ਜੰਗ ਰੋਕਣ ਲਈ ਕੂਟਨੀਤਕ ਕੋਸ਼ਿਸ਼ਾਂ ਤੇਜ਼

ਜੰਗ ਰੋਕਣ ਲਈ ਕੂਟਨੀਤਕ ਕੋਸ਼ਿਸ਼ਾਂ ਤੇਜ਼

ਬਾਇਡਨ ਅਤੇ ਅਰਬ ਮੁਲਕਾਂ ਨੇ ਆਮ ਲੋਕਾਂ ਤੱਕ ਸਹਾਇਤਾ ਪਹੁੰਚਾਉਣ ਲਈ ਦਿੱਤਾ ਸੁਝਾਅ

  • ਬਲਿੰਕਨ ਸ਼ਾਂਤੀ ਲਈ ਅੱਜ ਮੁੜ ਅਰਬ ਮੁਲਕਾਂ ਦੇ ਦੌਰੇ ’ਤੇ
  • ਸੌ ਹੋਰ ਵਿਦੇਸ਼ੀ ਮਿਸਰ ਅਤੇ 260 ਟਰੱਕ ਰਾਹਤ ਸਮੱਗਰੀ ਲੈ ਕੇ ਗਾਜ਼ਾ ਪੱਟੀ ਪੁੱਜੇ

ਰਾਫ਼ਾਹ- ਹੁਣ ਜਦੋਂ ਇਜ਼ਰਾਇਲੀ ਫ਼ੌਜ ਗਾਜ਼ਾ ਸਿਟੀ ਵੱਲ ਲਗਾਤਾਰ ਅੱਗੇ ਵੱਧ ਰਹੀ ਹੈ ਤਾਂ ਅਮਰੀਕਾ ਅਤੇ ਅਰਬ ਮੁਲਕਾਂ ਨੇ ਜੰਗਬੰਦੀ ਤੇ ਹਮਾਸ ਸ਼ਾਸਤਿ ਇਲਾਕੇ ਦੀ ਘੇਰਾਬੰਦੀ ਖ਼ਤਮ ਕਰਨ ਦੇ ਯਤਨ ਤੇਜ਼ ਕਰ ਦਿੱਤੇ ਹਨ। ਉਨ੍ਹਾਂ ਆਮ ਨਾਗਰਿਕਾਂ ਤੱਕ ਸਹਾਇਤਾ ਪਹੁੰਚਾਉਣ ਦੇ ਉਦੇਸ਼ ਨਾਲ ਥੋੜੇ ਸਮੇਂ ਲਈ ਜੰਗਬੰਦੀ ਦਾ ਸੱਦਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਮਾਨਵੀ ਜੰਗਬੰਦੀ ਦਾ ਸੁਝਾਅ ਦਿੱਤਾ ਹੈ। ਇਸੇ ਉਦੇਸ਼ ਤਹਤਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਸ਼ੁੱਕਰਵਾਰ ਨੂੰ ਮੁੜ ਇਜ਼ਰਾਈਲ ਅਤੇ ਜਾਰਡਨ ਦੇ ਦੌਰੇ ’ਤੇ ਆ ਰਹੇ ਹਨ। ਉਹ ਮੱਧ ਪੂਰਬ ਦੇ ਹੋਰ ਮੁਲਕਾਂ ਦਾ ਵੀ ਦੌਰਾ ਕਰ ਸਕਦੇ ਹਨ। ਇਜ਼ਰਾਈਲ ਨੇ ਅਜੇ ਤੱਕ ਬਾਇਡਨ ਦੇ ਬਿਆਨ ’ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਉਂਜ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਜੰਗਬੰਦੀ ਦੀ ਮੰਗ ਨੂੰ ਖਾਰਜ ਕਰਦੇ ਆ ਰਹੇ ਹਨ। ਇਸ ਦੌਰਾਨ ਅਮਰੀਕਾ, ਮਿਸਰ, ਇਜ਼ਰਾਈਲ ਅਤੇ ਕਤਰ ਵਿਚਕਾਰ ਸਮਝੌਤੇ, ਜੋ ਹਮਾਸ ਨਾਲ ਵਿਚੋਲਗੀ ਕਰਦਾ ਹੈ, ਤਹਤਿ 335 ਵਿਦੇਸ਼ੀ ਪਾਸਪੋਰਟ ਧਾਰਕ ਅਤੇ 76 ਜ਼ਖ਼ਮੀ ਆਪਣੇ ਸਾਥੀਆਂ ਨਾਲ ਪਹਿਲੀ ਵਾਰ ਗਾਜ਼ਾ ਛੱਡ ਕੇ ਮਿਸਰ ਪੁੱਜ ਚੁੱਕੇ ਹਨ। ਵੀਰਵਾਰ ਨੂੰ ਕਰੀਬ 100 ਹੋਰ ਵਿਅਕਤੀਆਂ ਨੇ ਗਾਜ਼ਾ ਛੱਡ ਦਿੱਤਾ। ਇਜ਼ਰਾਈਲ ਨੇ ਰਾਹਤ ਸਮੱਗਰੀ ਨਾਲ ਭਰੇ 260 ਤੋਂ ਵੱਧ ਹੋਰ ਟਰੱਕਾਂ ਨੂੰ ਗਾਜ਼ਾ ’ਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਹੈ। ਅਮਰੀਕਾ ਨੇ ਕਿਹਾ ਹੈ ਕਿ ਉਹ 400 ਅਮਰੀਕੀਆਂ ਨੂੰ ਪਰਿਵਾਰਾਂ ਸਮੇਤ ਉਥੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਫਲਸਤੀਨੀ ਅਤਿਵਾਦੀਆਂ ਨੇ ਬੀਤੀ ਰਾਤ ਜੰਗ ਦੌਰਾਨ ਜਵਾਨਾਂ ’ਤੇ ਗ੍ਰਨੇਡ ਅਤੇ ਟੈਂਕ ਵਿਰੋਧੀ ਮਜਿ਼ਾਈਲਾਂ ਦਾਗ਼ੀਆਂ। ਫਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਪੱਛਮੀ ਕੰਢੇ ’ਚ ਵੀਰਵਾਰ ਤੜਕੇ ਤਿੰਨ ਨਾਬਾਲਗਾਂ ਸਮੇਤ ਚਾਰ ਫਲਸਤੀਨੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਸਪਤਾਲਾਂ ’ਚ ਈਂਧਣ ਲਗਾਤਾਰ ਖ਼ਤਮ ਹੁੰਦਾ ਜਾ ਰਿਹਾ ਹੈ। ਗਾਜ਼ਾ ਸਿਟੀ ਦੇ ਸਭ ਤੋਂ ਵੱਡੇ ਹਸਪਤਾਲ ਸ਼ਿਫ਼ਾ ’ਚ ਸਿਰਫ਼ ਕੁਝ ਘੰਟਿਆਂ ਦੀ ਬਜਿਲੀ ਬਚੀ ਹੈ ਅਤੇ ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸਾਲਮੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਘਰਾਂ ’ਚ ਜਿੰਨਾ ਵੀ ਡੀਜ਼ਲ ਹੈ, ਉਹ ਹਸਪਤਾਲ ਨੂੰ ਦਾਨ ਕਰ ਦੇਣ ਤਾਂ ਜੋ ਜ਼ਖ਼ਮੀਆਂ ਦੀ ਜਾਨ ਬਚਾਈ ਜਾ ਸਕੇ। ਸਿਹਤ ਮੰਤਰਾਲੇ ਨੇ ਕਿਹਾ ਕਿ ਤੁਰਕਿਸ਼-ਫਲਸਤੀਨੀ ਹਸਪਤਾਲ ਈਂਧਣ ਦੀ ਘਾਟ ਕਾਰਨ ਬੁੱਧਵਾਰ ਨੂੰ ਬੰਦ ਕਰਨਾ ਪਿਆ ਜਿਸ ਕਾਰਨ ਕੈਂਸਰ ਪੀੜਤ 70 ਮਰੀਜ਼ਾਂ ਦੀ ਹਾਲਤ ਵਿਗੜ ਗਈ। ਉੱਤਰੀ ਗਾਜ਼ਾ ’ਚ ਇੰਡੋਨੇਸ਼ੀਅਨ ਹਸਪਤਾਲ ’ਚ ਜਬਾਲੀਆ ਹਮਲੇ ’ਚ ਜ਼ਖ਼ਮੀ ਹੋਏ ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਈਂਧਣ ਬਚਾਉਣ ਲਈ ਜ਼ਿਆਦਾਤਰ ਬੱਤੀਆਂ ਬੰਦ ਕਰਨ ਲਈ ਮਜਬੂਰ ਹੋਣਾ ਪਿਆ। ਫਲਸਤੀਨ ਦਾ ਮੰਨਣਾ ਹੈ ਕਿ ਜੇਕਰ ਈਂਧਣ ਨਾ ਮਿਲਿਆ ਤਾਂ ਵੱਡੀ ਬਿਪਤਾ ਦਾ ਸਾਹਮਣਾ ਕਰਨਾ ਪਵੇਗਾ।