ਜੰਮੂ ਕਸ਼ਮੀਰ: ਬਾਹਰੀ ਵੋਟਰਾਂ ਦੇ ਮੁੱਦੇ ’ਤੇ ਨੈਸ਼ਨਲ ਕਾਨਫਰੰਸ ਨੇ 22 ਨੂੰ ਸੱਦੀ ਸਰਬ ਪਾਰਟੀ ਮੀਟਿੰਗ

ਜੰਮੂ ਕਸ਼ਮੀਰ: ਬਾਹਰੀ ਵੋਟਰਾਂ ਦੇ ਮੁੱਦੇ ’ਤੇ ਨੈਸ਼ਨਲ ਕਾਨਫਰੰਸ ਨੇ 22 ਨੂੰ ਸੱਦੀ ਸਰਬ ਪਾਰਟੀ ਮੀਟਿੰਗ

ਮੁੱਖ ਚੋਣ ਅਧਿਕਾਰੀ ਦੇ 25 ਲੱਖ ਵਾਧੂ ਵੋਟਰ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਦੇ ਐਲਾਨ ਨਾਲ ਭਖਿਆ ਵਿਵਾਦ
ਸ੍ਰੀਨਗਰ – ਜੰਮੂ ਕਸ਼ਮੀਰ ’ਚ ਬਾਹਰੀ ਲੋਕਾਂ ਦੇ ਨਾਮ ਵੋਟਰ ਸੂਚੀ ’ਚ ਦਰਜ ਕੀਤੇ ਜਾਣ ਦੀ ਇਜਾਜ਼ਤ ਦੇਣ ਦਾ ਮੁੱਦਾ ਭਖ ਗਿਆ ਹੈ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਇਸ ਮੁੱਦੇ ’ਤੇ ਸਾਂਝੀ ਰਣਨੀਤੀ ਬਣਾਉਣ ਲਈ 22 ਅਗਸਤ ਨੂੰ ਆਲ ਪਾਰਟੀ ਮੀਟਿੰਗ ਸੱਦੀ ਹੈ। ਇਹ ਮੀਟਿੰਗ ਸੋਮਵਾਰ ਸਵੇਰੇ 11 ਵਜੇ ਗੁਪਕਾਰ ਇਲਾਕੇ ’ਚ ਸ੍ਰੀ ਅਬਦੁੱਲਾ ਦੀ ਰਿਹਾਇਸ਼ ’ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਹਿਰਦੇਸ਼ ਕੁਮਾਰ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਸੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵੋਟਰ ਸੂਚੀਆਂ ਦੀ ਸੁਧਾਈ ਮਗਰੋਂ ਬਾਹਰੀ ਲੋਕਾਂ ਸਮੇਤ ਕਰੀਬ 25 ਲੱਖ ਵਾਧੂ ਵੋਟਰ ਸ਼ਾਮਲ ਕੀਤੇ ਜਾ ਸਕਦੇ ਹਨ। ਧਾਰਾ 370 ਰੱਦ ਹੋਣ ਮਗਰੋਂ ਵੋਟਰ ਸੂਚੀਆਂ ’ਚ ਪਹਿਲੀ ਵਾਰ ਸੁਧਾਈ ਕੀਤੀ ਜਾ ਰਹੀ ਹੈ। ਨੈਸ਼ਨਲ ਕਾਨਫਰੰਸ ਦੇ ਤਰਜਮਾਨ ਇਮਰਾਨ ਨਬੀ ਡਾਰ ਨੇ ਕਿਹਾ ਕਿ ਸ੍ਰੀ ਅਬਦੁੱਲਾ ਨੇ ਭਾਜਪਾ ਨੂੰ ਛੱਡ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਮੁੱਖ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮੀਟਿੰਗ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਕ ਬਿਆਨ ’ਚ ਕਿਹਾ ਗਿਆ ਹੈ ਕਿ ਨੈਸ਼ਨਲ ਕਾਨਫਰੰਸ ਦੇ ਮੁਖੀ ਨੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਵਕਾਰ ਰਸੂਲ, ਕਾਰਜਕਾਰੀ ਪ੍ਰਧਾਨ ਰਮਨ ਭੱਲਾ, ਸੀਪੀਐੱਮ ਆਗੂ ਮੁਹੰਮਦ ਯੂਸੁਫ਼ ਤਾਰੀਗਾਮੀ, ਅਪਨੀ ਪਾਰਟੀ ਮੁਖੀ ਸੱਯਦ ਅਲਤਾਫ਼ ਬੁਖਾਰੀ, ਪੀਪਲਜ਼ ਕਾਨਫਰੰਸ ਚੇਅਰਮੈਨ ਸੱਜਾਦ ਗਨੀ ਲੋਨ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਨਿੱਜੀ ਤੌਰ ’ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਸਾਂਝੀ ਰਣਨੀਤੀ ਬਣਾਉਣ ਲਈ ਮੀਟਿੰਗ ’ਚ ਆਉਣ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਨੈਸ਼ਨਲ ਕਾਨਫਰੰਸ ਦੇ ਮੁੱਖ ਤਰਜਮਾਨ ਤਨਵੀਰ ਸਾਦਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੋਟਰ ਸੂਚੀ ’ਚ ਬਾਹਰੀ ਲੋਕਾਂ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਸਥਾਨਕ ਲੋਕਾਂ ਦੇ ਵੋਟਿੰਗ ਅਧਿਕਾਰਾਂ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਬਾਹਰੀ ਵਿਅਕਤੀ ਨੂੰ ਸਿਰਫ਼ ਇਸ ਲਈ ਵੋਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਇਥੇ ਆਰਜ਼ੀ ਤੌਰ ’ਤੇ ਰਹਿਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਮੁੱਖ ਚੋਣ ਅਧਿਕਾਰੀ ਦੇ ਬਿਆਨ ’ਚ ਕੋਈ ਸਪੱਸ਼ਟਤਾ ਨਹੀਂ ਹੈ। ਸਾਦਿਕ ਨੇ ਕਿਹਾ ਕਿ ਅਹਿਮ ਗੱਲ ਇਹ ਹੈ ਕਿ ਦੇਸ਼ ’ਚ ਅਜਿਹੇ ਕਈ ਸੂਬੇ ਹਨ ਜਿਥੇ ਅਜੇ ਚੋਣਾਂ ਨਹੀਂ ਹੋਈਆਂ ਹਨ। ‘ਉਹ ਸੂਬੇ ਆਪਣੇ ਲੋਕਾਂ ਨੂੰ ਇਥੇ ਭੇਜ ਸਕਦੇ ਹਨ ਅਤੇ ਉਹ ਵੋਟਰ ਵਜੋਂ ਰਜਿਸਟਰੇਸ਼ਨ ਕਰਵਾ ਕੇ ਵੋਟਿੰਗ ਕਰ ਸਕਦੇ ਹਨ। ਫਿਰ ਉਹ ਇਥੇ ਰਜਿਸਟਰੇਸ਼ਨ ਰੱਦ ਕਰਵਾ ਕੇ ਆਪਣੇ ਸੂਬਿਆਂ ’ਚ ਰਜਿਸਟਰੇਸ਼ਨ ਕਰਵਾ ਲੈਣਗੇ।’ ਉਨ੍ਹਾਂ ਸੁਰੱਖਿਆ ਬਲਾਂ ਦੇ ਵੋਟਿੰਗ ਅਧਿਕਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ’ਚ ਅਫ਼ਸਪਾ ਲਾਗੂ ਹੈ ਅਤੇ ਗੜਬੜ ਵਾਲਾ ਇਲਾਕਾ ਹੋਣ ਕਰਕੇ ਉਹ ਇਥੇ ਵੋਟਿੰਗ ਨਹੀਂ ਕਰ ਸਕਦੇ ਹਨ ਤਾਂ ਫਿਰ ਸੁਰੱਖਿਆ ਬਲਾਂ ਦੇ ਜਵਾਨ ਸਥਾਨਕ ਵੋਟਰ ਵਜੋਂ ਕਿਵੇਂ ਰਜਿਸਟਰੇਸ਼ਨ ਕਰਵਾ ਸਕਦੇ ਹਨ।