ਟਰੀਸਾ ਅਤੇ ਗਾਇਤਰੀ ਦੀ ਜੋੜੀ ਆਲ ਇੰਗਲੈਂਡ ਸੈਮੀਫਾਈਨਲ ’ਚ

ਟਰੀਸਾ ਅਤੇ ਗਾਇਤਰੀ ਦੀ ਜੋੜੀ ਆਲ ਇੰਗਲੈਂਡ ਸੈਮੀਫਾਈਨਲ ’ਚ

ਬਰਮਿੰਘਮ- ਭਾਰਤ ਦੀ ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਡਬਲਜ਼ ਵਰਗ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਦੁਨੀਆ ਦੀ 17ਵੇਂ ਨੰਬਰ ਦੀ ਭਾਰਤੀ ਜੋੜੀ ਨੇ ਚੀਨ ਦੀ ਲੀ ਵੇਨ ਮੇਈ ਅਤੇ ਲਿਊ ਸ਼ੂਆਨ ਸ਼ੂਆਨ ਨੂੰ 64 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-14, 18-21, 21-12 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਇੰਡੋਨੇਸ਼ੀਆ ਦੀ ਅੱਠਵਾਂ ਦਰਜਾ ਪ੍ਰਾਪਤ ਅਪ੍ਰਿਆਨੀ ਰਾਹਾਯੂ ਅਤੇ ਸਿਤੀ ਫਾਦੀਆ ਸਿਲਵਾ ਰਾਮਾਧਾਂਤੀ ਜਾਂ ਕੋਰੀਆ ਦੀ ਬਾਏਕ ਹਾ ਨਾ ਅਤੇ ਲੀ ਸੋ ਹੀ ਦੀ ਜੋੜੀ ਨਾਲ ਹੋਵੇਗਾ। ਪਿਛਲੀ ਵਾਰ ਵੀ ਦੋਵੇਂ ਖਿਡਾਰਨਾਂ ਸੈਮੀਫਾਈਨਲ ਵਿੱਚ ਪਹੁੰਚੀਆਂ ਸੀ, ਜਦੋਂ ਉਨ੍ਹਾਂ ਨੂੰ ਮੌਕੇ ’ਤੇ ਮੁੱਖ ਡਰਾਅ ਵਿੱਚ ਦਾਖ਼ਲਾ ਮਿਲਿਆ ਸੀ। ਇਸ ਵਾਰ ਉਹ ਪੂਰੀ ਤਿਆਰੀ ਨਾਲ ਮੈਦਾਨ ਵਿੱਚ ਉੱਤਰੀਆਂ ਹਨ ਅਤੇ ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ਵਿੱਚ ਦੋਵਾਂ ਖਿਡਾਰਨਾਂ ਨੇ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਇਲਾਵਾ ਫਰਵਰੀ ਵਿੱਚ ਬੈਡਮਿੰਟਨ ਏਸ਼ੀਆ ਮਿਕਸਡ ਟੀਮ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਆਪਣੇ ਤੋਂ ਉੱਚੀ ਰੈਂਕਿੰਗ ਵਾਲੀ ਟਾਨ ਪੀਅਰਲੀ ਅਤੇ ਥੀਨਾਹ ਮੁਰਲੀਧਰਨ ਨੂੰ ਹਰਾਇਆ ਸੀ।