ਜੰਮੂ ਕਸ਼ਮੀਰ ’ਚ ਵਿਦੇਸ਼ੀ ਅਤਿਵਾਦੀਆਂ ਦੀ ਘੁਸਪੈਠ ਕਰਵਾ ਰਿਹੈ ਪਾਕਿ: ਆਰਮੀ ਕਮਾਂਡਰ

ਜੰਮੂ ਕਸ਼ਮੀਰ ’ਚ ਵਿਦੇਸ਼ੀ ਅਤਿਵਾਦੀਆਂ ਦੀ ਘੁਸਪੈਠ ਕਰਵਾ ਰਿਹੈ ਪਾਕਿ: ਆਰਮੀ ਕਮਾਂਡਰ

ਰਾਜੌਰੀ ਅਤੇ ਪੁਣਛ ਜ਼ਿਲ੍ਹਿਆਂ ’ਚ ਦੋ ਦਰਜਨ ਤੋਂ ਵੱਧ ਵਿਦੇਸ਼ੀ ਅਤਿਵਾਦੀ ਸਰਗਰਮ ਹੋਣ ਦਾ ਦਾਅਵਾ

ਜੰਮੂ- ਨਾਰਦਰਨ ਆਰਮੀ ਕਮਾਂਡਰ ਲੈਫ਼ਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਹੈ ਕਿ ਪਾਕਿਸਤਾਨ ਜੰਮੂ ਕਸ਼ਮੀਰ ’ਚ ਵਿਦੇਸ਼ੀ ਅਤਿਵਾਦੀਆਂ ਦੀ ਘੁਸਪੈਠ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਤਿਵਾਦੀਆਂ ਨਾਲ ਪਾਕਿਸਤਾਨ ਦੇ ਸੇਵਾਮੁਕਤ ਜਵਾਨ ਵੀ ਰਲੇ ਹੋਏ ਹਨ। ਰਾਜੌਰੀ ਜ਼ਿਲ੍ਹੇ ਦੀ ਧਰਮਸਾਲ ਪੱਟੀ ਦੇ ਬਾਜੀਮਾਲ ਇਲਾਕੇ ’ਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਪੰਜ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੈਫ਼ਟੀਨੈਂਟ ਜਨਰਲ ਨੇ ਕਿਹਾ ਕਿ ਰਾਜੌਰੀ ਅਤੇ ਪੁਣਛ ਜ਼ਿਲ੍ਹਿਆਂ ਨੂੰ ਦੋ ਦਰਜਨ ਤੋਂ ਵੱਧ ਵਿਦੇਸ਼ੀ ਅਤਿਵਾਦੀਆਂ ਤੋਂ ਮੁਕਤ ਕਰਾਉਣ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋ ਵਿਦੇਸ਼ੀ ਅਤਿਵਾਦੀਆਂ ਨੂੰ ਮਾਰ ਮੁਕਾਉਣ ਨਾਲ ਪਾਕਿਸਤਾਨ ਨੂੰ ਖ਼ਿੱਤੇ ’ਚ ਅਸ਼ਾਂਤੀ ਫੈਲਾਉਣ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ। ਲੈਫ਼ਟੀਨੈਂਟ ਜਨਰਲ ਦਿਵੇਦੀ ਨੇ ਕਿਹਾ ਕਿ ਸਥਾਨਕ ਲੋਕਾਂ ਖਾਸ ਕਰਕੇ ਨੌਜਵਾਨਾਂ ਦੇ ਅਤਿਵਾਦੀ ਜਥੇਬੰਦੀਆਂ ’ਚ ਸ਼ਾਮਲ ਨਾ ਹੋਣ ਦਾ ਰੁਝਾਨ ਘਟਣ ਕਰਕੇ ਪਾਕਿਸਤਾਨ ਵਿਦੇਸ਼ੀ ਅਤਿਵਾਦੀਆਂ ਨੂੰ ਖ਼ਿੱਤੇ ’ਚ ਭੇਜਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਪਾਕਿਸਤਾਨ ਵੱਲੋਂ ਆਉਂਦੀਆਂ ਚੋਣਾਂ ’ਚ ਅੜਿੱਕਾ ਡਾਹੁਣ ਲਈ ਹੋਰ ਅਤਿਵਾਦੀ ਭੇਜੇ ਜਾਣ ਬਾਰੇ ਪੁੱਛੇ ਗਏ ਸਵਾਲ ਦਾ ਫ਼ੌਜ ਦੇ ਅਧਿਕਾਰੀ ਨੇ ਹਾਂ ’ਚ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਪੀਰ ਪੰਜਾਲ ਦੇ ਦੱਖਣ ’ਚ ਅੰਦਾਜ਼ਨ 20 ਤੋਂ 25 ਅਤਿਵਾਦੀਆਂ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ ਅਤੇ ਫ਼ੌਜ, ਪੁਲੀਸ ਤੇ ਹੋਰ ਖ਼ੁਫ਼ੀਆ ਏਜੰਸੀਆਂ ਉਨ੍ਹਾਂ ਨੂੰ ਇਕ ਸਾਲ ਦੇ ਅੰਦਰ ਕਾਬੂ ਕਰ ਲੈਣਗੀਆਂ।