰ ਨੂੰ ਕਥਿਤ ਸਬੰਧਾਂ ਬਾਰੇ ਚੁੱਪ ਰਹਿਣ ਲਈ ਪੈਸੇ ਦੇਣ ਦੇ ਮਾਮਲੇ ਵਿਚ 76 ਸਾਲਾ ਟਰੰਪ ਦੇ ਖ਼ਿਲਾਫ਼ ਦੋਸ਼ ਤੈਅ ਕਰ ਕੇ ਸੁਣਵਾਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਖ਼ਬਰ ਵਿਚ ਕਿਹਾ ਗਿਆ ਹੈ ਕਿ ਇਹ ਫ਼ੈਸਲਾ ‘ਇਤਿਹਾਸਕ ਹੈ ਜੋ 2024 ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਦੀ ਪ੍ਰਕਿਰਿਆ ਨੂੰ ਹਿਲਾ ਕੇ ਰੱਖ ਦੇਵੇਗਾ।’ ਸੂਤਰਾਂ ਮੁਤਾਬਕ ਟਰੰਪ ਸੋਮਵਾਰ ਨੂੰ ਫਲੋਰਿਡਾ ਤੋਂ ਨਿਊਯਾਰਕ ਆ ਕੇ ਅਦਾਲਤ ਵਿਚ ਪੇਸ਼ ਹੋ ਸਕਦੇ ਹਨ। ਟਰੰਪ ਪਹਿਲਾਂ ਹੀ ਆਪਣੇ ਉਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰ ਚੁੱਕੇ ਹਨ। ਉਨ੍ਹਾਂ ਇਸ ਕਾਰਵਾਈ ਨੂੰ ‘ਸਿਆਸੀ ਅਤਿਆਚਾਰ ਤੇ ਚੋਣਾਂ ਵਿਚ ਦਖ਼ਲ ਦੀ ਕੋਸ਼ਿਸ਼’ ਕਰਾਰ ਦਿੱਤਾ ਹੈ। ਟਰੰਪ ਮੁਤਾਬਕ ਡੈਮੋਕਰੈਟਿਕ ਪਾਰਟੀ ‘ਆਪਣੇ ਰਾਜਨੀਤਕ ਵਿਰੋਧੀ ਨੂੰ ਸਜ਼ਾ ਦੇਣ ਲਈ ਨਿਆਂਇਕ ਪ੍ਰਣਾਲੀ ਨੂੰ ਹਥਿਆਰ ਵਾਂਗ ਇਸਤੇਮਾਲ’ ਕਰ ਰਹੀ ਹੈ। ਟਰੰਪ ਦੇ ਵਕੀਲਾਂ ਮੁਤਾਬਕ ਸਾਬਕਾ ਰਾਸ਼ਟਰਪਤੀ ਨੇ ਕੋਈ ਅਪਰਾਧ ਨਹੀਂ ਕੀਤਾ ਤੇ ਉਹ ਅਦਾਲਤ ਵਿਚ ਇਨ੍ਹਾਂ ਦੋਸ਼ਾਂ ਦਾ ਮੁਕਾਬਲਾ ਕਰਨਗੇ। ਇਹ ਮਾਮਲਾ 2016 ਵਿਚ ਪੋਰਨ ਸਟਾਰ ਸਟਾਰਮੀ ਡੇਨੀਅਲਜ਼ ਨੂੰ ਕੀਤੇ ਗਏ 1.30 ਲੱਖ ਡਾਲਰ ਦੇ ਭੁਗਤਾਨ ਵਿਚ ਟਰੰਪ ਦੇ ਸ਼ਾਮਲ ਹੋਣ ਨਾਲ ਜੁੜਿਆ ਹੈ। ਦੋਸ਼ ਹੈ ਕਿ ਇਹ ਭੁਗਤਾਨ ਇਸ ਲਈ ਕੀਤਾ ਗਿਆ ਤਾਂ ਕਿ ਡੇਨੀਅਲਜ਼ ਰਿਪਬਲਿਕਨ ਨੇਤਾ ਟਰੰਪ ਨਾਲ ਆਪਣੇ ਕਥਿਤ ਸਰੀਰਕ ਸਬੰਧਾਂ ਬਾਰੇ ਚੁੱਪ ਰਹੇ।