ਜੱਲ੍ਹਿਆਂਵਾਲਾ ਬਾਗ਼: ਦਾਖ਼ਲਾ ਫੀਸ ਲਾਉਣ ਦੀ ਸੰਭਾਵਨਾ ਖ਼ਤਮ

ਜੱਲ੍ਹਿਆਂਵਾਲਾ ਬਾਗ਼: ਦਾਖ਼ਲਾ ਫੀਸ ਲਾਉਣ ਦੀ ਸੰਭਾਵਨਾ ਖ਼ਤਮ

ਅੰਮ੍ਰਿਤਸਰ – ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਦੇ ਪ੍ਰਵੇਸ਼ ਦੁਆਰ ’ਤੇ ਲਗਾਏ ਗਏ ਈ-ਟਿਕਟਿੰਗ ਬੈਰੀਅਰ ਹੁਣ ਹਟਾ ਦਿੱਤੇ ਗਏ ਹਨ, ਜਿਸ ਮਗਰੋਂ ਹੁਣ ਬਾਗ਼ ਨੂੰ ਦੇਖਣ ਆਉਣ ਵਾਲਿਆਂ ’ਤੇ ਦਾਖ਼ਲਾ ਫੀਸ ਲਗਾਉਣ ਦੀ ਸੰਭਾਵਨਾ ਵੀ ਖ਼ਤਮ ਹੋ ਗਈ ਹੈ। ਇਹ ਜਾਣਕਾਰੀ ਜੱਲ੍ਹਿਆਂਵਾਲਾ ਬਾਗ਼ ਟਰੱਸਟ ਦੇ ਮੈਂਬਰ ਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਅੱਜ ਇਥੇ ਦਿੱਤੀ। ਉਨ੍ਹਾਂ ਇਸ ਸਬੰਧ ਵਿੱਚ ਕੇਂਦਰੀ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਜੀ ਕ੍ਰਿਸ਼ਨਾ ਰੈੱਡੀ ਤੇ ਵਿਭਾਗ ਦੇ ਸਕੱਤਰ ਗੋਬਿੰਦ ਮੋਹਨ ਨੂੰ ਵੱਖ ਵੱਖ ਪੱਤਰ ਭੇਜ ਕੇ ਇਸ ਕਾਰਵਾਈ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਵਿਭਾਗ ਕੋਲੋਂ ਇਹ ਵੀ ਮੰਗ ਕੀਤੀ ਹੈ ਕਿ ਪ੍ਰਵੇਸ਼ ਦੁਆਰ ਦੀਆਂ ਦੋਵੇਂ ਕੰਧਾਂ ’ਤੇ ਸਥਾਪਤ ਕੀਤੀਆਂ ਗਈਆਂ ਮੂਰਤੀਆਂ ਰੂਪੀ ਕਲਾਕ੍ਰਿਤਾਂ ਵੀ ਹਟਾ ਦਿੱਤੀਆਂ ਜਾਣ ਤੇ ਇਨ੍ਹਾਂ ਕੰਧਾਂ ਦਾ 1919 ਵਾਲਾ ਪੁਰਾਤਨ ਰੂਪ ਬਹਾਲ ਕੀਤਾ ਜਾਵੇ। ਦੱਸਣਯੋਗ ਹੈ ਕਿ ਜੱਲ੍ਹਿਆਂਵਾਲਾ ਬਾਗ ਦਾ ਸੁੰਦਰੀਕਰਨ ਕੀਤੇ ਜਾਣ ਤੋਂ ਬਾਅਦ ਇਥੇ ਈ-ਟਿਕਟਿੰਗ ਮਸ਼ੀਨਾਂ ਅਤੇ ਬੈਰੀਅਰ ਆਦਿ ਸਥਾਪਤ ਕੀਤੇ ਗਏ ਸਨ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਸੀ।