ਜੰਮੂ ਕਸ਼ਮੀਰ ’ਚ ਭਾਰੀ ਮੀਂਹ; ਮਕਾਨ ਦੇ ਮਲਬੇ ਹੇਠ ਦੱਬ ਕੇ ਔਰਤ ਦੀ ਮੌਤ

ਜੰਮੂ ਕਸ਼ਮੀਰ ’ਚ ਭਾਰੀ ਮੀਂਹ; ਮਕਾਨ ਦੇ ਮਲਬੇ ਹੇਠ ਦੱਬ ਕੇ ਔਰਤ ਦੀ ਮੌਤ

ਜੰਮੂ- ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਮਗਰੋਂ ਮਕਾਨ ਡਿੱਗਣ ਕਾਰਨ ਮਲਬੇ ਹੇਠ ਦੱਬ ਕੇ ਇੱਕ ਮਹਿਲਾ ਦੀ ਮੌਤ ਹੋ ਗਈ। ਜੰਮੂ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਡੋਡਾ ਵਿੱਚ ਇੱਕ ਫੁੱਟਬ੍ਰਿਜ ਰੁੜ੍ਹ ਗਿਆ ਅਤੇ ਪੁਣਛ ਜ਼ਿਲ੍ਹੇ ਵਿੱਚ ਇੱਕ ਹੋਰ ਮਕਾਨ ਦੀ ਛੱਤ ਡਿੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰਾਜੌਰੀ, ਰਿਆਸੀ ਅਤੇ ਰਾਮਬਨ ਜ਼ਿਲ੍ਹੇ ਨੂੰ ਜੋੜਨ ਵਾਲੀ ਲਿੰਕ ਸੜਕ ਅੱਜ ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਈ ਹੈ। ਊਧਮਪੁਰ ਜ਼ਿਲ੍ਹੇ ਦੇ ਰਾਮਨਗਰ ਇਲਾਕੇ ਵਿੱਚ ਮੀਂਹ ਦੌਰਾਨ ਇੱਕ ਕੱਚਾ ਘਰ ਡਿੱਗ ਗਿਆ, ਜਿਸ ਦੇ ਮਲਬੇ ਹੇਠ ਦੱਬ ਕੇ ਇੱਕ ਮਹਿਲਾ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜਣੇ ਵਾਲ-ਵਾਲ ਬਚ ਗਏ। ਮਲਬੇ ਹੇਠੋਂ ਮਹਿਲਾ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਇਸੇ ਤਰ੍ਹਾਂ ਭਾਰੀ ਮੀਂਹ ਮਗਰੋਂ ਡੋਡਾ, ਕਿਸ਼ਤਵਾੜ, ਰਾਮਬਨ, ਊਧਮਪੁਰ, ਕਠੂਆ, ਸਾਂਬਾ, ਪੁਣਛ, ਰਿਆਸੀ, ਜੰਮੂ ਅਤੇ ਰਾਜੌਰੀ ਜ਼ਿਲ੍ਹਿਆਂ ਵਿੱਚ ਤਾਜ਼ਾ ਹੜ੍ਹ ਆਏ ਹਨ। ਡੋਡਾ ਵਿੱਚ ਗੰਡੋਹ ਦੇ ਕਲਜੁਗਾਸਰ ਵਿੱਚ ਇੱਕ ਫੁੱਟਬ੍ਰਿਜ ਹੜ੍ਹ ਦੇ ਪਾਣੀ ’ਚ ਵਹਿ ਗਿਆ। ਇਸੇ ਤਰ੍ਹਾਂ ਰਿਆਸੀ ਜ਼ਿਲ੍ਹੇ ਦੇ ਚਾਸਨਾ ਇਲਾਕੇ ਵਿੱਚ ਢਿੱਗਾਂ ਡਿੱਗਣ ਕਾਰਨ ਬੁਢਲ-ਰਿਆਸੀ ਮਾਰਗ ਬੰਦ ਹੋ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸੜਕਾਂ ਦੀ ਮੁਰੰਮਤ ਬਾਰੇ ਜਾਣਕਾਰੀ ਹਾਸਲ ਕਰਨ ਮਗਰੋਂ ਸਫ਼ਰ ਕਰਨ ਦੀ ਸਲਾਹ ਦਿੱਤੀ ਹੈ।