ਜੋਸ਼ੀਮੱਠ: ਅਣਸੁਰੱਖਿਅਤ ਇਮਾਰਤਾਂ ਢਾਹੁਣ ਦਾ ਕੰਮ ਮੁੜ ਸ਼ੁਰੂ

ਜੋਸ਼ੀਮੱਠ: ਅਣਸੁਰੱਖਿਅਤ ਇਮਾਰਤਾਂ ਢਾਹੁਣ ਦਾ ਕੰਮ ਮੁੜ ਸ਼ੁਰੂ

ਦੇਹਰਾਦੂਨ- ਉੱਤਰਾਖੰਡ ਦੇ ਜੋਸ਼ੀਮੱਠ ਜਿੱਥੇ ਕਿ ਜ਼ਮੀਨ ਧਸਣ ਕਾਰਨ ਸੈਂਕੜੇ ਇਮਾਰਤਾਂ ਵਿੱਚ ਤਰੇੜਾਂ ਆ ਗਈਆਂ ਹਨ, ਵਿੱਚ ਅੱਜ ਮੌਸਮ ’ਚ ਸੁਧਾਰ ਹੋਣ ਮਗਰੋਂ ਅਣਸੁਰੱਖਿਅਤ ਇਮਾਰਤਾਂ ਨੂੰ ਢਾਹੁਣ ਦਾ ਕੰਮ ਮੁੜ ਸ਼ੁਰੂ ਹੋ ਗਿਆ। ਸ਼ੁੱਕਰਵਾਰ ਨੂੰ ਉੱਤਰਾਖੰਡ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਈ ਬਰਫਬਾਰੀ ਤੇ ਬਾਰਿਸ਼ ਕਾਰਨ ਠੰਢ ਕਾਫੀ ਵਧ ਗਈ ਹੈ, ਜਿਸ ਕਰ ਕੇ ਆਰਜ਼ੀ ਰਾਹਤ ਕੈਂਪਾਂ ਵਿੱਚ ਰਹਿ ਰਹੇ ਜੋਸ਼ੀਮੱਠ ਦੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ ਹਨ। ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਖੁਰਾਨਾ ਨੇ ਕਿਹਾ, ‘‘ਅਣਸੁਰੱਖਿਅਤ ਹੋਟਲਾਂ ਤੇ ਘਰਾਂ ਨੂੰ ਢਾਹੁਣ ਦਾ ਕੰਮ ਖ਼ਰਾਬ ਮੌਸਮ ਕਾਰਨ ਆਰਜ਼ੀ ਤੌਰ ’ਤੇ ਰੁਕ ਗਿਆ ਸੀ।’’ ਅਧਿਕਾਰੀਆਂ ਅਨੁਸਾਰ ਜੋਸ਼ੀਮੱਠ ਵਿੱਚ ਜ਼ਮੀਨ ਧਸਣ ਤੋਂ ਬਾਅਦ ਕਰੀਬ 849 ਮਕਾਨਾਂ ਵਿੱਚ ਤਰੇੜਾਂ ਪੈ ਗਈਆਂ ਸਨ ਅਤੇ 269 ਪਰਿਵਾਰ ਆਰਜ਼ੀ ਰਾਹਤ ਕੈਂਪਾਂ ਵਿੱਚ ਚਲੇ ਗਏ ਹਨ। ਅੱਜ ਸਵੇਰੇ ਮੌਸਮ ਸਾਫ ਹੋਣ ਤੋਂ ਬਾਅਦ ਹੋਟਲ ਮਲਾਰੀ ਇਨ ਤੇ ਮਾਊਂਟਵਿਊ ਤੋਂ ਇਲਾਵਾ ਪੀਡਬਲਿਊਡੀ ਦਾ ਇੰਸਪੈਕਸ਼ਨ ਬੰਗਲਾ ਢਾਹੁਣ ਲਈ ਡਰਿੱਲ ਮਸ਼ੀਨਾਂ ਤੇ ਬੁੱਲਡੋਜ਼ਰ ਕੰਮ ’ਤੇ ਪਰਤ ਆਏ।

ਇੱਥੇ ਜਾਰੀ ਇਕ ਸਰਕਾਰੀ ਬਿਆਨ ਵਿੱਚ ਦੱਸਿਆ ਗਿਆ, ‘‘ਜੋਸ਼ੀਮੱਠ ਵਿੱਚ ਪੀੜਤਾਂ ਨੂੰ ਰਾਹਤ ਮੁਹੱਈਆ ਕਰਵਾਉਣਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀਆਂ ਤਰਜੀਹਾਂ ’ਚ ਸ਼ਾਮਲ ਹੈ। 76 ਪਰਿਵਾਰਾਂ ਨੂੰ ਹੀਟਰ ਤੇ ਬਲੋਅਰ, 110 ਵਿਅਕਤੀਆਂ ਨੂੰ ਗਰਮ ਕੱਪੜੇ ਅਤੇ ਹੋਰ ਵਸਤਾਂ ਮੁਹੱਈਆ ਕਰਵਾਈਆਂ ਗਈਆਂ ਹਨ।’’