ਜੰਮੂ ਕਸ਼ਮੀਰ ਦੇ ਜੇਹਲਮ ਦਰਿਆ ’ਚ ਕਿਸ਼ਤੀ ਡੁੱਬੀ, 6 ਮੌਤਾਂ

ਜੰਮੂ ਕਸ਼ਮੀਰ ਦੇ ਜੇਹਲਮ ਦਰਿਆ ’ਚ ਕਿਸ਼ਤੀ ਡੁੱਬੀ, 6 ਮੌਤਾਂ

ਉਪ ਰਾਜਪਾਲ ਮਨੋਜ ਸਿਨਹਾ ਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਦੁੱਖ ਦਾ ਇਜ਼ਹਾਰ; ਰਾਹਤ ਕਾਰਜਾਂ ’ਚ ਤੇਜ਼ੀ ਲਿਆਉਣ ਦੀ ਮੰਗ

ਸ੍ਰੀਨਗਰ- ਇਥੇ ਸ਼ਹਿਰ ਦੇ ਬਾਹਰਵਾਰ ਜੇਹਲਮ ਦਰਿਆ ਵਿਚ ਕਿਸ਼ਤੀ ਡੁੱਬਣ ਨਾਲ ਅੱਜ ਛੇ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਮੌਕੇ ਕਿਸ਼ਤੀ ਉੱਤੇ ਬਹੁਤੇ ਬੱਚੇ ਸਵਾਰ ਸਨ, ਜੋ ਸਕੂਲ ਜਾ ਰਹੇ ਸਨ। ਕਸ਼ਮੀਰ ਵਾਦੀ ਵਿਚ ਪਿਛਲੇ ਕੁਝ ਦਿਨਾਂ ਦੌਰਾਨ ਲਗਾਤਾਰ ਪਏ ਮੀਂਹ ਕਰਕੇ ਪਾਣੀ ਦਾ ਪੱਧਰ ਵਧਣ ਕਰਕੇ ਦਰਿਆ ਚੜ੍ਹਿਆ ਹੋਇਆ ਸੀ। ਹਾਦਸਾ ਸਵੇਰੇ ਅੱਠ ਵਜੇ ਦੇ ਕਰੀਬ ਗੰਡਬਲ ਨੌਗਾਮ ਇਲਾਕੇ ਵਿਚ ਵਾਪਰਿਆ ਤੇ ਇਸ ਦੌਰਾਨ ਛੇ ਵਿਅਕਤੀਆਂ ਨੂੰ ਖਿੱਚ ਕੇ ਦਰਿਆ ਵਿਚੋਂ ਬਾਹਰ ਕੱਢਿਆ ਗਿਆ। ਉਂਜ ਅਜੇ ਤੱਕ ਇਹ ਸਪਸ਼ਟ ਨਹੀਂ ਕਿ ਕਿਸ਼ਤੀ ’ਤੇ ਕਿੰਨੇ ਵਿਅਕਤੀ ਸਵਾਰ ਸਨ।

ਸ੍ਰੀਨਗਰ ਦੇ ਡਿਪਟੀ ਕਮਿਸ਼ਨਰ ਬਿਲਾਲ ਮੋਹੀ-ਉੱਦ-ਦੀਨ ਭੱਟ ਨੇ ਕਿਹਾ ਕਿ ਹਾਦਸੇ ਵਿਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਤੇ ਉਨ੍ਹਾਂ ਦੀਆਂ ਲਾਸ਼ਾਂ ਪਾਣੀ ਵਿਚੋਂ ਬਾਹਰ ਕੱਢ ਲਈਆਂ ਹਨ। ਭੱਟ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਬਦਕਿਸਮਤੀ ਨਾਲ ਛੇ ਵਿਅਕਤੀ ਮਾਰੇ ਗਏ ਹਨ ਜਦੋਂ ਕਿ ਛੇ ਹੋਰਨਾਂ ਨੂੰ ਅਸੀਂ ਬਚਾਅ ਲਿਆ ਹੈ…ਇਨ੍ਹਾਂ ਵਿਚੋਂ ਤਿੰਨ ਜਣੇ ਉਪਚਾਰ ਅਧੀਨ ਪਰ ਸਥਿਰ ਹਨ। ਬਾਕੀ ਤਿੰਨ ਆਪਣੇ ਘਰਾਂ ਵਿਚ ਹਨ।’’ ਉਨ੍ਹਾਂ ਕਿਹਾ, ‘‘ਮੰਦਭਾਗਾ ਹਾਦਸਾ ਸਵੇਰੇ ਪੌਣੇ ਅੱਠ ਤੋਂ ਅੱਠ ਵਜੇ ਦੇ ਕਰੀਬ ਵਾਪਰਿਆ। ਅਸੀਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ਼ਤੀ ’ਤੇ ਕਿੰਨੇ ਲੋਕ ਸਵਾਰ ਸਨ, ਪਰ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਕਿਸ਼ਤੀ ’ਤੇ ਸੱਤ ਨਾਬਾਲਗਾਂ ਸਣੇ 15 ਵਿਅਕਤੀ ਸਨ।’’ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਹਤ ਕਾਰਜ ਜਾਰੀ ਹਨ। ਭੱਟ ਨੂੰ ਜਦੋਂ ਪੁੱਛਿਆ ਕਿ ਵੱਖ ਵੱਖ ਦਰਿਆਵਾਂ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਕੀ ਪ੍ਰਸ਼ਾਸਨ ਨੇ ਲੋਕਾਂ ਨੂੰ ਕੋਈ ਚੇਤਾਵਨੀ ਜਾਰੀ ਕੀਤੀ ਸੀ, ਤਾਂ ਉਨ੍ਹਾਂ ਕਿਹਾ ਕਿ ਦਰਿਆਵਾਂ ਕੰਢੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਜ਼ਰੂਰ ਕੀਤਾ ਗਿਆ ਸੀ। ਕਿਸ਼ਤੀ ’ਤੇ ਲੋੜੋਂ ਵੱਧ ਵਿਅਕਤੀਆਂ ਦੇ ਸਵਾਰ ਹੋਣ ਬਾਰੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ, ‘‘ਅਸੀਂ ਇਸ ਦੀ ਜਾਂਚ ਕਰੇ ਰਹੇ ਹਾਂ।’’ ਹਾਦਸੇ ਮਗਰੋਂ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਜਿਨ੍ਹਾਂ ਵਿਚ ਡਿਵੀਜ਼ਨਲ ਕਮਿਸ਼ਨਰ ਕਸ਼ਮੀਰ, ਆਈਜੀਪੀ ਕਸ਼ਮੀਰ, ਡਿਪਟੀ ਕਮਿਸ਼ਨਰ ਸ੍ਰੀਨਗਰ ਤੇ ਐੱਸਐੱਸਪੀ ਸ੍ਰੀਨਗਰ ਸ਼ਾਮਲ ਸਨ, ਨੇ ਮੌਕੇ ’ਤੇ ਜਾ ਕੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਉਧਰ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਤੇ ਕੋਈ ਹੋਰ ਆਗੂਆਂ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸਿਨਹਾ ਨੇ ਕਿਹਾ ਕਿ ਉਨ੍ਹਾਂ ਲਗਾਤਾਰ ਪੂਰੇ ਹਾਲਾਤ ’ਤੇ ਨਜ਼ਰ ਬਣਾਈ ਹੋਈ ਹੈ ਤੇ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਮੁਹੱਈਆ ਕੀਤੀ ਜਾ ਰਹੀ ਹੈ। ਨੈਸ਼ਨਲ ਕਾਨਫਰੰਸ ਆਗੂ ਫ਼ਾਰੂਕ ਅਬਦੁੱਲਾ ਤੇ ਉਮਰ ਅਬਦੁੱਲਾ, ਪੀਡੀਪੀ ਆਗੂ ਮਹਿਬੂਬਾ ਮੁਫ਼ਤੀ, ਸੀਪੀਆਈ(ਐੱਮ) ਆਗੂ ਐੱਮ.ਵਾਈ. ਤਾਰੀਗਾਮੀ ਤੇ ਅਪਨੀ ਪਾਰਟੀ ਮੁਖੀ ਅਲਤਾਫ਼ ਬੁਖਾਰੀ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ।