ਜੋਕੋਵਿਚ ਨੇ 10ਵਾਂ ਆਸਟਰੇਲਿਆਈ ਓਪਨ ਖਿਤਾਬ ਜਿੱਤਿਆ

ਜੋਕੋਵਿਚ ਨੇ 10ਵਾਂ ਆਸਟਰੇਲਿਆਈ ਓਪਨ ਖਿਤਾਬ ਜਿੱਤਿਆ

ਮੈਲਬਰਨ: ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਅੱਜ ਇੱਥੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਸਟੇਫਾਨੋਸ ਸਿਟਸਿਪਾਸ ਨੂੰ 6-3, 7-6 (4), 7-6 (5) ਨਾਲ ਹਰਾ ਕੇ ਆਪਣਾ 10ਵਾਂ ਆਸਟਰੇਲਿਆਈ ਓਪਨ ਚੈਂਪੀਅਨਸ਼ਿਪ ਅਤੇ 22ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਿਆ। ਇਸ ਜਿੱਤ ਨਾਲ ਉਹ ਏਟੀਪੀ ਰੈਂਕਿੰਗ ’ਚ ਸਿਖਰ ’ਤੇ ਵਾਪਸੀ ਕਰੇਗਾ। ਹਾਰਡਕੋਰਟ ਟੂਰਨਾਮੈਂਟ ਵਿੱਚ ਇਹ ਉਸ ਦੀ ਲਗਾਤਾਰ 28ਵੀਂ ਜਿੱਤ ਹੈ। ਇਸੇ ਤਰ੍ਹਾਂ ਇਸ ਜਿੱਤ ਨਾਲ ਉਸ ਨੇ ਟੈਨਿਸ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ 22 ਗਰੈਂਡਸਲੈਮ ਖਿਤਾਬ ਜਿੱਤਣ ਵਾਲੇ ਰਾਫੇਲ ਨਡਾਲ ਦੀ ਬਰਾਬਰੀ ਕਰ ਲਈ ਹੈ।
ਜੋਕੋਵਿਚ ਪਹਿਲਾਂ ਹੀ ਰਿਕਾਰਡ ਨੌਂ ਆਸਟਰੇਲਿਆਈ ਓਪਨ ਖਿਤਾਬ ਜਿੱਤ ਚੁੱਕਾ ਸੀ, ਜਿਸ ਵਿੱਚ ਅੱਜ ਉਸ ਨੇ ਇੱਕ ਹੋਰ ਟਰਾਫੀ ਜੋੜੀ ਲਈ। ਇਸੇ ਤਰ੍ਹਾਂ ਚੈੱਕ ਗਣਰਾਜ ਦੀ ਕੈਟਰੀਨਾ ਸਿਨੀਆਕੋਵਾ ਅਤੇ ਬਾਰਬੋਰਾ ਕ੍ਰੇਜਸੀਕੋਵਾ ਨੇ ਅੱਜ ਇੱਥੇ ਜਾਪਾਨ ਦੀ ਸ਼ੁਕੋ ਆਓਯਾਮਾ ਅਤੇ ਏਨਾ ਸ਼ਿਬਾਹਾਰਾ ਨੂੰ 6-4, 6-3 ਨਾਲ ਹਰਾ ਕੇ ਆਸਟਰੇਲਿਆਈ ਓਪਨ ਮਹਿਲਾ ਡਬਲਜ਼ ਦਾ ਖਿਤਾਬ ਜਿੱਤ ਲਿਆ।