ਜੱਸਾ ਸਿੰਘ ਰਾਮਗੜ੍ਹੀਆ ਦੀ ਜਨਮ ਸ਼ਤਾਬਦੀ ਸਬੰਧੀ ਸਮਾਗਮ ਆਰੰਭ

ਜੱਸਾ ਸਿੰਘ ਰਾਮਗੜ੍ਹੀਆ ਦੀ ਜਨਮ ਸ਼ਤਾਬਦੀ ਸਬੰਧੀ ਸਮਾਗਮ ਆਰੰਭ

ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਖ਼ਾਲਸਾ ਫ਼ਤਹਿ ਮਾਰਚ ਆਰੰਭ; ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿੱਚ ਜਾ ਕੇ ਹੋਵੇਗੀ ਸੰਪੂਰਨਤਾ

ਨਵੀਂ ਦਿੱਲੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਸਬੰਧੀ ਸ਼ਤਾਬਦੀ ਸਮਾਗਮ ਅੱਜ ਦਿੱਲੀ ਸਥਿਤ ਗੁਰਦੁਆਰਾ ਰਕਾਬਗੰਜ ਤੋਂ ਖ਼ਾਲਸਾ ਫ਼ਤਹਿ ਮਾਰਚ ਨਾਲ ਆਰੰਭ ਹੋਏ। ਖ਼ਾਲਸਾ ਫ਼ਤਹਿ ਮਾਰਚ ਦੀ ਆਰੰਭਤਾ ਤੋਂ ਪਹਿਲਾਂ ਗੁਰਬਾਣੀ ਕੀਰਤਨ ਹੋਇਆ ਤੇ ਅਰਦਾਸ ਉਪਰੰਤ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਗਿਆ। ਪ੍ਰਬੰਧਕਾਂ ਨੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ।

ਖ਼ਾਲਸਾ ਫ਼ਤਹਿ ਮਾਰਚ ਦਿੱਲੀ ਦੇ ਸ਼ੰਕਰ ਰੋਡ, ਪਟੇਲ ਨਗਰ, ਸ਼ਾਦੀਪੁਰ, ਮੋਤੀ ਨਗਰ, ਰਾਮੇਸ਼ ਨਗਰ, ਰਾਜਾ ਗਾਰਡਨ, ਰਜੌਰੀ ਗਾਰਡਨ, ਟੈਗੋਰ ਗਾਰਡਨ, ਸੁਭਾਸ਼ ਨਗਰ, ਤਿਲਕ ਨਗਰ, ਜੇਲ੍ਹ ਰੋਡ, ਹਰੀ ਨਗਰ ਤੋਂ ਹੁੰਦਾ ਹੋਇਆ ਗੁਰਦੁਆਰਾ ਛੋਟੇ ਸਾਹਿਬਜ਼ਾਦੇ, ਫ਼ਤਹਿ ਨਗਰ ਪੁੱਜਿਆ। ਫ਼ਤਹਿ ਮਾਰਚ 4 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿੱਚ ਪੁੱਜ ਕੇ ਸਮਾਪਤ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਹਾਨ ਸਿੱਖ ਜਨਰੈਲ ਜੱਸਾ ਸਿੰਘ ਰਾਮਗੜ੍ਹੀਆ ਨੂੰ ਯਾਦ ਕਰਦਿਆਂ ਉਨ੍ਹਾਂ ਦੀ 300 ਸਾਲਾ ਜਨਮ ਸ਼ਤਾਬਦੀ ਦੇ ਸਮਾਗਮਾਂ ਦੀ ਸ਼ੁਰੂਆਤ ਦਿੱਲੀ ਤੋਂ ਕੀਤੀ ਗਈ ਹੈ।

ਸਿੱਖ ਜਥੇਬੰਦੀਆਂ ਵੱਲੋਂ ਤਿਆਰ ਕੀਤੀਆਂ ਤੇ ਨਗਰ ਕੀਰਤਨ ਵਿਚ ਸ਼ਾਮਲ ਦੋ ਪ੍ਰਦਰਸ਼ਨੀਆਂ ਸੰਗਤ ਲਈ ਖਿੱਚ ਦਾ ਕੇਂਦਰ ਰਹੀਆਂ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਨ੍ਹਾਂ ਪ੍ਰਦਰਸ਼ਨੀਆਂ ਬਾਰੇ ਦੱਸਿਆ ਕਿ ਕਿਵੇਂ ਜੱਸਾ ਸਿੰਘ ਰਾਮਗੜ੍ਹੀਆ ਤੇ ਸਾਥੀ ਸਿੱਖ ਜਰਨੈਲ ਦਿੱਲੀ ਫ਼ਤਹਿ ਕਰਨ ਉਪਰੰਤ ਮੁਗਲ ਸਾਮਰਾਜ ਦੇ ਤਖ਼ਤ-ਏ-ਤਾਊਸ ਨੂੰ ਧੂਹ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਗਏ ਸਨ। ਇਸ ਉੱਤੇ ਬੈਠ ਕੇ ਜਾਬਰ ਬਾਦਸ਼ਾਹ ਹੁਕਮ ਜਾਰੀ ਕਰਦੇ ਹੁੰਦੇ ਸਨ। ਇਹ ਤਖ਼ਤ-ਏ-ਤਾਊਸ ਦੀ ਸਿੱਲ ਅੱਜ ਵੀ ਸ੍ਰੀ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਸਥਿਤ ਬੁੰਗਾ ਰਾਮਗੜ੍ਹੀਆ ਵਿੱਚ ਮੌਜੂਦ ਹੈ।

ਸਿੱਖ ਜਰਨੈਲ ਦਾ ਬੁੱਤ ਸ਼ਾਮਲ ਕਰਨ ’ਤੇ ਸਰਨਾ ਭਰਾਵਾਂ ਖ਼ਿਲਾਫ਼ ਕਾਰਵਾਈ ਮੰਗੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸਜਾਏ ਨਗਰ ਕੀਰਤਨ ਵਿਚ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦਾ ਬੁੱਤ ਸ਼ਾਮਲ ਕਰਨ ’ਤੇ ਸਰਨਾ ਭਰਾਵਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਸਿੱਖਾਂ ਨੂੰ ਹਮੇਸ਼ਾ ਮੂਰਤੀ ਪੂਜਾ ਤੋਂ ਵਰਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਦੀ ਅਗਵਾਈ ਹੇਠ ਤੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਵਿਚ ਕਦੇ ਵੀ ਕਿਸੇ ਮੂਰਤੀ ਨੂੰ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਜੋ ਨਗਰ ਕੀਰਤਨ ਸਜਾਇਆ ਹੈ, ਉਸ ਦਾ ਸਾਰਾ ਪ੍ਰਬੰਧ ਸਰਨਾ ਭਰਾਵਾਂ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਵੱਲੋਂ ਕੀਤਾ ਗਿਆ ਸੀ। ਸ੍ਰੀ ਕਾਹਲੋਂ ਨੇ ਅਪੀਲ ਕੀਤੀ ਕਿ ਇਸ ਗੁਨਾਹ ਲਈ ਉਹ ਸਰਨਾ ਭਰਾਵਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਤੇ ਬਣਦੀ ਤਨਖਾਹ ਲਗਾਉਣ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਰਨਾ ਭਰਾ ਦੋ-ਦੋ ਸੰਗਰਾਦਾਂ ਤੇ ਦੋ ਦੋ ਗੁਰਪੁਰਬ ਮਨਾਉਂਦੇ ਰਹੇ ਹਨ।