ਜੰਮੂ ਕਸ਼ਮੀਰ ਦੇ ਲੋਕਾਂ ਕੋਲ ਕੋਈ ਅਧਿਕਾਰ ਨਹੀਂ: ਮਹਿਬੂਬਾ

ਭਾਜਪਾ ’ਤੇ ਸਿਆਸੀ ਮੰਤਵ ਲਈ ਕਸ਼ਮੀਰੀ ਪੰਡਿਤਾਂ ਦੀ ਪੀੜ ਨੂੰ ਹਥਿਆਰ ਵਜੋਂ ਵਰਤਣ ਦਾ ਦੋਸ਼

ਜੰਮੂ – ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਜੰਮੂ ਕਸ਼ਮੀਰ ਵਿੱਚ ਕਥਿਤ ਤੌਰ ’ਤੇ ਵਧ ਰਹੇ ਲੋਕ ਰੋਹ ਨੂੰ ਲੈ ਕੇ ਉਪ ਰਾਜਪਾਲ ਪ੍ਰਸ਼ਾਸਨ ਨੂੰ ਕਰੜੇ ਹੱਥੀਂ ਲੈਂਦਿਆਂ ਅੱਜ ਕਿਹਾ ਕਿ ਕੇਂਦਰੀ ਸ਼ਾਸਿਤ ਪ੍ਰਦੇਸ਼ ਅਜਿਹੇ ਚੌਰਾਹੇ ’ਤੇ ਖੜ੍ਹਾ ਹੈ, ਜਿੱਥੇ ਲੋਕਾਂ ਕੋਲ ਨਾ ਤਾਂ ਕੋਈ ਅਧਿਕਾਰ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਉਠਾਉਣ ਲਈ ਕੋਈ ਮੰਚ। ਉਨ੍ਹਾਂ ਨੇ ਭਾਜਪਾ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਉਹ ਸਿਆਸੀ ਉਦੇਸ਼ਾਂ ਦੀ ਪੂਰਤੀ ਲਈ ਕਸ਼ਮੀਰੀ ਪੰਡਿਤਾਂ ਦੀ ਪੀੜ ਅਤੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਹਥਿਆਰ ਵਜੋਂ ਵਰਤ ਰਹੀ ਹੈ। ਸਾਬਕਾ ਮੁੱਖ ਮੰਤਰੀ ਮਹਿਬੂਬਾ ਨੇ ਜੰਮੂ ਖੇਤਰ ਦੇ ਦੂਜੇ ਦਿਨ ਦੇ ਦੌਰੇ ਦੌਰਾਨ ਵੱਖ ਵੱਖ ਵਫ਼ਦਾਂ ਨਾਲ ਮੁਲਾਕਾਤ ਮੌਕੇ ਕਿਹਾ, ‘‘ਲੋਕਾਂ ਵਿੱਚ ਗੁੱਸਾ ਵਧ ਰਿਹਾ ਹੈ, ਜਦਕਿ ਉਪ ਰਾਜਪਾਲ ਦਾ ਪ੍ਰਸ਼ਾਸਨ ਆਪਣੀਆਂ ਫਰਜ਼ੀ ਪ੍ਰਾਪਤੀਆਂ ਦੇ ਦਿਖਾਵੇ ਵਿੱਚ ਮਸ਼ਰੂਫ਼ ਹੈ ਤਾਂ ਕਿ ਭਾਜਪਾ ਨੇ ਜੋ ਕਸ਼ਮੀਰ ਨਾਲ ਕੀਤਾ ਹੈ, ਉਸ ਨੂੰ ਜਾਇਜ਼ ਠਹਿਰਾਇਆ ਜਾ ਸਕੇ।’’ ਮਹਿਬੂਬਾ ਨੇ ਦੋਸ਼ ਲਾਇਆ, ‘‘ਲਾਲ ਫੀਤਾਸ਼ਾਹੀ, ਜਮੂਦ ਅਤੇ ਲੋਕ ਰੋਹ ਕਾਰਨ ਪ੍ਰਸ਼ਾਸਨ ਨੇ ਆਮ ਲੋਕਾਂ ਦੇ ਮੁੱਦਿਆਂ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ। ਸਿੱਟੇ ਵਜੋਂ, ਜੰਮੂ ਕਸ਼ਮੀਰ ਅੱਜ ਅਜਿਹੇ ਚੌਰਾਹੇ ’ਤੇ ਹੈ, ਜਿੱਥੇ ਨਾਗਰਿਕਾਂ ਕੋਲ ਨਾ ਤਾਂ ਅਧਿਕਾਰ ਹੈ ਅਤੇ ਨਾ ਹੀ ਆਪਣੀਆਂ ਸ਼ਿਕਾਇਤਾਂ ਰੱਖਣ ਦਾ ਕੋਈ ਮੰਚ।’’