ਜੱਗ ਜਿਊਣ ਵੱਡੀਆਂ ਭਰਜਾਈਆਂ…

ਜੱਗ ਜਿਊਣ ਵੱਡੀਆਂ ਭਰਜਾਈਆਂ…

ਗੁਰਦੀਪ ਢੁੱਡੀ

ਪੰਜਾਬੀ ਸੱਭਿਆਚਾਰ ਵਿੱਚ ਜਦੋਂ ਅਸੀਂ ਰਿਸ਼ਤਿਆਂ ਨਾਤਿਆਂ ਵੱਲ ਸਰਸਰੀ ਝਾਤ ਮਾਰਦੇ ਹਾਂ ਤਾਂ ਸਾਨੂੰ ਇਨ੍ਹਾਂ ਤੋਂ ਪੂਰੇ ਸਮਾਜ ਦੀ ਬਣਤਰ ਅਤੇ ਬੁਣਤਰ ਦਾ ਅੰਦਾਜ਼ਾ ਸਹਿਜੇ ਹੀ ਹੋ ਜਾਂਦਾ ਹੈ। ਸਾਂਝੀ ਪਰਿਵਾਰਕ ਪ੍ਰਣਾਲੀ ਵਿੱਚ ਲੋਕਾਂ ਦਾ ਜੀਵਨ ਸਤਰ ਭਾਵੇਂ ਆਮ ਤੌਰ ’ਤੇ ਬਹੁਤਾ ਉਚੇਰਾ ਤਾਂ ਨਹੀਂ ਹੁੰਦਾ ਸੀ ਪਰ ਇਸ ਦੀ ਮਹਿਕ ਸਾਰੇ ਖਲਾਵਾਂ ਨੂੰ ਭਰ ਦਿੰਦੀ ਸੀ। ਘਰ ਦੇ ਬਜ਼ੁਰਗਾਂ ਵਾਸਤੇ ਬਿਰਧ ਆਸ਼ਰਮਾਂ ਦੀ ਥਾਂ ਬੜਾ ਸਤਿਕਾਰਤ ਸਥਾਨ ਘਰ ਵਿੱਚ ਹੀ ਹੋਇਆ ਕਰਦਾ ਸੀ।

ਬਜ਼ੁਰਗਾਂ ਦੀ ਔਲਾਦ ਵਿੱਚ ਇੱਕ ਤੋਂ ਵਧੇਰੇ ਧੀਆਂ-ਪੁੱਤਰ ਹੋਇਆ ਕਰਦੇ ਸਨ। ਖ਼ੂਨ ਵਾਲੇ ਰਿਸ਼ਤਿਆਂ (ਮਾਂ-ਪਿਓ, ਭੈਣ-ਭਰਾ, ਦਾਦਾ-ਦਾਦੀ, ਤਾਇਆ-ਚਾਚਾ, ਭੂਆ, ਭਤੀਜਾ-ਭਤੀਜੀ, ਨਾਨਾ-ਨਾਨੀ, ਦੋਹਤਾ-ਦੋਹਤੀ, ਮਾਮਾ-ਮਾਸੀ, ਭਾਣਜਾ-ਭਾਣਜੀ ਆਦਿ) ਦੇ ਇਲਾਵਾ ਸਾਕਾਦਾਰੀ ਕਾਰਨ ਬਣੇ ਰਿਸ਼ਤਿਆਂ (ਪਤੀ-ਪਤਨੀ, ਸੱਸ-ਸਹੁਰਾ, ਦਿਓਰ-ਜੇਠ, ਨਣਦ-ਭਰਜਾਈ, ਦਰਾਣੀ-ਜਠਾਣੀ, ਤਾਈ-ਚਾਚੀ, ਕੁੜਮ-ਕੁੜਮਣੀ, ਸਾਲੀ-ਸਾਲੇਹਾਰ, ਮਾਸੜ-ਫੁੱਫੜ, ਸਾਂਢੂ ਆਦਿ) ਵਿਚਲਾ ਪਿਆਰ ਅਤੇ ਸਤਿਕਾਰ ਵੀ ਖ਼ੂਨ ਵਾਲੇ ਰਿਸ਼ਤਿਆਂ ਦੇ ਨੇੜੇ ਤੇੜੇ ਹੀ ਹੋਇਆ ਕਰਦਾ ਸੀ ਬਲਕਿ ਇਸ ਤੋਂ ਵੀ ਅੱਗੇ ਜਾਈਏ ਤਾਂ ਇਨ੍ਹਾਂ ਰਿਸ਼ਤਿਆਂ ਵਿੱਚ ਪਹਿਲੀ ਤਰ੍ਹਾਂ ਦੇ ਰਿਸ਼ਤਿਆਂ ਜਿੰਨੀ ਹੀ ਪਾਕੀਜ਼ਗੀ ਵੇਖਣ ਵਿੱਚ ਮਿਲਦੀ ਸੀ। ਇਨ੍ਹਾਂ ਦੇ ਥੋੜ੍ਹਾ ਹਟਵੇਂ ਸ਼ਰੀਕੇ ਕਬੀਲੇ ਅਤੇ ਗਲ਼ੀ ਗੁਆਂਢ ਵਿੱਚ ਵੀ ਇਸ ਤਰ੍ਹਾਂ ਦੇ ਰਿਸ਼ਤਿਆਂ ਵਾਂਗ ਹੀ ਵਰਤ ਵਰਤਾਅ ਵੇਖਣ ਨੂੰ ਮਿਲਦਾ ਸੀ। ਜਾਤਾਂ ਅਤੇ ਗੋਤਾਂ ਨਾਲ ਕੁੱਝ ਰਿਸ਼ਤਿਆਂ ਦੀ ਗੰਢ-ਸੰਢ ਵੀ ਵੇਖਣ ਵਿੱਚ ਆਉਂਦੀ ਰਹੀ ਹੈ। ਕੰਮ ਕਾਰਨ ਵੀ ਰਿਸ਼ਤੇ ਹੋਂਦ ਵਿੱਚ ਆਉਂਦੇ ਅਤੇ ਮਿਟਦੇ ਸਨ। ‘ਹਮ ਦੋ ਹਮਾਰੇ ਦੋ’ ਤੋਂ ਅੱਗੇ ਹੁਣ ਅਗਾਂਹਵਧੂ ਵਿਚਾਰਾਂ ਵਾਲੇ ਕੇਵਲ ਇੱਕ ਹੀ ਔਲਾਦ ਜਾਂ ਫਿਰ ਪਹਿਲਾ ਲੜਕਾ ਹੋਣ ਉਪਰੰਤ ਹੋਰ ਔਲਾਦ ਦੀ ਇੱਛਾ ਨਾ ਹੋਣ ਕਾਰਨ ਖ਼ੂਨ ਅਤੇ ਸਾਕਾਦਾਰੀ ਕਾਰਨ ਬਣਨ ਵਾਲੇ ਰਿਸ਼ਤਿਆਂ ਵਿੱਚ ਬਹੁਤ ਘਾਟ ਆ ਗਈ ਹੈ।

ਸਮੇਂ ਦੀ ਤੋਰ ਨਾਲ ਬੜੇ ਕੁੱਝ ਦਾ ਰੁਪਾਂਤਰਣ ਹੀ ਨਹੀਂ ਹੋਇਆ ਸਗੋਂ ਇਨ੍ਹਾਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ। ਵਿਗਿਆਨਕ ਕਾਢਾਂ ਸਦਕਾ ਸਮਾਜ ਵਿੱਚ ‘ਪੱਤ ਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ’ ਸਮਾਜਿਕ ਪ੍ਰਸਥਿਤੀਆਂ ਦੇ ਰੁਪਾਂਤਰਿਤ ਹੋਣ ਸਦਕਾ ਹੁਣ ਲੋਕਧਾਰਾ ਦੀਆਂ ਪਰਿਭਾਸ਼ਾਵਾਂ ਨੂੰ ਨਵੇਂ ਸਿਰਿਓਂ ਸਿਰਜਿਆ ਵੇਖਣ ਨੂੰ ਮਿਲਦਾ ਹੈ। ਪੜ੍ਹ ਲਿਖ ਕੇ ਨੌਕਰੀ ਕਰਦੇ ਸਹਿਕਰਮੀਆਂ ਵਿੱਚ ਪਿਆਰ ਮੁਹੱਬਤ ਬੜੇ ਵਾਰੀ ਖ਼ੂਨ ਦੇ ਰਿਸ਼ਤਿਆਂ ਵਰਗਾ ਹੀ ਵੇਖਣ ਵਿੱਚ ਮਿਲਦਾ ਹੈ। ਪਿੰਡਾਂ ਵਿੱਚ ਭਾਵੇਂ ਅਜੇ ਵੀ ਗਲ਼ੀਆਂ ਮੁਹੱਲਿਆਂ ਵਿੱਚ ਵੱਡੇ ਵਡੇਰਿਆਂ ਦੇ ਰਿਸ਼ਤਿਆਂ ਕਾਰਨ ਮੁਹੱਲੇ ਅਗਵਾੜ ਮਿਲਦੇ ਹਨ ਪਰ ਸ਼ਹਿਰਦਾਰੀ ਵਿੱਚ ਅਜਿਹਾ ਬਹੁਤ ਘੱਟ ਮਿਲਦਾ ਹੈ। ਵਿਸ਼ੇਸ਼ ਕਰਕੇ ਨਵੀਆਂ ਉਸਰਦੀਆਂ ਕਾਲੋਨੀਆਂ ਵਿੱਚ ‘ਵਣ ਵਣ ਦੀ ਲੱਕੜੀ’ ਹੁੰਦਿਆਂ ਹੋਇਆਂ ਵੀ ਆਪਸ ਵਿੱਚ ਪਿਆਰ ਮੁਹੱਬਤ ਵੇਖਣ ਵਿੱਚ ਮਿਲ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਵੱਡੇ ਸ਼ਹਿਰਾਂ ਜਾਂ ਮਹਾਂਨਗਰਾਂ ਵਿੱਚ ਉੱਪਰਲੀ ਅਤੇ ਹੇਠਲੀ ਮੰਜ਼ਿਲ ’ਤੇ ਰਹਿਣ ਵਾਲਿਆਂ ਨੂੰ ਇੱਕ ਦੂਸਰੇ ਬਾਰੇ ਜਾਣਕਾਰੀ ਬਹੁਤ ਘੱਟ ਹੀ ਮਿਲਦੀ ਹੈ।

ਸਾਕਾਦਾਰੀ ਕਾਰਨ ਬਣੇ ਦਿਓਰ-ਭਰਜਾਈ ਦੇ ਰਿਸ਼ਤੇ ਵਿੱਚ ਬਹੁਤ ਸਾਰੇ ਭਾਵਬੋਧ ਵੇਖਣ ਵਿੱਚ ਆਉਂਦੇ ਹਨ। ਹਾਲਾਂਕਿ ਇਹ ਜੇਠ ਅਤੇ ਛੋਟੀ ਭਰਜਾਈ ਵਿੱਚ ਨਹੀਂ ਹੁੰਦਾ ਸੀ ਤਾਂ ਹੀ ਕਹਿੰਦੇ ਹਨ: ਛੜੇ ਜੇਠ ਨੂੰ ਲੱਸੀ ਨਹੀਂ ਦੇਣੀ ਦਿਓਰ ਭਾਵੇਂ ਮੱਝ ਚੁੰਘ ਜਾਏ।

ਵਿਆਹ ਉਪਰੰਤ ਆਈ ਕੁੜੀ ਦਾ ਪਹਿਲਾ ਮੋਹ

ਤਾਂ ਦਿਓਰ ਨਾਲ ਹੀ ਪੈਂਦਾ ਹੈ। ਜਦੋਂ ਉਹ ਆਪਣੇ

ਸਹੁਰੇ ਘਰ ਆਉਂਦੀ ਹੈ ਤਾਂ ਛੋਟਾ ਦਿਓਰ ਉਸ ਦੀ

ਝੋਲੀ ਵਿੱਚ ਬਿਠਾਇਆ ਜਾਂਦਾ ਹੈ। ਘਰ ਵਿੱਚ

ਰਚਣ ਮਿਚਣ ਨਾਲ ਦਿਓਰ ਨੂੰ ਭਾਬੀ ਬੱਚਿਆਂ ਵਾਂਗ ਪਿਆਰਦੀ ਦੁਲਾਰਦੀ ਅਤੇ ਪਾਲ਼ਦੀ ਹੈ। ਇਸੇ ਕਰਕੇ ਤਾਂ ‘ਜੱਗ ਜਿਉਣ ਵੱਡੀਆਂ ਭਰਜਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ’ ਵਰਗਾ ਲੋਕ ਗੀਤ ਹੋਂਦ ਵਿੱਚ ਆਇਆ ਸੀ। ਭਾਰਤੀ ਇਤਿਹਾਸ ਤੇ ਮਿਥਿਹਾਸ ਵਿਚਲੀਆਂ ਵੱਡੀਆਂ ਕਹਾਣੀਆਂ ਰਮਾਇਣ ਅਤੇ ਮਹਾਂਭਾਰਤ ਵਿੱਚ ਦਿਓਰ ਭਰਜਾਈ ਵਿੱਚ ਦੋਵੇਂ

ਤਰ੍ਹਾਂ ਦਾ ਵਿਚਰਣ ਮਿਲਦਾ ਹੈ। ਰਮਾਇਣ ਵਿੱਚ ਲਛਮਣ ਨੇ ਆਪਣੇ ਵੱਡੇ ਭਰਾ ਦੀ ਪਤਨੀ ਭਾਵ ਆਪਣੀ ਭਰਜਾਈ ਸੀਤਾ ਦੇ ਕਦੇ ਮੂੰਹ ਵੱਲ ਨਹੀਂ ਵੇਖਿਆ ਸੀ ਅਤੇ ਰਾਵਣ ਦੁਆਰਾ ਸੀਤਾ ਹਰਣ ਉਪਰੰਤ ਉਹ ਪੈਰਾਂ ਦੇ ਗਹਿਣੇ ਪੰਜ਼ੇਬਾਂ ਤੋਂ ਹੀ ਰਾਵਣ ਦੁਆਰਾ ਜਾਣ ਵਾਲੇ ਰਸਤੇ ਦੀ ਪਛਾਣ ਕਰਦਾ ਹੈ। ਮਹਾਂਭਾਰਤ ਵਿੱਚ ਦੁਰਯੋਧਨ ਦੀ ਆਪਣੀ ਭਾਬੀ ’ਤੇ ਬੁਰੀ ਨਜ਼ਰ ਵੀ ਪੈਂਦੀ ਹੈ ਅਤੇ ਦਰੋਪਦੀ ਪੰਜਾਂ ਪਾਂਡਵਾਂ ਦੀ ਪਤਨੀ ਵੀ ਬਣਦੀ ਹੈ। ਬਹੁਤ ਸਾਰੀਆਂ ਦੰਤ ਕਥਾਵਾਂ ਵਿੱਚ ਦਿਓਰ-ਭਰਜਾਈ ਦੇ ਰਿਸ਼ਤੇ ਵਿੱਚ ਇਸ ਤਰ੍ਹਾਂ ਦੇ ਭਾਵਬੋਧ ਹੁੰਦੇ ਹਨ।

ਦਿਓਰ ਆਪਣੀ ਭਾਬੀ ਨਾਲ ਠੱਠਾ ਮਸ਼ਕਰੀ ਵੀ ਕਰ ਲੈਂਦਾ ਹੈ ਅਤੇ ਭਾਬੀ ਵੀ ਦਿਓਰ ਨਾਲ ਹਾਸਾ ਠੱਠਾ ਕਰਦਿਆਂ ਆਪਣੀਆਂ ਬਹੁਤ ਸਾਰੀਆਂ ਰੀਝਾਂ ਦੀ ਪੂਰਤੀ ਕਰਦੀ ਹੈ। ਅਸਲ ਵਿੱਚ ਘਰ ਵਿੱਚ ਦਿਓਰ ਦੀ ਹੋਂਦ ਸਹੁਰੇ ਘਰ ਆਈ ਹੋਈ ਭਾਬੀ ਨੂੰ ਜਿੱਥੇ ਆਪਣੇ ਪੇਕਿਆਂ ਦੀ ਯਾਦ ਤੋਂ ਪਾਸੇ ਰੱਖਦੀ ਹੈ ਉੱਥੇ ਉਹ ਬਹੁਤ ਸਾਰੀਆਂ ਰੀਝਾਂ, ਚਾਵਾਂ ਨੂੰ ਪੂਰਾ ਕਰ ਜਾਂਦੀ ਹੈ। ਦਿਓਰ ਭਾਵੇਂ ਪਹਿਲਾਂ ਵੀ ਸ਼ਰਾਰਤੀ ਹੁੰਦਾ ਹੋਵੇ ਪਰ ਸੋਹਣੀ ਸੁਨੱਖੀ ਭਾਬੀ ਵਿੱਚੋਂ ਬਹੁਤ ਸਾਰੇ ਰਿਸ਼ਤਿਆਂ ਦੀ ਪੂਰਤੀ ਕਰਨ ਵਾਲਾ ਲੜਕਾ ਹੋਰ ਵੀ ਨਟਖ਼ਟ ਹੋ ਜਾਂਦਾ ਸੀ। ਸ਼ਿਵ ਕੁਮਾਰ ਬਟਾਲਵੀ ਨੇ ਜਦੋਂ ਆਪਣੇ ਲੋਕ ਗੀਤਾਂ ਵਰਗੇ ਗੀਤ, ‘ਇੱਕ ਮੇਰੀ ਅੱਖ ਕਾਸ਼ਣੀ ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ’ ਲਿਖਿਆ ਅਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੇ ਗਾਇਆ ਤਾਂ ਅੱਗੇ ਜਾ ਕੇ ਆਪਣੀ ਸੁੰਦਰਤਾ ਦੀ ਆਪ ਹੀ ਸਿਫ਼ਤ ਕਰਦੀ ਹੋਈ ਉਹ,‘ ਇੱਕ ਮੇਰਾ ਦਿਓਰ ਨਿੱਕੜਾ ਭੈੜਾ ਗੋਰੀਆਂ ਰੰਨਾਂ ਦਾ ਸ਼ੌਕੀ’ ਆਖਦੀ ਹੈ ਤਾਂ ਉਹ ਦਿਓਰ ਨੂੰ ਨਟਖ਼ਟ ਆਖਦੀ ਹੋਈ ਆਪਣੀ ਸੁੰਦਰਤਾ, ਗੋਰੇ ਰੰਗ ਨੂੰ ਸਿਖ਼ਰ ’ਤੇ ਲੈ ਜਾਂਦੀ ਹੈ।

ਇਹ ਅਣਵਿਕਸਤ ਪੰਜਾਬ ਵਿੱਚ ਵੇਖਣ ਨੂੰ ਮਿਲਦਾ ਹੈ ਕਿ ਜੇਕਰ ਭਾਬੀ ਦੇ ਪਤੀ ਦੀ ਬਦਕਿਸਮਤੀ ਵੱਸ ਮੌਤ ਹੋ ਜਾਵੇ ਤਾਂ ਆਮ ਤੌਰ ’ਤੇ ਉਸ ਨੂੰ ਛੋਟੇ ਦਿਓਰ ’ਤੇ ਚਾਦਰ ਪਾਉਣ ਲਈ ਆਖਿਆ ਜਾਂਦਾ ਸੀ। ਇਸ ਨਾਲ ਉਸ ਲੜਕੀ ਦਾ ਸਹੁਰਾ ਘਰ ਉਹੀ ਰਹਿ ਜਾਂਦਾ ਸੀ। ਦਿਓਰ-ਭਰਜਾਈ ਤੋਂ ਪਤੀ-ਪਤਨੀ ਦੇ ਨਵੇਂ ਬਣੇ ਰਿਸ਼ਤੇ ਵਿੱਚ ਉਮਰਾਂ ਦਾ ਵਖਰੇਵਾਂ ਤਾਂ ਭਾਵੇਂ ਹੋਇਆ ਕਰਦਾ ਸੀ ਪਰ ਨਿੱਘ ਖ਼ਲੂਸ ਦੀ ਘਾਟ ਬਹੁਤ ਜ਼ਿਆਦਾ ਰੜਕਦੀ ਵੇਖਣ ਨੂੰ ਘੱਟ ਹੀ ਮਿਲਦੀ ਸੀ। ਦਿਓਰ ਦਾ ਆਪਣੀ ਭਾਬੀ ਨਾਲ ਨਿੱਘਾ ਰਿਸ਼ਤਾ ਜਦੋਂ ਪਤੀ-ਪਤਨੀ ਵਿੱਚ ਵਟਦਾ ਸੀ ਜਾਂ ਫਿਰ ਬੱਚਿਆਂ ਦਾ ਚਾਚਾ ਜਦੋਂ ਪਿਓ ਬਣਦਾ ਸੀ ਤਾਂ ਪਹਿਲੀਆਂ ਵਿੱਚ ਥੋੜ੍ਹੀ ਝਿਜਕ ਹੁੰਦੀ ਸੀ ਪਰ ਪਹਿਲਾਂ ਹੀ ਇਨ੍ਹਾਂ ਰਿਸ਼ਤਿਆਂ ਵਿੱਚ ਮਿਠਾਸ ਹੋਣ ਕਰਕੇ ਇਹ ਜ਼ਿਆਦਾ ਸਮਾਂ ਓਪਰਿਆਂ ਵਰਗੇ ਨਹੀਂ ਰਹਿੰਦੇ ਸਨ।

ਰਿਸ਼ਤਿਆਂ ਦੀ ਨਿੱਘ ਸਦਕਾ ਵਿਅਕਤੀ ਕਦੇ ਇਕਲਾਪੇ ਦੀ ਜੂਨ ਨਹੀਂ ਹੰਢਾਉਂਦਾ ਸੀ। ਅੱਜ ਦੀਆਂ ਸਮਾਜਿਕ ਅਲਾਮਤਾਂ ਦਾ ਹੱਲ ਸਾਡੇ ਇਹ ਰਿਸ਼ਤੇ ਅਛੋਪਲੇ ਹੀ ਕਰਦੇ ਰਹੇ ਹਨ। ਹੁਣ ਜਦੋਂ ਅਸੀਂ ਅੰਤਾਂ ਦਾ ਵਿਕਾਸ ਕਰ ਲਿਆ ਹੈ ਅਤੇ ਇਸ ਵਿਕਾਸ ਦਾ ਨਾਂਹਪੱਖੀ ਅਸਰ ਸਮਾਜਿਕ ਤਾਣੇ-ਬਾਣੇ ’ਤੇ ਵੀ ਪਿਆ ਹੈ ਤਾਂ ਅਸੀਂ ਵੇਖਦੇ ਹਾਂ ਕਿ ਮਨੁੱਖ ਭੀੜ ਵਿੱਚ ਹੁੰਦਾ ਹੋਇਆ ਵੀ ਇਕਲਾਪਾ ਹੰਢਾ ਰਿਹਾ ਹੈ। ਇਸ ਇਕੱਲੇਪਣ ਸਦਕਾ ਉਹ ਅੰਤਾਂ ਦੀ ਮਾਨਸਿਕ ਪੀੜਾ ਆਪਣੇ ਪੱਲੇ ਬੰਨ੍ਹੀਂ ਘੁੰਮਦਾ, ਵਿਚਰਦਾ ਵੇਖਿਆ ਜਾ ਸਕਦਾ ਹੈ। ਜਦੋਂਕਿ ਜ਼ਰੂਰਤ ਹੈ ਰਿਸ਼ਤਿਆਂ ਦੇ ਨਿੱਘ ਨੂੰ ਬਰਕਰਾਰ ਰੱਖਣ ਦੀ।