ਟਕਸਾਲੀ ਕਾਂਗਰਸੀਆਂ ਕੇਪੀ ਤੇ ਹੈਨਰੀ ਦੇ ਘਰ ਪੁੱਜੇ ਸਿੱਧੂ

ਟਕਸਾਲੀ ਕਾਂਗਰਸੀਆਂ ਕੇਪੀ ਤੇ ਹੈਨਰੀ ਦੇ ਘਰ ਪੁੱਜੇ ਸਿੱਧੂ

ਕੇਪੀ ਦੇ ਘਰ ਪਹੁੰਚ ਕੇ ਪਾਰਟੀ ਪ੍ਰਤੀ ਨਾਰਾਜ਼ਗੀ ਦੂਰ ਕੀਤੀ
ਜਲੰਧਰ – ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਟਕਸਾਲੀ ਕਾਂਗਰਸੀ ਆਗੂਆਂ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਅਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਘਰ ਪੁੱਜੇ। ਉਨ੍ਹਾਂ ਸੀਨੀਅਰ ਕਾਂਗਰਸੀਆਂ ਨੂੰ ਪਾਰਟੀ ਦੀ ਮਜ਼ਬੂਤ ਨੀਂਹ ਦੱਸਿਆ।

ਨਵਜੋਤ ਸਿੰਘ ਸਿੱਧੂ ਨੇ ਮਹਿੰਦਰ ਸਿੰਘ ਕੇਪੀ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੇਪੀ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ। ਕੇਪੀ ਦੇ ਪਿਤਾ ਦਰਸ਼ਨ ਸਿੰਘ ਕੇਪੀ ਵਿਧਾਇਕ ਅਤੇ ਮੰਤਰੀ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਪੁਰਾਣੇ ਵਰਕਰਾਂ ਤੇ ਆਗੂਆਂ ਨੂੰ ਛੱਡ ਕੇ ਅੱਗੇ ਨਹੀਂ ਵਧ ਸਕਦੀ। ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਕੇਪੀ 2022 ਵਿੱਚ ਵਿਧਾਨ ਸਭਾ ਲਈ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ। ਉਹ ਇੱਥੇ ਕੇਪੀ ਦੀ ਨਾਰਾਜ਼ਗੀ ਦੂਰ ਕਰਨ ਲਈ ਆਏ ਸਨ। ਇਹ ਜਾਣਕਾਰੀ ਵੀ ਮਿਲੀ ਹੈ ਕਿ ਕਾਂਗਰਸ ਹਾਈਕਮਾਂਡ ਵੱਲੋਂ ਹੀ ਨਵਜੋਤ ਸਿੰਘ ਸਿੱਧੂ ਦੀ ਡਿਊਟੀ ਲਗਾਈ ਗਈ ਸੀ ਕਿ ਉਹ ਮਹਿੰਦਰ ਸਿੰਘ ਕੇਪੀ ਦੇ ਘਰ ਜਾ ਕੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ। ਸੁਸ਼ੀਲ ਰਿੰਕੂ ਦਾ ਨਾਂ ਲਏ ਬਿਨਾਂ ਨਵਜੋਤ ਸਿੱਧੂ ਨੇ ਕਿਹਾ ਕਿ ਪਾਰਟੀ ਵਿੱਚ ਕੁਝ ਲੋਕ ਮੌਕਾਪ੍ਰਸਤ ਹਨ ਜੋ ਸਮਾਂ ਆਉਣ ’ਤੇ ਪਾਰਟੀ ਵਿੱਚੋਂ ਚੋਰਾਂ ਵਾਂਗ ਭੱਜ ਜਾਂਦੇ ਹਨ। ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ‘ਆਪ’ ਦੇ ਸੱਤਾ ਵਿੱਚ ਆਉਣ ’ਤੇ ਕਈ ਸਵਾਲ ਪੁੱਛੇ ਸਨ ਪਰ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਸਿੱਧੂ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਦੀ ਰਿਹਾਇਸ਼ ਵਿਖੇ ਨਾਸ਼ਤਾ ਕਰਨ ਤੋਂ ਬਾਅਦ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਘਰ ਵੀ ਗਏ ਅਤੇ ਦੁਪਹਿਰ ਦਾ ਖਾਣਾ ਖਾਧਾ।