ਜੈਸ਼ੰਕਰ ਵੱਲੋਂ ਪਰਥ ’ਚ ਭਾਰਤੀ ਮੂਲ ਦੇ ਤਿੰਨ ਆਗੂਆਂ ਨਾਲ ਮੁਲਾਕਾਤ

ਜੈਸ਼ੰਕਰ ਵੱਲੋਂ ਪਰਥ ’ਚ ਭਾਰਤੀ ਮੂਲ ਦੇ ਤਿੰਨ ਆਗੂਆਂ ਨਾਲ ਮੁਲਾਕਾਤ

ਪਰਥ- ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪਰਥ ’ਚ ਭਾਰਤੀ ਮੂਲ ਦੇ ਤਿੰਨ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਕੇ ਦੁਵੱਲੇ ਸਬੰਧ ਹੋਰ ਗੂੜ੍ਹੇ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਜੈਸ਼ੰਕਰ ਇਥੇ ਦੋ ਰੋਜ਼ਾ ਹਿੰਦ ਮਹਾਸਾਗਰ ਕਾਨਫਰੰਸ ’ਚ ਹਿੱਸਾ ਲੈਣ ਲਈ ਆਏ ਹਨ। ਜੈਸ਼ੰਕਰ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਸੰਸਦ ਮੈਂਬਰਾਂ ਜ਼ੈਨੇਟਾ ਮਸਕ੍ਰੈਨਹਾਸ, ਵਰੁਣ ਘੋਸ਼ ਅਤੇ ਡਾਕਟਰ ਜਗਦੀਸ਼ ਕ੍ਰਿਸ਼ਨਨ ਨਾਲ ਮਿਲ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ। ਉਨ੍ਹਾਂ ਪੱਛਮੀ ਆਸਟਰੇਲੀਆ ਨਾਲ ਸਬੰਧ ਮਜ਼ਬੂਤ ਕਰਨ ਬਾਰੇ ਵੀ ਚਰਚਾ ਕੀਤੀ ਹੈ।

ਜ਼ੈਨੇਟਾ (43) 2022 ’ਚ ਪੱਛਮੀ ਆਸਟਰੇਲੀਆ ਦੇ ਸਵਾਨ ਤੋਂ ਆਸਟਰੇਲੀਅਨ ਪ੍ਰਤੀਨਿਧ ਸਭਾ ਲਈ ਚੁਣੀ ਗਈ ਸੀ। ਘੋਸ਼ (38) ਪੱਛਮੀ ਆਸਟਰੇਲੀਆ ’ਚ ਸੈਨੇਟਰ ਹਨ ਜਦਕਿ ਕ੍ਰਿਸ਼ਨਨ (51) 2021 ’ਚ ਰਿਵਰਟਨ ਤੋਂ ਲੇਬਰ ਦੇ ਮੈਂਬਰ ਚੁਣੇ ਗਏ ਹਨ।

ਇਸ ਦੌਰਾਨ ਜੈਸ਼ੰਕਰ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨਾਲ ਵੀ ਮੁਲਾਕਾਤ ਕੀਤੀ। ਦੋਵੇਂ ਆਗੂਆਂ ਨੇ ਦੁਵੱਲੇ ਸਹਿਯੋਗ ’ਚ ਪ੍ਰਗਤੀ ਬਾਰੇ ਚਰਚਾ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਅਹਿਦ ਵੀ ਲਿਆ। ਇਸ ਦੌਰਾਨ ਜੈਸ਼ੰਕਰ ਨੇ ਭਾਰਤ ਦੀ ਵਿਦੇਸ਼ ਨੀਤੀ ’ਚ ਨਵੀਂ ਊਰਜਾ ਅਤੇ ਨਵੇਂ ਹਿੱਤਾਂ ਦਾ ਜ਼ਿਕਰ ਕਰਦਿਆਂ ਭਾਰਤ ਅਤੇ ਆਸਟਰੇਲੀਆ ਵਿਚਕਾਰ ਵਪਾਰ ਤੇ ਨਿਵੇਸ਼ ਸਬੰਧਾਂ ’ਚ ਆਈ ਤੇਜ਼ੀ ਦਾ ਜ਼ਿਕਰ ਕੀਤਾ। ਇਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਦੇਸ਼ ਨੀਤੀ ਪਹਿਲਾਂ ਨਾਲੋਂ ਬਦਲ ਗਈ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਆਸਟਰੇਲੀਆ ਨਾਲ 2 ਕਰੋੜ ਡਾਲਰ ਤੋਂ ਵਧ ਦਾ ਵਪਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਤੇ ਆਸਟਰੇਲਿਆਈ ਫ਼ੌਜ ਵੀ ਰਲ ਕੇ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਆਪਣੇ ਆਸਟਰੇਲਿਆਈ ਹਮਰੁਤਬਾ ਪੈਨੀ ਵੋਂਗ ਨਾਲ ਮੁਲਾਕਤ ਕੀਤੀ।