ਜੰਗ ਦੌਰਾਨ ਫਲਸਤੀਨੀਆਂ ਵੱਲੋਂ ਰਮਜ਼ਾਨ ਦੀ ਸ਼ੁਰੂਆਤ

ਜੰਗ ਦੌਰਾਨ ਫਲਸਤੀਨੀਆਂ ਵੱਲੋਂ ਰਮਜ਼ਾਨ ਦੀ ਸ਼ੁਰੂਆਤ

ਗਾਜ਼ਾ ਦੀਆਂ ਢਹਿ-ਢੇਰੀ ਹੋਈਆਂ ਇਮਾਰਤਾਂ ਸਾਹਮਣੇ ਪੜ੍ਹੀਆਂ ਜਾ ਰਹੀਆਂ ਨੇ ਨਮਾਜ਼ਾਂ
ਰਫਾਹ- ਫਲਸਤੀਨੀਆਂ ਨੇ ਰਮਜ਼ਾਨ ਦੌਰਾਨ ਅੱਜ ਰੋਜ਼ੇ ਰੱਖਣੇ ਸ਼ੁਰੂ ਕਰ ਦਿੱਤੇ ਹਨ। ਮੁਸਲਮਾਨਾਂ ਦਾ ਇਹ ਪਵਿੱਤਰ ਮਹੀਨਾ ਅਜਿਹੇ ਸਮੇਂ ਸ਼ੁਰੂ ਹੋਇਆ ਹੈ ਜਦੋਂ ਜੰਗਬੰਦੀ ਬਾਰੇ ਗੱਲਬਾਤ ਰੁਕੀ ਹੋਈ ਹੈ। ਗਾਜ਼ਾ ਪੱਟੀ ਵਿੱਚ ਭੁੱਖਮਰੀ ਦੇ ਹਾਲਾਤ ਬਦਤਰ ਹੋ ਗਏ ਹਨ ਅਤੇ ਇਜ਼ਰਾਈਲ ਤੇ ਹਮਾਸ ਦਰਮਿਆਨ ਪੰਜ ਮਹੀਨਿਆਂ ਤੋਂ ਚੱਲ ਰਹੀ ਲੜਾਈ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ। ਐਤਵਾਰ ਰਾਤ ਨੂੰ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਵਿਚਕਾਰ ਨਮਾਜ਼ਾਂ ਪੜ੍ਹੀਆਂ ਜਾ ਰਹੀਆਂ ਹਨ। ਕੁੱਝ ਲੋਕਾਂ ਨੇ ਖਚਾਖਚ ਭਰੇ ਕੈਪਾਂ ਨੂੰ ਲਾਈਟਾਂ ਦੀਆਂ ਲੜੀਆਂ ਨਾਲ ਸਜਾਇਆ ਹੋਇਆ ਹੈ। ਇੱਕ ਵੀਡੀਓ ਕਲਿੱਪ ਵਿੱਚ ਸਕੂਲ (ਜਿਸ ਨੂੰ ਰਾਹਤ ਕੈਂਪ ਵਿੱਚ ਬਦਲਿਆ ਗਿਆ ਹੈ) ਦੇ ਬੱਚੇ ਨ੍ਰਿਤ ਕਰਦੇ ਅਤੇ ਫੋਮ ਛਿੜਕਦੇ ਨਜ਼ਰ ਆ ਰਹੇ ਹਨ ਅਤੇ ਇੱਕ ਵਿਅਕਤੀ ਗਾ ਰਿਹਾ ਹੈ। ਹਾਲਾਂਕਿ ਪੰਜ ਮਹੀਨਿਆਂ ਤੋਂ ਜਾਰੀ ਜੰਗ ਕਾਰਨ ਜਸ਼ਨ ਮਨਾਉਣ ਲਈ ਕੁੱਝ ਨਹੀਂ ਬਚਿਆ। ਇਸ ਜੰਗ ਵਿੱਚ 30 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਗਏ ਅਤੇ ਗਾਜ਼ਾ ਦਾ ਜ਼ਿਆਦਾਤਰ ਹਿੱਸਾ ਤਬਾਹ ਹੋ ਗਿਆ ਹੈ।