ਜੰਗ-ਏ-ਆਜ਼ਾਦੀ ਯਾਦਗਾਰ ਵਿੱਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬੇਪਰਦ ਕਰਾਂਗੇ: ਮੁੱਖ ਮੰਤਰੀ

ਜੰਗ-ਏ-ਆਜ਼ਾਦੀ ਯਾਦਗਾਰ ਵਿੱਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬੇਪਰਦ ਕਰਾਂਗੇ: ਮੁੱਖ ਮੰਤਰੀ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਜੰਗ-ਏ-ਆਜ਼ਾਦੀ ਯਾਦਗਾਰ ’ਚ ਲੋਕਾਂ ਦੇ ਪੈਸੇ ਖੁਰਦ-ਬੁਰਦ ਕਰਨ ਲਈ ਜ਼ਿੰਮੇਵਾਰ ਵਿਅਕਤੀ ਨੂੰ ਬੇਪਰਦ ਕੀਤਾ ਜਾਵੇਗਾ। ਅੱਜ ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ, “ਵਿਜੀਲੈਂਸ ਬਿਊਰੋ ਸ਼ਹੀਦਾਂ ਦੀ ਯਾਦਗਾਰ ‘ਜੰਗ -ਏ-ਅਜ਼ਾਦੀ’ ਦੀ ਇਮਾਰਤ ਬਣਾਉਣ ਵਿੱਚ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਦੇ ਸਬੰਧ ਵਿੱਚ ਰਸੂਖਦਾਰ ਵਿਅਕਤੀ ਨੂੰ ਬੁਲਾ ਰਹੀ ਹੈ।’’ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਮੀਡੀਆ ਉੱਤੇ ਹਮਲਾ ਕਿਵੇਂ ਹੋਇਆ? ਭਗਵੰਤ ਮਾਨ ਨੇ ਕਿਹਾ ਕਿ ਇਹ ਮਾਮਲਾ ਮਹਾਨ ਸ਼ਹੀਦਾਂ ਦੇ ਨਾਂ ਉੱਤੇ ਬਣਾਈ ਗਈ ਯਾਦਗਾਰ ਲਈ ਵਰਤੀ 200 ਕਰੋੜ ਦੀ ਰਾਸ਼ੀ ਦੀ ਜਵਾਬਦੇਹੀ ਦਾ ਹੈ। ਉਨ੍ਹਾਂ ਕਿਹਾ ਕਿ ਕੀ ਇਹ ਪੈਸਾ ਮੀਡੀਆ ਦੇ ਨਾਮ ਉੱਤੇ ਜਾਰੀ ਕੀਤਾ ਗਿਆ? ਜੇਕਰ ਨਹੀਂ ਤਾਂ ਫੇਰ ਕਿਸੇ ਅਖ਼ਬਾਰ ਦਾ ਇਸ ਨਾਲ ਕੀ ਲੈਣਾ-ਦੇਣਾ? ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, “ਮੈਂ ਉਨ੍ਹਾਂ ਵਿੱਚੋਂ ਨਹੀਂ ਜਿਹੜੇ ਆਪਣੇ ਗੁਨਾਹਾਂ ਤੋਂ ਬਚਣ ਲਈ ਅਖਬਾਰ ਵਾਲਿਆਂ ਦੇ ਪੈਰੀਂ ਡਿੱਗਦੇ ਹਨ।” ਭਗਵੰਤ ਮਾਨ ਨੇ ਕਿਹਾ ਕਿ ਉਹ ਲੋਕਾਂ ਦੇ ਇਕ-ਇਕ ਪੈਸੇ ਦਾ ਹਿਸਾਬ ਲੈਣ ਲਈ ਜਵਾਬਦੇਹੀ ਤੈਅ ਕਰਨਗੇ।’’