ਜੋਕੋਵਿਚ ਰਿਕਾਰਡ ਅੱਠਵੀਂ ਵਾਰ ਸੀਜ਼ਨ ਦੇ ਅਖੀਰ ਵਿੱਚ ਸਿਖਰਲੇ ਦਰਜੇ ’ਤੇ ਕਾਇਮ

ਜੋਕੋਵਿਚ ਰਿਕਾਰਡ ਅੱਠਵੀਂ ਵਾਰ ਸੀਜ਼ਨ ਦੇ ਅਖੀਰ ਵਿੱਚ ਸਿਖਰਲੇ ਦਰਜੇ ’ਤੇ ਕਾਇਮ

ਤੁਰਿਨ- ਏਟੀਪੀ ਫਾਈਨਲਜ਼ ਵਿੱਚ 24 ਵਾਰ ਦੇ ਗਰੈਂਡਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਨੇ ਟੈਨਿਸ ਖਿਡਾਰੀ ਹੋਲਗਰ ਰੂਨੇ ਨੂੰ 7-6 (4), 6-7 (1), 6-3 ਨਾਲ ਹਰਾਇਆ ਅਤੇ ਅੱਠਵੀਂ ਵਾਰ ਸੀਜ਼ਨ ਦੇ ਅਖੀਰ ਵਿੱਚ ਸਿਖਰਲਾ ਦਰਜਾ ਹਾਸਲ ਕਰ ਕੇ ਆਪਣਾ ਹੀ ਰਿਕਾਰਡ ਬਿਹਤਰ ਕੀਤਾ। ਜਿੱਤ ਮਗਰੋਂ ਉਸ ਨੇ ਕਿਹਾ, ‘‘ਇਹ ਕਾਫੀ ਜਜ਼ਬਾਤੀ ਅਤੇ ਮੁਸ਼ਕਲ ਜਿੱਤ ਸੀ। ਇਹ ਜਿੱਤ ਕਾਫੀ ਮਾਇਨੇ ਰੱਖਦੀ ਹੈ।’’

ਪਿਛਲੇ ਸਾਲ ਕਾਰਲੋਸ ਅਲਕਰਾਜ਼ ਸਿਖਰਲੇ ਸਥਾਨ ’ਤੇ ਰਿਹਾ ਸੀ। ਇਸ ਟੂਰਨਾਮੈਂਟ ਤੋਂ ਬਾਅਦ ਜੋਕੋਵਿਚ 400 ਹਫਤਿਆਂ ਤੱਕ ਸਿਖਰ ’ਤੇ ਰਹਿਣ ਵਾਲਾ ਖਿਡਾਰੀ ਬਣ ਜਾਵੇਗਾ। ਰੋਜਰ ਫੈਡਰਰ 310 ਹਫ਼ਤਿਆਂ ਤੱਕ ਪਹਿਲੇ ਸਥਾਨ ’ਤੇ ਰਿਹਾ ਸੀ। ਜੇ ਉਹ ਅਗਲੇ ਹਫਤੇ ਟਰਾਫੀ ਜਿੱਤ ਜਾਂਦਾ ਹੈ ਤਾਂ ਉਹ ਫੈਡਰਰ ਨੂੰ ਪਛਾੜ ਕੇ ਸੱਤ ਵਾਰ ਸੀਜ਼ਨ ਦਾ ਆਖਰੀ ਫਾਈਨਲ ਜਿੱਤਣ ਵਾਲਾ ਖਿਡਾਰੀ ਬਣ ਜਾਵੇਗਾ। ਇਸ ਦੌਰਾਨ ਇੱਕ ਹੋਰ ਮੈਚ ਵਿੱਚ ਜਾਨਿਕ ਸਿਨੇਰ ਨੇ ਸਟੇਫਾਨੋਸ ਸਿਟਸਿਪਾਸ ਨੂੰ 6-4, 6-4 ਨਾਲ ਹਰਾਇਆ।